
ਲੋਕ ਬੋਲੇ - ਜਿਵੇਂ ਇੱਥੋਂ ਤੱਕ ਆ ਕੇ ਭਾਰਤ ਮੁੱਕ ਜਾਂਦਾ ਹੈ, ਓਵੇਂ ਹੀ ਇੱਥੋਂ ਤੱਕ ਆ ਕੇ ਸਹੂਲਤ ਹੀ ਮੁੱਕ ਜਾਂਦੀ ਹੈ
ਗੁਰਦਾਸਪੁਰ (ਵੀਰਪਾਲ ਕੌਰ/ਨਿਤਿਨ ਲੂਥਰਾ) - ਭਾਰਤ ਦੇਸ਼ ਨੂੰ ਅਜ਼ਾਦ ਹੋਏ ਨੂੰ 75 ਸਾਲ ਹੋ ਗਏ ਤੇ ਦੇਸ਼ ਆਜ਼ਾਦੀ ਦਿਹਾੜੇ ਦੀ 100ਵੀਂ ਵਰ੍ਹੇਗੰਢ ਮਨਾਉਣ ਵੱਲ ਤੁਰਿਆ ਜਾ ਰਿਹਾ ਹੈ। ਇਸ ਆਜ਼ਾਦ ਦੇਸ਼ ਵਿਚ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਵਾਲੇ ਪਾਸਿਓਂ ਭਾਰਤ ਦਾ ਅਖੀਰਲਾ ਪਿੰਡ ਘਣੀਏ ਕੇ ਬੇਟ ਸਹੂਲਤਾਂ ਤੋਂ ਸੱਖਣਾ ਹੈ।
ਘਣੀਆ ਭਾਰਤ ਦਾ ਅਖੀਰਲਾ ਪਿੰਡ ਹੈ ਤੇ ਇਸ ਤੋਂ ਬਾਅਦ ਪਾਕਿਸਤਾਨ ਸ਼ੁਰੂ ਹੋ ਜਾਂਦਾ ਹੈ। ਜਦੋਂ ਇਸ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਨੇ ਦੱਸਿਆ ਕਿ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ ਇੱਥੇ ਇਖ ਵੀ ਸਹੂਲਤ ਨਹੀਂ ਪਹੁੰਚੀ। ਪਿੰਡ ਨੂੰ ਜਾਣ ਵਾਲੀ ਮੇਨ ਸੜਕ ਹੀ ਕੱਚੀ ਹੈ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਿੰਡ ਵਿਚ ਕਿੰਨਾ ਕੁ ਵਿਕਾਸ ਹੋਇਆ ਹੋਵੇਗਾ। ਪਿੰਡ ਵਿਚ ਜੇ 100 ਘਰ ਵੀ ਹੋਏ ਤਾਂ ਉਹਨਾਂ ਵਿਚੋਂ 80 ਤੋਂ 85 ਘਰ ਕੱਚੇ ਹਨ ਤੇ ਉਹਨਾਂ ਦੀ ਜ਼ਿੰਦਗੀ ਵੀ ਡਾਵਾਡੋਲ ਕਰ ਰਹੀ ਹੈ।
ਪਿੰਡ ਦੇ ਇਕ ਬਜ਼ੁਰਗ ਸਤਨਾਮ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪਿੰਡ ਦਾ ਵਿਕਾਸ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਬਿਲਕੁਲ ਵੀ ਨਹੀਂ ਹੋਇਆ ਕਿਉਂਕਿ ਹੁਣ ਤੱਕ ਉਹਨਾਂ ਕੋਲ ਵਿਕਾਸ ਦੀ ਗੱਲ ਕਰਨ ਲਈ ਇਕ ਵੀ ਬੰਦਾ ਨਹੀਂ ਆਇਆ। ਸਤਨਾਮ ਸਿੰਘ ਨੇ ਕਿਹਾ ਕਿ ਪਹਿਲਾਂ ਜ਼ਰੂਰ ਸੁਖਜਿੰਦਰ ਰੰਧਾਵਾ ਪਿੰਡ ਵਿਚ ਆਉਂਦੇ ਸੀ ਪਰ ਹੁਣ ਕੋਈ ਨਹੀਂ ਆਇਆ ਤੇ ਪਿੰਡ ਵਿਚ ਸਾਫ਼ ਪੀਣਯੋਗ ਪਾਣੀ ਵੀ ਨਹੀਂ ਹੈ। ਉਹਨਾਂ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਤੋਂ ਇਲਾਵਾ ਨਾ ਤਾਂ ਸਕੂਲ ਹੈ ਤੇ ਨਾ ਹੀ ਘਰਾਂ ਨੂੰ ਜਾਣ ਲਈ ਸੜਕਾਂ ਪੱਕੀਆਂ ਹਨ।
ਇਸ ਦੇ ਨਾਲ ਹੀ ਜਦੋਂ ਪਿੰਡ ਵਿਚ ਸਿਹਤ ਸਹੂਲਤ ਦੀ ਗੱਲ ਕੀਤੀ ਗਈ ਤਾਂ ਬਜ਼ੁਰਗ ਨੇ ਕਿਹਾ ਕਿ ਪਿੰਡ ਵਿਚ ਸਿਹਤ ਸਹੂਲਤਾਂ ਦਾ ਹਾਲ ਵੀ ਮਾੜਾ ਹੈ ਕਿਉਂਕਿ ਜੇ ਕੋਈ ਰਾਤ ਨੂੰ ਜ਼ਿਆਦਾ ਬਿਮਾਰ ਹੋ ਜਾਵੇ ਤਾਂ ਉਹ ਕਿਤੇ ਵੀ ਬਾਹਰ ਜਾ ਕੇ ਇਲਾਜ ਨਹੀਂ ਕਰਵਾ ਸਕਦਾ ਕਿਉਂਕਿ ਕਿਸੇ ਹੋਰ ਸ਼ਹਿਰ ਵਿਚ ਜਾਣ ਲਈ ਜਿਨ੍ਹਾਂ ਲੋਕਾਂ ਕੋਲ ਅਪਣੇ ਸਾਧਨ ਨਹੀਂ ਹਨ ਤਾਂ ਉਹਨਾਂ ਨੂੰ ਬੱਸਾਂ 'ਤੇ ਜਾਣਾ ਪੈਂਦਾ ਹੈ ਤੇ ਉਹ ਵੀ ਰਾਤ ਨੂੰ ਕਦੇ ਕਦੇ ਹੀ ਮਿਲਦੀਆਂ ਹਨ। ਬਜ਼ੁਰਗ ਨੇ ਦੱਸਿਆ ਕਿ ਬਿਮਾਰ ਵਿਅਕਤੀ ਰਾਤ ਪਿੰਡ ਵਿਚ ਹੀ ਕੱਟਦਾ ਹੈ ਕਿਉਂਕਿ ਕਈ ਵਾਰ ਨਾਕੇ ਲੱਗੇ ਹੁੰਦੇ ਹਨ ਤਾਂ ਲੋਕ ਡਰਦੇ ਹੋਏ ਬਾਹਰ ਵੀ ਨਹੀਂ ਨਿਕਲਦੇ।
ਸਤਨਾਮ ਸਿੰਘ ਨੇ ਕਿਹਾ ਕਿ ਪਿੰਡ ਵਿਚ ਇਕ ਡਿਸਪੈਂਸਰੀ ਹੈ ਪਰ ਉਸ ਵਿਚ ਵੀ ਡਾਕਟਰ ਕਦੇ-ਕਦਾਈ ਹੀ ਆਉਂਦਾ ਹੈ। ਉਹਨਾਂ ਨੇ ਕਿਹਾ ਕਿ ਜੋ ਡਿਸਪੈਂਸਰੀ ਵਿਚ ਕੰਪਾਊਂਡਰ ਆਉਂਦਾ ਹੈ ਉਸ ਕੋਲ ਵੀ 4 ਤੋਂ 5 ਪੱਤੇ ਦਵਾਈਆਂ ਦੇ ਹਨ ਤੇ ਉਹ ਵੀ ਉਹੀ ਸਿਰ ਦਰਦ ਤੇ ਹੋਰ ਦਰਦ ਲਈ ਦੇਈ ਜਾਂਦਾ ਹੈ। ਇਸ ਦੇ ਨਾਲ ਹੀ ਜਦੋਂ ਨੌਜਵਾਨ ਪੀੜ੍ਹੀ ਦੀ ਗੱਲ ਕੀਤੀ ਗਈ ਤੇ ਸਕੂਲ ਦੀ ਗੱਲ ਕੀਤੀ ਤਾਂ ਬਜ਼ੁਰਗ ਨੇ ਦੱਸਿਆ ਕਿ ਪਿੰਡ ਵਿਚ ਸਕੂਲ 5 ਤੱਕ ਵੀ ਨਹੀਂ ਹੈ, 10-12ਵੀਂ ਤੱਕ ਦਾ ਸਕੂਲ ਹੋਣਾ ਤਾਂ ਦੂਰ ਦੀ ਗੱਲ ਹੈ। ਬੱਚੇ ਵੀ ਡੇਰਾ ਬਾਬਾ ਨਾਨਕ ਦੇ ਸਕੂਲ ਵਿਚ ਪੜ੍ਹਨ ਜਾਂਦੇ ਹਨ ਤੇ ਉਹ ਸਕੂਲ ਵੀ 16 ਕਿਲੋਮੀਟਰ ਦੀ ਦੂਰੀ 'ਤੇ ਹੈ।
ਬਜ਼ੁਰਗ ਸਤਨਾਮ ਸਿੰਘ ਨੇ ਕਿਹਾ ਕਿ ਇਸ ਪਿੰਡ ਵਿਚ ਸਿਰਫ਼ ਗਰੀਬ ਲੋਕ ਹੀ ਰਹਿੰਦੇ ਹਨ ਉਹਨਾਂ ਦੇ ਵੀ ਘਰ ਬਾਲਿਆਂ ਨਾਲ ਹੀ ਪਾਏ ਹੋਏ ਹਨ। ਇਸ ਪਿੰਡ ਵਿਚ ਵਿਕਾਸ ਲਈ ਕੋਈ ਗਰਾਂਟ ਨਹੀਂ ਆਈ। ਇਕ ਹੋਰ ਵਿਅਕਤੀ ਰਵਿੰਦਰ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਿਵੇਂ ਇੱਥੋਂ ਤੱਕ ਆ ਕੇ ਭਾਰਤ ਮੁੱਕ ਜਾਂਦਾ ਹੈ ਉਸੇ ਤਰ੍ਹਾਂ ਹੀ ਇੱਥੋਂ ਤੱਕ ਆਉਂਦੀਆਂ-ਆਉਂਦੀਆਂ ਸਹੂਲਤਾਂ ਵੀ ਮੁੱਕ ਜਾਂਦੀਆਂ ਹਨ। ਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਪਹਿਲਾਂ ਬੱਚੇ ਥੋੜ੍ਹੇ ਸਨ ਤਾਂ ਕਰ ਕੇ ਸਕੂਲ ਬੰਦ ਕਰਵਾ ਦਿੱਤਾ ਗਿਆ ਸੀ ਪਰ ਹੁਣ ਪਿੰਡ ਵੱਸ ਚੁੱਕਿਆ ਹੈ ਤੇ ਬੱਚੇ ਵੀ ਵਧ ਰਹੇ ਹਨ ਪਰ ਅਜੇ ਤੱਕ ਕਿਸੇ ਨੇ ਸਕੂਲ ਬਾਰੇ ਗੱਲ ਨਹੀਂ ਕੀਤੀ।
ਉਹਨਾਂ ਨੇ ਕਿਹਾ ਕਿ ਪਿੰਡ ਵਿਚ ਧਾਲੀਵਾਲ ਸਾਬ੍ਹ ਵੀ ਦੋ-3 ਵਾਰ ਆਏ ਤੇ ਪੱਤਰ ਲਿਖ ਕੇ ਦਿੱਤਾ ਹੋਇਆ ਹੈ ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ। ਇਕ ਹੋਰ ਵਿਅਕਤੀ ਰਣਜੋਧ ਜੋ ਖੇਤੀਬਾੜੀ ਕਰਦਾ ਹੈ ਉਸ ਨੇ ਦੱਸਿਆ ਕਿ 42-43 ਸਾਲ ਹੋ ਗਏ ਅਜੇ ਤੱਕ ਕੋਈ ਵੀ ਸਹੂਲਤ ਚੰਗੀ ਤਰ੍ਹਾਂ ਇਸ ਪਿੰਡ ਤੱਕ ਨਹੀਂ ਪਹੁੰਚੀ। ਉਹਨਾਂ ਨੇ ਦੱਸਿਆ ਕਿ ਪਿੰਡ ਤੱਕ ਆਉਣ ਦਾ ਕੋਈ ਸਾਧਨ ਨਹੀਂ ਹੈ ਤੇ ਲੋਕਾਂ ਨੂੰ 12-15 ਕਿਲੋਮੀਟਰ ਤੱਕ ਤੁਰ ਕੇ ਆਉਣਾ ਪੈਂਦਾ ਹੈ।
ਵਿਅਕਤੀ ਨੇ ਕੁੜੀਆਂ ਦੇ ਵਿਆਹਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਪਿੰਡ ਵਿਚ ਕੋਈ ਕੁੜੀ ਵਿਆਹੁਣ ਲਈ ਨਹੀਂ ਆਉਂਦਾ ਕਿਉਂਕਿ ਪਿੰਡ ਦੀ ਹਾਲਤ ਬਹੁਤ ਮਾੜੀ ਹੈ। ਵਿਅਕਤੀ ਨੇ ਦੱਸਿਆ ਕਿ ਪਿੰਡ ਵਿਚ ਫ਼ੋਨ ਦੀ ਰੇਂਜ ਤੱਕ ਨਹੀਂ ਆਉਂਦੀ ਤੇ ਜੇ ਕੋਈ ਐਂਮਰਜੰਸੀ ਹੋਵੇ ਜਾਂ ਫਇਰ ਕੋਈ ਜ਼ਰੂਰ ਮੈਸੇਜ ਦੇਣਾ ਹੋਵੇ ਤਾਂ ਉਸ ਲਈ ਵੀ ਕਿਤੇ ਦੂਰ ਜਾਣਾ ਪੈਂਦਾ ਹੈ ਕਹਿਣ ਦਾ ਮਤਲਬ ਹੈ ਕਿ ਇਹ ਪਿੰਡ ਪੂਰੀ ਤਰ੍ਹਾਂ ਸਹੂਲਤਾਂ ਤੋਂ ਸੱਖਣਾ ਹੈ। ਸਰਕਾਰਾਂ 5 ਸਾਲ ਬਾਅਦ ਬਦਲ ਜਾਂਦੀਆਂ ਤੇ ਇਕ ਸਰਕਾਰ ਲਾਰਾ ਲਗਾ ਦਿੰਦੀ ਹੈ ਤੇ ਉਦੋਂ ਨੂੰ ਉਹ ਬਦਲ ਜਾਂਦੀ ਹੈ ਤੇ ਫਿਰ ਦੂਜੀ ਆ ਜਾਂਦੀ ਹੈ ਤੇ ਸਰਕਾਰਾਂ ਦੇ ਲਾਰੇ ਹੀ ਪੱਲੇ ਪੈ ਜਾਂਦੇ ਹਨ ਵਿਕਾਸ ਬਿਲਕੁਲ ਨਹੀਂ ਹੁੰਦਾ।