
ਤਾਮਕੋਟ ਆਤਮਹਤਿਆ ਮਾਮਲੇ ’ਚ ਐਸ.ਐਚ.ਓ ਤੇ ਏਐਸਆਈ ਮੁਅੱਤਲ
ਸ੍ਰੀ ਮੁਕਤਸਰ ਸਾਹਿਬ, 14 ਅਗੱਸਤ (ਰਣਜੀਤ ਸਿੰਘ) : ਲਾਗਲੇ ਪਿੰਡ ਤਾਮਕੋਟ ਵਿਖੇ ਇਕ ਔਰਤ ਦੇ ਗੁੰਮ ਹੋਣ ਤੋਂ ਬਾਅਦ ਉਸਦੇ ਪਤੀ ਵੱਲੋਂ ਥਾਣਾ ਲੱਖੇਵਾਲੀ ਦੀ ਪੁਲਿਸ ਨੂੰ 31 ਜੁਲਾਈ ਨੂੰ ਦਿਤੀ ਅਰਜ਼ੀ ਉਪਰੰਤ ਕੋਈ ਕਾਰਵਾਈ ਨਾ ਹੋਣ ’ਤੇ ਪ੍ਰੇਸ਼ਾਨ ਪਤੀ ਵਲੋਂ 10 ਦਿਨ ਬਾਅਦ ਆਤਮ ਹਤਿਆ ਕਰ ਲਈ ਸੀ। ਆਤਮ ਹਤਿਆ ਤੋਂ ਪਹਿਲਾਂ ਮ੍ਰਿਤਕ ਨੇ ਖ਼ੁਦਕੁਸ਼ੀ ਨੋਟ ਲਿਖ ਕੇ ਸਾਰੀ ਸਥਿਤੀ ਤੇ ਮੁਲਜ਼ਮਾਂ ਦਾ ਵੇਰਵਾ ਸਪੱਸ਼ਟ ਕੀਤਾ ਸੀ। ਇਸ ਦੌਰਾਨ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਪੁਲਿਸ ਪ੍ਰਸ਼ਾਸਨ ਨੂੰ ਮੁਲਜ਼ਮਾਂ ਵਿਰੁਧ ਸਖ਼ਤ ਕਾਰਵਾਈ ਦਾ ਹੁਕਮ ਦਿਤਾ ਤਾਂ ਪੁਲਿਸ ਥਾਣਾ ਲੱਖੇਵਾਲੀ ਨੇ ਮੁਕੱਦਮਾ ਤਾਂ ਦਰਜ ਕਰ ਲਿਆ ਪਰ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਕੀਤੀ। ਇਸ ’ਤੇ ਕਮਿਸ਼ਨ ਨੇ ਖ਼ਫ਼ਾ ਹੁੰਦਿਆਂ ਮੁਕਤਸਰ ਪੁਲਿਸ ਪ੍ਰਸ਼ਾਸਨ ਨੂੰ ਥਾਣਾ ਲੱਖੇਵਾਲੀ ਦੀ ਮਹਿਲਾ ਐਸਐਚਓ ਸ਼ਿਮਲਾ ਰਾਣੀ ਨੂੰ ਮੁਅੱਤਲ ਕਰਨ ਦਾ ਹੁਕਮ ਦੇ ਦਿਤਾ ਤਾਂ ਐਸਐਸਪੀ ਡੀ. ਸੁਡਰਵਿਲੀ ਨੇ ਐੱਸਐਚਓ ਸ਼ਿਮਲਾ ਰਾਣੀ ਅਤੇ ਏਐਸਆਈ ਹਰਜਿੰਦਰ ਸਿੰਘ ਨੂੰ ਸਸਪੈਂਡ ਕਰ ਕੇ ਲਾਈਨ ਹਾਜ਼ਰ ਕਰ ਦਿਤਾ ਹੈ।