
ਹੁਣ ਸੂਬੇ 'ਚ ਦਾਖ਼ਲ ਹੋਣ ਵਾਲਿਆਂ ਲਈ ਮੁਕੰਮਲ ਟੀਕਾਕਰਨ ਜਾਂ ਆਰ.ਟੀ-ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਹੋਈ ਲਾਜ਼ਮੀ
ਕੈਪਟਨ ਵਲੋਂ ਕੀਤੀ ਗਈ ਸਮੀਖਿਆ ਮੀਟਿੰਗ, ਸਕੂਲੀ ਸਟਾਫ਼ ਲਈ ਮੁਕੰਮਲ ਟੀਕਾਕਰਨ ਜ਼ਰੂਰੀ
ਚੰਡੀਗੜ੍ਹ, 14 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੋਮਵਾਰ ਤੋਂ ਸੂਬੇ ਵਿਚ ਦਾਖ਼ਲ ਹੋਣ ਵਾਲੇ ਸਾਰੇ ਲੋਕਾਂ ਲਈ ਮੁਕੰਮਲ ਕੋਵਿਡ ਟੀਕਾਕਰਨ ਜਾਂ ਆਰ.ਟੀ-ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਲਾਜ਼ਮੀ ਕਰਨ ਦੇ ਆਦੇਸ਼ ਦਿਤੇ ਹਨ, ਖ਼ਾਸ ਕਰ ਕੇ ਹਿਮਾਚਲ ਪ੍ਰਦੇਸ਼ ਅਤੇ ਜੰਮੂ ਤੋਂ ਆਉਣ ਵਾਲੇ ਲੋਕਾਂ ਦੀ ਸਖ਼ਤ ਨਿਗਰਾਨੀ ਰੱਖਣ ਲਈ ਕਿਹਾ ਗਿਆ ਹੈ ਕਿਉਂ ਜੋ ਇਨ੍ਹਾਂ ਸੂਬਿਆਂ ਵਿਚ ਕੋਵਿਡ ਪਾਜ਼ੇਟਿਵ ਕੇਸ ਵਧ ਰਹੇ ਹਨ |
ਸਕੂਲਾਂ ਵਿੱਚ ਕੋਵਿਡ ਦੇ ਮਾਮਲਿਆਂ ਦੀਆਂ ਰਿਪੋਰਟਾਂ ਦਰਮਿਆਨ ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿਤੇ ਹਨ ਕਿ ਸਿਰਫ ਮੁਕੰਮਲ ਟੀਕਾਕਰਨ ਵਾਲੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼, ਜਾਂ ਜੋ ਹਾਲ ਹੀ ਵਿਚ ਕੋਵਿਡ ਤੋਂ ਸਿਹਤਯਾਬ ਹੋਏ ਹਨ, ਸਕੂਲਾਂ ਅਤੇ ਕਾਲਜਾਂ ਵਿਚ ਨਿੱਜੀ ਤੌਰ 'ਤੇ ਪੜ੍ਹਾਉਣਗੇ ਅਤੇ ਸਾਰੇ ਬੱਚਿਆਂ ਲਈ ਆਨਲਾਈਨ ਪੜ੍ਹਾਈ ਦਾ ਬਦਲ ਉਪਲਬਧ ਰਹੇਗਾ |
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਕੋਵਿਡ ਤੋਂ ਬਾਅਦ ਦੀ ਦੇਖਭਾਲ ਹੁਣ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਉਪਲਬਧ ਹੈ | ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਮਿਊਕਰਮਾਈਕੋਸਿਸ ਦੇ ਮਾਮਲਿਆਂ ਵਿੱਚ ਕਾਫੀ ਕਮੀ ਆਈ ਹੈ ਅਤੇ ਪਿਛਲੇ ਹਫਤੇ ਸਿਰਫ ਇੱਕ ਕੇਸ ਰਿਪੋਰਟ ਕੀਤਾ ਗਿਆ ਜਦਕਿ ਉਸ ਤੋਂ ਪਹਿਲੇ ਹਫਤੇ 6 ਕੇਸ ਦਰਜ ਕੀਤੇ ਗਏ ਸਨ | ਇਨ੍ਹਾਂ ਮਰੀਜ਼ਾ ਨੂੰ ਯੋਗਤਾ ਅਨੁਸਾਰ ਦਿਵਿਆਂਗ ਵਾਲੇ ਲਾਭ ਪ੍ਰਦਾਨ ਕੀਤੇ ਜਾ ਰਹੇ ਹਨ |