
ਰੋਜ਼ਾਨਾ ਸਪੋਕਸਮੈਨ ਸੱਚ ਉਜਾਗਰ ਨਾ ਕਰਦਾ ਤਾਂ ਬਾਦਲ ਨੇ ਪਤਾ ਨਹੀਂ ਕੀ ਕਰ ਜਾਣਾ ਸੀ
ਕੋਟਕਪੂਰਾ, 14 ਜੁਲਾਈ (ਗੁਰਿੰਦਰ ਸਿੰਘ) : ਜੇਕਰ 'ਰੋਜ਼ਾਨਾ ਸਪੋਕਸਮੈਨ' ਵਲੋਂ ਸੌਦਾ ਸਾਧ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਵਾਲੀ ਕਰਤੂਤ ਜਨਤਕ ਨਾ ਕੀਤੀ ਜਾਂਦੀ ਤਾਂ ਬਾਦਲਾਂ ਨੇ ਪਤਾ ਨਹੀਂ ਕਿੰਨਾ ਕੁ ਚਿਰ ਹੋਰ ਅਪਣਾ ਵੋਟ ਬੈਂਕ ਤਿਆਰ ਕਰ ਕੇ ਸਿੱਖ ਸੰਗਤਾਂ ਨੂੰ ਗੁਮਰਾਹ ਕਰਨਾ ਸੀ, ਸੱਤਾ ਦਾ ਆਨੰਦ ਮਾਣਨ ਦੇ ਨਾਲ-ਨਾਲ ਪੰਥ ਦਾ ਹੋਰ ਘਾਣ ਕਰਨ ਤੋਂ ਗੁਰੇਜ਼ ਨਹੀਂ ਸੀ ਕਰਨਾ।
ਸਪੋਕਸਮੈਨ ਟੀ.ਵੀ. ਨਾਲ ਗੱਲਬਾਤ ਕਰਦਿਆਂ ਨਿਧੜਕ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਬੜੀ ਬੇਬਾਕੀ ਨਾਲ ਕਰਦਿਆਂ ਆਖਿਆ ਕਿ ਮਈ 2007 'ਚ ਸੌਦਾ ਸਾਧ ਦੀ ਕਰਤੂਤ ਨੂੰ 'ਸਪੋਕਸਮੈਨ' ਨੇ ਜਨਤਕ ਕੀਤਾ, ਬਠਿੰਡਾ ਵਿਖੇ ਸੌਦਾ ਸਾਧ ਵਿਰੁਧ ਮਾਮਲਾ ਦਰਜ ਹੋਇਆ, ਸੁਖਬੀਰ ਬਾਦਲ ਸੌਦਾ ਸਾਧ ਦੇ ਵੋਟ ਬੈਂਕ ਨੂੰ ਦੇਖਦਿਆਂ ਡਰਾਉਂਦਾ ਰਿਹਾ, 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤਕ ਚਲਾਨ ਪੇਸ਼ ਨਾ ਕੀਤਾ ਤੇ ਬੜੀ ਹੁਸ਼ਿਆਰੀ ਨਾਲ ਬਠਿੰਡਾ ਵਿਖੇ ਦਰਜ ਮਾਮਲਾ ਰੱਦ ਕਰ ਦਿਤਾ ਤੇ ਫਿਰ 2017 ਦੀਆਂ ਆਮ ਚੋਣਾਂ ਮੌਕੇ ਵੀ ਬਾਦਲਾਂ ਨੇ ਸੌਦਾ ਸਾਧ ਦੇ ਵੋਟ ਬੈਂਕ ਨੂੰ ਵਰਤਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾ ਹੋ ਸਕਿਆ।
Harjinder Singh Majhi
ਗੱਲਬਾਤ ਦੌਰਾਨ ਭਾਈ ਮਾਝੀ ਨੇ ਦਸਿਆ ਕਿ ਮਾਰਚ 2015 'ਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪੰਥਕ ਸਮਾਗਮ ਦੌਰਾਨ ਡੇਰਾ ਪ੍ਰੇਮੀਆਂ ਨੇ ਸੌਦਾ ਸਾਧ ਦੇ ਲਾਕਟ ਗਲਾਂ 'ਚੋਂ ਲਾਹ ਕੇ ਸੁੱਟ ਦਿਤੇ ਤੇ ਆਖਿਆ ਕਿ ਉਹ ਗੁਰੂ ਦੇ ਸਿੱਖ ਬਣ ਕੇ ਰਹਿਣਗੇ। ਇਸ ਤੋਂ ਦੁਖੀ ਡੇਰਾ ਪ੍ਰੇਮੀਆਂ ਨੇ ਅਪਣਾ ਸਾਮਰਾਜ ਖੁਸਦਿਆਂ ਦੇਖ ਕੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰੇ ਨੂੰ ਹੀ ਨਿਸ਼ਾਨਾ ਬਣਾਇਆ।
ਭਾਈ ਮਾਝੀ ਨੇ ਅਹਿਮ ਪ੍ਰਗਟਾਵਾ ਕਰਦਿਆਂ ਆਖਿਆ ਕਿ ਪਖੰਡੀ ਡੇਰੇਦਾਰਾਂ ਦੇ ਵੋਟ ਬੈਂਕ ਦੇ ਆਸਰੇ ਹੀ ਸੁਖਬੀਰ ਸਿੰਘ ਬਾਦਲ ਵਲੋਂ ਲਗਾਤਾਰ 25 ਸਾਲ ਰਾਜ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਸਨ ਪਰ ਬਾਦਲਾਂ ਦੀ ਨੀਅਤ ਸਾਹਮਣੇ ਆਉਣ ਨਾਲ ਉਨ੍ਹਾਂ ਦੇ ਸੁਪਨੇ ਢਹਿ ਢੇਰੀ ਹੋ ਗਏ। ਭਾਈ ਮਾਝੀ ਨੇ ਮਾਲਵਾ ਬੈਲਟ ਦੇ ਕਈ ਹੋਰ ਪਿੰਡਾਂ 'ਚ ਪੁਲਿਸ ਵਲੋਂ ਜਬਰੀ ਰੋਕੇ ਪੰਥਕ ਦੀਵਾਨਾਂ ਦਾ ਵਿਸਥਾਰ ਸਹਿਤ ਜ਼ਿਕਰ ਕਰਦਿਆਂ ਦਸਿਆ ਕਿ ਉਸ ਸਮੇਂ ਸੌਦਾ ਸਾਧ ਦੇ ਪੋਸਟਰਾਂ ਦੀ ਰਾਖੀ ਲਈ ਪੁਲਿਸ ਤੈਨਾਤ ਕੀਤੀ ਜਾਂਦੀ ਸੀ, ਜਦਕਿ ਪੰਥਕ ਦੀਵਾਨਾਂ 'ਚ ਪ੍ਰਚਾਰਕਾਂ ਨੂੰ ਸੱਚ ਬੋਲਣ ਜਾਂ ਗੁਰਬਾਣੀ ਦੇ ਅਰਥ ਤਕ ਕਰਨ ਦੀ ਵੀ ਇਜਾਜ਼ਤ ਨਹੀਂ ਸੀ।