
ਸਾਬਕਾ ਮੰਤਰੀ ਸਿਰਫ਼ ਸਿਆਸਤ ਕਰਨ ਤੇ ਫੋਟੋਆਂ ਖਿਚਵਾਉਣ ਲਈ ਹੀ ਸਵੇਰ ਤੋਂ ਆਪਣੇ ਸਾਥੀਆਂ ਨਾਲ ਗੱਡੀਆਂ 'ਚ ਬੈਠ ਕੇ ਪਿੰਡਾਂ ਵਿਚੋਂ ਲੰਘ ਰਹੇ ਹਨ - ਪਿੰਡ ਵਾਸੀ
ਪੱਟੀ : ਪੱਟੀ ਵਿਧਾਨ ਸਭਾ ਹਲਕੇ ਦੇ ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਗਏ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਉਹਨਾਂ ਦੇ ਸਪੁੱਤਰ ਦਿਲਸ਼ੇਰ ਪ੍ਰਤਾਪ ਸਿੰਘ ਕੈਰੋਂ ਦਾ ਪਿੰਡ ਵਾਸੀਆਂ ਨੇ ਜ਼ਬਰਦਸਤ ਵਿਰੋਧ ਕੀਤਾ ਹੈ। ਇਸ ਦੌਰਾਨ ਪਿੰਡ ਵਾਸੀਆਂ ਨੇ ਨਾਅਰੇਬਾਜ਼ੀ ਵੀ ਕੀਤੀ। ਇਸ ਸਬੰਧੀ ਪਿੰਡ ਵਾਸੀਆਂ ਨੇ ਕਿਹਾ ਕਿ ਸਾਬਕਾ ਮੰਤਰੀ ਸਿਰਫ਼ ਸਿਆਸਤ ਕਰਨ ਤੇ ਫੋਟੋਆਂ ਖਿਚਵਾਉਣ ਲਈ ਹੀ ਸਵੇਰ ਤੋਂ ਆਪਣੇ ਸਾਥੀਆਂ ਨਾਲ ਗੱਡੀਆਂ 'ਚ ਬੈਠ ਕੇ ਪਿੰਡਾਂ ਵਿਚੋਂ ਲੰਘ ਰਹੇ ਹਨ
ਪਰ ਇਹਨਾਂ ਨੇ ਕਿਸੇ ਵੀ ਵਿਅਕਤੀ ਤੋਂ ਉਹਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਨਹੀਂ ਪੁੱਛਿਆ ਅਤੇ ਨਾ ਹੀ ਇਹ ਲੋਕਾਂ ਦੀ ਮਦਦ ਲਈ ਕੋਈ ਸਮਾਨ ਲੈ ਕੇ ਪਹੁੰਚੇ। ਉਹਨਾਂ ਕਿਹਾ ਕਿ ਕੈਰੋਂ ਪਰਿਵਾਰ ਨੇ ਪਹਿਲਾਂ ਵੀ ਸਿਰਫ਼ ਸਿਆਸਤ ਹੀ ਕੀਤੀ ਹੈ ਤੇ ਸੱਤਾ ਦਾ ਸੁੱਖ ਭੋਗਿਆ ਹੈ। ਉਹ ਜਨਤਾ ਦੀਆਂ ਮੁਸ਼ਕਿਲਾਂ ਨੂੰ ਅੱਖੋਂ ਪਰੋਖੇ ਕਰ ਕੇ ਸਿਆਸਤ ਕਰਦੇ ਰਹੇ ਤੇ ਹੁਣ ਫਿਰ ਲੰਮਾ ਸਮਾਂ ਚੰਡੀਗੜ੍ਹ ਵਿਖੇ ਆਰਾਮ ਫਰਮਾਉਣ ਉਪਰੰਤ ਸਿਰਫ਼ ਵਿਖਾਵੇ ਲਈ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਆਪਣੀਆਂ ਗੱਡੀਆਂ ਘੁੰਮਾ ਰਹੇ ਹਨ। ਪਰ ਹੁਣ ਲੋਕ ਇਹਨਾਂ ਦੀ ਕੋਝੀ ਰਾਜਨੀਤੀ ਨੂੰ ਸਮਝ ਗਏ ਹਨ ਜੋ ਕਿ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀ।