
ਸਚਿਨ ਪਾਇਲਟ ਵਿਰੁਧ ਕਾਰਵਾਈ ਕਰ ਕੇ ਠੀਕ ਕੀਤਾ : ਜਾਖੜ
ਚੰਡੀਗੜ੍ਹ, 14 ਜੁਲਾਈ (ਐਸ.ਐਸ. ਬਰਾੜ) : ਰਾਹੁਲ ਗਾਂਧੀ ਬ੍ਰਿਗੇਡ ਦੇ ਨਾਮ ਨਾਲ ਜਾਣੇ ਜਾਂਦੇ ਕੋਈ ਅੱਧੀ ਦਰਜਨ ਨੌਜਵਾਨ ਨੇਤਾਵਾਂ ਨੂੰ ਵੱਖ-ਵੱਖ ਸੂਬਿਆਂ 'ਚ ਝਟਕੇ ਦੇ ਕੇ ਪਹਿਲੀ ਕਤਾਰ 'ਚੋਂ ਪਿਛੇ ਸੁੱਟ ਦਿਤਾ ਗਿਆ ਹੈ। ਰਾਜਸਥਾਨ ਦੇ ਨੌਜਵਾਨ ਨੇਤਾ ਸਚਿਨ ਪਾਇਲਟ ਜੋ ਰਾਹੁਲ ਗਾਂਧੀ ਦੇ ਬਹੁਤ ਕਰੀਬੀਆਂ 'ਚ ਮੰਨੇ ਜਾਂਦੇ ਸਨ ਅਤੇ ਰਾਜਸਥਾਨ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਨਾਲ ਡਿਪਟੀ ਮੁੱਖ ਮੰਤਰੀ ਵੀ ਸਨ, ਨੂੰ ਵੀ ਅੱਜ ਝਟਕਾ ਦੇ ਕੇ ਸਾਰੇ ਅਹੁਦਿਆਂ ਤੋਂ ਮੁਕਤ ਕਰ ਦਿਤਾ ਗਿਆ।
ਪਿਛਲੇ ਕਈ ਸਾਲਾਂ ਤੋਂ ਸੀਨੀਅਰ ਕਾਂਗਰਸੀ ਨੇਤਾਵਾਂ ਨੂੰ ਪਾਸੇ ਕਰ ਕੇ ਕਾਂਗਰਸ 'ਚ ਇਸ ਬ੍ਰਿਗੇਡ ਨੂੰ ਅਹਿਮ ਭੂਮਿਕਾ ਦਿਤੀ ਗਈ। ਸੀਨੀਅਰ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੀ ਇਸ ਕਾਰਵਾਈ ਤੋਂ ਪ੍ਰੇਸ਼ਾਨ ਸਨ ਅਤੇ ਕਈ ਰਾਜਾਂ 'ਚ ਸੀਨੀਅਰ ਕਾਂਗਰਸੀ ਨੇਤਾਵਾਂ ਅਤੇ ਰਾਹੁਲ ਬ੍ਰਿਗੇਡ 'ਚ ਸਿਆਸੀ ਸੰਕਟ ਵੀ ਖੜ੍ਹਾ ਹੁੰਦਾ ਰਿਹਾ। ਮਹਾਂਰਾਸ਼ਟਰ ਕਾਂਗਰਸ ਦੇ ਪ੍ਰਧਾਨ ਦਿਉੜਾ ਦੀ ਛੁੱਟੀ ਕੀਤੀ ਗਈ। ਜੀਵਨ ਪ੍ਰਸਾਦ, ਸੰਦੀਪ ਦੀਕਸ਼ਿਤ, ਅਸ਼ੋਕ ਤੰਵਰ, ਜੋਤੀਰਾਏ ਦਿਤੀਆ ਸਿੰਧੀਆ ਅਤੇ ਹੁਣ ਸਚਿਨ ਪਾਇਲਟ ਨੂੰ ਝਟਕਾ ਦਿਤਾ ਗਿਆ, ਪ੍ਰੰਤੂ ਪਿਛਲੇ ਦੋ-ਤਿੰਨ ਸਾਲਾਂ ਤੋਂ ਰਾਹੁਲ ਨੇ ਅਪਣਾ ਹੱਥ ਪਿਛੇ ਖਿਚ ਲਿਆ ਅਤੇ ਸੀਨੀਅਰ ਨੇਤਾਵਾਂ ਉਪਰ ਭਰੋਸਾ ਜਤਾਇਆ।
ਪੰਜਾਬ ਕਾਂਗਰਸ ਦੇ ਲਗਭਗ ਸਾਰੇ ਹੀ ਸੀਨੀਅਰ ਨੇਤਾ ਇਸ ਕਾਰਵਾਈ ਤੋਂ ਖੁਸ਼ ਹਨ। ਉੁਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਨੂੰ ਲੋੜ ਤੋਂ ਵੱਧ ਅਹਿਮੀਅਤ ਦਿਤੀ ਗਈ ਅਤੇ ਅਖੀਰ ਉਹ ਹਾਈਕਮਾਨ ਨੂੰ ਹੀ ਅੱਖਾਂ ਵਿਖਾਉਣ ਲੱਗ ਪਏ। ਰਾਜਸਥਾਨ 'ਚ ਜੋ ਕਾਰਵਾਈ ਕੀਤੀ ਗਈ ਉਹ ਬਿਲਕੁਲ ਠੀਕ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਹਾਈਕਮਾਨ ਨੇ ਜੋ ਕਾਰਵਾਈ ਕੀਤੀ ਉਹ ਬਿਲਕੁਲ ਠੀਕ ਹੈ।
ਰਾਹੁਲ ਗਾਂਧੀ ਨੇ ਇਨ੍ਹਾਂ 'ਚ ਭਰੋਸਾ ਪ੍ਰਗਟ ਕਰ ਕੇ ਅਹਿਮ ਅਹੁਦੇ ਦਿਤੇ ਪ੍ਰੰਤੂ ਇਨ੍ਹਾਂ ਨੇ ਉਸ ਭਰੋਸੇ ਨੂੰ ਤੋੜਿਆ। ਰਾਹੁਲ ਗਾਂਧੀ ਵਲੋਂ ਕੀਤੇ ਗਏ ਭਰੋਸੇ 'ਤੇ ਇਨ੍ਹਾਂ ਨੂੰ ਪੂਰੇ ਉਤਰਨਾ ਚਾਹੀਦਾ ਸੀ, ਪ੍ਰੰਤੂ ਇਨ੍ਹਾਂ ਨੇ ਬਗ਼ਾਵਤ ਦਾ ਰਾਹ ਪਕੜ ਲਿਆ। ਜਾਖੜ ਨੇ ਕਿਹਾ ਕਿ ਜੇਕਰ ਕੋਈ ਗੁੱਸਾ ਹੈ, ਤਾਂ ਪਾਰਟੀ ਦੇ ਅੰਦਰ ਬੈਠ ਕੇ ਅਪਣੀ ਗੱਲ ਕਰੋ। ਸੀਨੀਅਰ ਨੇਤਾਵਾਂ ਤੋਂ ਤਜਰਬਾ ਹਾਸਲ ਕਰ ਕੇ ਅੱਗੇ ਵਧਣ, ਸਬਰ ਰਖਣਾ ਵੀ ਬਹੁਤ ਜ਼ਰੂਰੀ ਹੈ। ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਅਨੁਸ਼ਾਸਨ ਦੀ ਸੀਮਾ ਨਹੀਂ ਤੋੜੀ।
Rajinder Kaur Bhathal
ਉਹ ਅਨੁਸ਼ਾਸਨ 'ਚ ਰਹੇ ਹਨ। ਉੁਨ੍ਹਾਂ ਪਾਰਟੀ ਲਈ ਕੀਤੇ ਕੰਮਾਂ ਦੀ ਪ੍ਰਸ਼ੰਸਾ ਵੀ ਕੀਤੀ ਜਾ ਰਹੀ ਹੈ। ਜੇ ਉੁਨ੍ਹਾਂ ਨੂੰ ਵੀ ਕੋਈ ਗਿਲਾ-ਸ਼ਿਕਵਾ ਹੈ ਤਾਂ ਉਹ ਪਾਰਟੀ ਦੇ ਅੰਦਰ ਉਠਾ ਸਕਦੇ ਹਨ। ਬੀਬੀ ਰਜਿੰਦਰ ਕੌਰ ਭੱਠਲ ਦਾ ਕਹਿਣਾ ਹੈ ਕਿ 'ਨਵਾਂ ਖੂਨ ਅਤੇ ਪੁਰਾਣਾ ਤਜਰਬਾ' ਪਾਰਟੀ ਲਈ ਦੋਵੇਂ ਹੀ ਬਹੁਤ ਅਹਿਮ ਹਨ। ਨੌਜਵਾਨ ਨੇਤਾਵਾਂ ਨੂੰ ਪੁਰਾਣੇ ਨੇਤਾਵਾਂ ਤੋਂ ਤਜਰਬਾ ਹਾਸਲ ਕਰ ਕੇ ਅੱਗੇ ਵਧਣਾ ਚਾਹੀਦਾ ਹੈ। ਨੌਜਵਾਨ ਪਾਰਟੀ ਦਾ ਭਵਿੱਖ ਹਨ। ਉੁਨ੍ਹਾਂ 'ਚ ਜ਼ੋਸ਼ ਅਤੇ ਸੰਘਰਸ਼ ਕਰਨ ਦੀ ਸ਼ਕਤੀ ਹੈ, ਪ੍ਰੰਤੂ ਨਾਲ ਹੋਸ਼, ਡੂੰਘੀ ਸੋਚ ਅਤੇ ਤਜਰਬਾ ਵੀ ਬਹੁਤ ਅਹਿਮੀਅਤ ਰਖਦਾ ਹੈ।