
ਮ੍ਰਿਤਕ ਦੇ ਭਰਾ ਸਤਿਆਵਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਐਤਵਾਰ ਸਵੇਰੇ ਮਿਲੀ ਸੀ
ਜਲੰਧਰ : ਜਲੰਧਰ 'ਚ 80 ਫੁੱਟ ਡੂੰਘੇ ਬੋਰਵੈੱਲ 'ਚ ਫਸੇ ਇੰਜੀਨੀਅਰ ਸੁਰੇਸ਼ ਬੀਤੇ ਕੱਲ੍ਹ ਜ਼ਿੰਦਗੀ ਦੀ ਜੰਗ ਹਾਰ ਗਿਆ। ਇਸ ਮਾਮਲੇ ਵਿਚ ਹੁਣ ਨਵੀਂ ਅਪਡੇਟ ਆਈ ਹੈ। ਦਰਅਸਲ ਮ੍ਰਿਤਕ ਸੁਰੇਸ਼ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਬਾਲਾਜੀ ਕੰਸਟਰਕਸ਼ਨ ਕੰਪਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਮ੍ਰਿਤਕ ਦੇ ਭਰਾ ਸਤਿਆਵਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਐਤਵਾਰ ਸਵੇਰੇ ਮਿਲੀ ਸੀ। ਇਸ ਤੋਂ ਬਾਅਦ ਉਹ ਤੁਰੰਤ ਜਲੰਧਰ ਪਹੁੰਚ ਗਿਆ। ਕੰਪਨੀ 'ਤੇ ਦਰਜ ਕੀਤੀ ਗਈ ਐੱਫਆਈਆਰ ਵਿਚ ਦੱਸਿਆ ਹੋਇਆ ਹੈ ਕਿ ਜਲੰਧਰ ਦੇ ਨੇੜੇ ਕਰਤਾਰਪੁਰ ਵਿਚ ਪੁਲ ਬਣਾਉਣ ਦਾ ਕੰਮ ਚੱਲ ਰਿਹਾ ਹੈ ਤੇ ਸੁਰੇਸ਼ ਵੀ ਉਸ ਵਿਚ ਕੰਮ ਕਰ ਰਿਹਾ ਸੀ।
ਉਹਨਾਂ ਨੇ ਦੱਸਿਆ ਕਿ ਇਹ ਕੰਮ ਐੱਮਕੇਸੀ ਇੰਫਰਾਸਟਰੱਕਚਰ ਐੱਲਟੀਡੀ ਕੰਪਨੀ ਤੇ ਬਾਲਾ ਜੀ ਕੰਪਨੀ ਕਾਰਪੋਰੇਸ਼ਨ ਕੰਪਨੀ ਜੈਪੁਰ ਦੇ ਅਧੀਨ ਹੋ ਰਿਹਾ ਹੈ।
ਉਹਨਾਂ ਨੇ ਕਿਹਾ ਕਿ ਇਹ ਕੰਪਨੀਆਂ ਬਿਨ੍ਹਾਂ ਸੁਰੱਖਿਆ ਦੇ ਤੇ ਆਕਸੀਜਨ ਦੇ 70 ਫੁੱਟ ਹੇਠਾਂ ਜ਼ਮੀਨ ਵਿਚ ਭੇਜ ਕੇ ਕੰਮ ਕਰਾਉਂਦੀ ਹੈ। ਸੱਤਿਆਵਾਨ ਨੇ ਦੱਸਿਆ ਕੇ 12 ਤਰੀਕ ਨੂੰ ਜਦੋਂ ਰਾਤ 8 ਵਜੇ ਉਸ ਨੂੰ ਫੋਨ ਆਉਂਦਾ ਹੈ ਤਾਂ ਪਤਾ ਚੱਲਦਾ ਹੈ ਕਿ ਜਿੱਥੇ ਉਸ ਦਾ ਭਰਾ ਕੰਮ ਕਰਦਾ ਸੀ ਉੱਥੇ ਉਹ ਬੋਰ ਵਿਚ ਮਿੱਟੀ ਡਿੱਗਣ ਕਰ ਕੇ ਫਸ ਗਿਆ। ਸੱਤਿਆਵਾਨ ਨੇ ਸਿੱਧੇ ਤੌਰ 'ਤੇ ਕੰਪਨੀ 'ਤੇ ਇਲਜ਼ਾਮ ਲਗਾਇਆ ਕਿ ਕੰਪਨੀ ਨੇ ਬਿਨ੍ਹਾਂ ਸੁਰੱਖਿਆ ਦੇ ਉਸ ਨੂੰ ਹੇਠਾਂ ਭੇਜਿਆ ਜੋ ਕਿ ਕੰਪਨੀ ਦੀ ਲਾਪਰਵਾਹੀ ਹੈ ਤੇ ਉਸ ਨੂੰ ਕੱਢਣ ਵਿਚ ਵੀ ਦੇਰੀ ਹੋਈ।