
ਰਾਜਧਾਨੀ ਕਾਬੁਲ ਨੇੜੇ ਪੁੱਜਾ ਤਾਲਿਬਾਨ, 11 ਕਿਲੋਮੀਟਰ ਦੂਰ ਹੋ ਰਹੀ ਏ ਲੜਾਈ
ਕਾਬੁਲ, 14 ਅਗੱਸਤ : ਤਾਲਿਬਾਨ ਨੇ ਉੱਤਰੀ, ਪਛਮੀ ਤੇ ਦਖਣੀ ਅਫ਼ਗ਼ਾਨਿਸਤਾਨ ਦੇ ਬਹੁਤੇ ਹਿੱਸੇ 'ਤੇ ਕਬਜ਼ਾ ਕਰ ਲਿਆ ਹੈ ਤੇ ਉਹ ਸਿਰਫ਼ ਰਾਜਧਾਨੀ ਕਾਬੁਲ ਤੋਂ ਸਿਰਫ਼ 11 ਕਿਲੋਮੀਟਰ ਦੱਖਣ ਵਿਚ ਸਰਕਾਰੀ ਫੌਜਾਂ ਨਾਲ ਜੰਗ ਕਰ ਰਹੇ ਹਨ | ਤਾਲਿਬਾਨ ਨੇ ਉਤਰੀ ਸ਼ਹਿਰ ਮਜ਼ਾਰ-ਏ-ਸ਼ਰੀਫ਼ ਉਪਰ ਕਬਜ਼ੇ ਲਈ ਵੱਡਾ ਹਮਲਾ ਕਰ ਦਿਤਾ ਹੈ | ਇਸ ਦੌਰਾਨ ਤਾਲਿਬਾਨ ਨੇ ਦੇਸ਼ ਦੀ ਰਾਜਧਾਨੀ ਦੇ ਦੱਖਣ ਵਿਚ ਵਸੇ ਸੂਬੇ ਲੋਗਾਰ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ | ਇਸ ਵੇਲੇ ਸਥਿਤੀ ਇਹ ਬਣੀ ਹੈ ਕਿ ਰਾਜਧਾਨੀ ਕਾਬੁਲ ਇਕ ਤਰ੍ਹਾਂ ਨਾਲ ਘਿਰ ਗਈ ਹੈ ਤੇ ਤਾਲਿਬਾਨ ਲੜਾਕੇ ਕਿਸੇ ਵੇਲੇ ਵੀ ਇਸ ਦੇ ਅੰਦਰ ਪਹੁੰਚ ਸਕਦੇ ਹਨ | ਉਧਰ ਰਾਸ਼ਟਰਪਤੀ ਅਸ਼ਰਫ਼ ਗ਼ਨੀ ਦੀ ਅਗਵਾਈ ਵਾਲੀ ਸਰਕਾਰ ਕਮਜ਼ੋਰ ਪੈ ਚੁਕੀ ਹੈ ਤੇ ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ ਰਾਸ਼ਟਰਪਤੀ
ਅਸਤੀਫ਼ਾ ਦੇ ਕੇ ਕਿਸੇ ਹੋਰ ਦੇਸ਼ 'ਚ ਜਾਣ ਲਈ ਤਿਆਰ ਬੈਠੇ ਹਨ | ਅਫ਼ਗ਼ਾਨਿਸਤਾਨ ਦੀ ਇਸ ਸਥਿਤੀ ਤੋਂ ਉਹ ਸਾਰੇ ਦੇਸ਼ ਚਿੰਤਤ ਹਨ ਜਿਨ੍ਹਾਂ ਦੇ ਨਾਗਰਿਕ ਇਸ ਵੇਲੇ ਅਫ਼ਗ਼ਾਨਿਸਤਾਨ ਵਿਚ ਹਨ | ਕਈ ਦੇਸ਼ ਤਾਂ ਅਪਣੇ ਨਾਗਰਿਕਾਂ ਨੂੰ ਇਥੋਂ ਕੱਢਣ ਵੀ ਲੱਗ ਗਏ ਹਨ | ਅੱਜ ਸਵੇਰ ਵੇਲੇ ਹੀ ਅਮਰੀਕਾ ਤੇ ਬਿ੍ਟੇਨ ਨੇ ਅਪਣੀ ਫ਼ੌਜ ਦੀਆਂ ਟੁਕੜੀਆਂ ਕਾਬੁਲ ਭੇਜ ਦਿਤੀਆਂ ਸਨ ਤਾਂ ਜੋ ਇਥੇ ਵਸਦੇ ਅਪਣੇ ਨਾਗਰਿਕਾਂ ਨੂੰ ਲਿਜਾ ਸਕਣ | ਇਸ ਤਰ੍ਹਾਂ ਲਗਦਾ ਹੈ ਕਿ ਭਲਕੇ ਤਕ ਤਾਲਿਬਾਨ ਕਾਬੁਲ 'ਤੇ ਕਾਬਜ਼ ਹੋ ਜਾਣਗੇ |
(ਏਜੰਸੀ)