
ਸਾਬਕਾ ਆਈ.ਏ.ਐੱਸ. ਅਧਿਕਾਰੀ ਡਾ. ਵਿਜੈ ਸਤਬੀਰ ਸਿੰਘ ਪੰਜਾਬ ਦੀ ਮਾਝੇ ਦੀ ਧਰਤੀ ਦੇ ਜੰਮਪਲ ਅਤੇ ਕਿਸਾਨੀ ਪਰਿਵਾਰ ਨਾਲ ਸਬੰਧਤ ਹਨ।
ਚੰਡੀਗੜ੍ਹ - ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਗੁਰਦੁਆਰਾ ਬੋਰਡ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਦਾ ਪ੍ਰਸ਼ਾਸ਼ਕ ਨਿਯੁਕਤ ਕੀਤੇ ਗਏ ਸਾਬਕਾ ਆਈ.ਏ.ਐੱਸ. ਅਧਿਕਾਰੀ ਡਾ. ਵਿਜੈ ਸਤਬੀਰ ਸਿੰਘ ਬਾਠ ਨੇ ਅੱਜ ਅਹੁਦਾ ਸੰਭਾਲ ਲਿਆ ਹੈ। ਸਾਬਕਾ ਆਈ.ਏ.ਐੱਸ. ਅਧਿਕਾਰੀ ਡਾ. ਵਿਜੈ ਸਤਬੀਰ ਸਿੰਘ ਪੰਜਾਬ ਦੀ ਮਾਝੇ ਦੀ ਧਰਤੀ ਦੇ ਜੰਮਪਲ ਅਤੇ ਕਿਸਾਨੀ ਪਰਿਵਾਰ ਨਾਲ ਸਬੰਧਤ ਹਨ।
ਡਾ. ਵਿਜੈ ਸਤਬੀਰ ਸਿੰਘ ਨੇ ਅੱਜ ਯਾਨੀ ਸੋਮਵਾਰ ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਨਮਸਤਕ ਹੋ ਕੇ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਹੈ। ਜੱਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਅਤੇ ਸਮੂਹ ਪੰਜ ਪਿਆਰਿਆਂ ਨੇ ਡਾ. ਵਿਜੈ ਸਤਬੀਰ ਸਿੰਘ ਨੂੰ ਰਵਾਇਤੀ ਦਸਤਾਰ, ਚੋਲਾ, ਹਾਰ, ਸ੍ਰੀ ਸਾਹਿਬ ਨਾਲ ਅਹੁਦਾ ਸੰਭਾਲਣ 'ਤੇ ਤਖ਼ਤ ਸਾਹਿਬ ਵਲੋਂ ਸਨਮਾਨਿਆ।
ਦੱਸ ਦਈਏ ਕਿ ਡਾ. ਵਿਜੈ ਸਤਬੀਰ ਸਿੰਘ ਪੰਜਾਬ ਦੀ ਧਰਤੀ ਪਿੰਡ ਕੈਲੇ ਕਲਾਂ (ਨਜ਼ਦੀਕ ਬਟਾਲਾ) ਜਿਲ੍ਹਾ ਗੁਰਦਾਸਪੁਰ ਦੇ ਜੰਮਪਲ ਹਨ, ਪੜ੍ਹੇ ਲਿਖੇ ਕਿਸਾਨੀ ਪਰਿਵਾਰ ਨਾਲ ਸੰਬੰਧਤ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਮੈਡੀਕਲ ਕਾਲਜ ਤੋਂ ਐੱਮ.ਬੀ.ਬੀ.ਐੱਸ. ਦੀ ਡਿਗਰੀ ਹਾਸਲ ਕਰਨ ਉਪਰੰਤ ਹਾਰਵਰਡ ਯੂਨੀਵਰਸਿਟੀ (ਅਮਰੀਕਾ), ਮਨਚੈਸਟਰ ਯੂਨੀਵਰਸਿਟੀ (ਇੰਗਲੈਂਡ) ਤੋਂ ਉਚੇਰੀ ਵਿਦਿਆ ਹਾਸਲ ਕੀਤੀ।
ਡਾ. ਵਿਜੈ ਸਤਬੀਰ ਸਿੰਘ ਬਾਠ ਮਹਾਰਾਸ਼ਟਰ ਸਰਕਾਰ 'ਚ ਚੇਅਰਮੈਨ ਰੇਰਾ, ਐਡੀਸ਼ਨਲ ਚੀਫ ਸੈਕਟਰੀ ਮਹਾਰਾਸ਼ਟਰ ਸਰਕਾਰ ਤੋਂ ਸੇਵਾ ਮੁਕਤ ਹੋਏ ਹਨ। ਉਹ ਪਹਿਲਾਂ ਵੀ ਸ੍ਰੀ ਹਜ਼ੂਰ ਸਾਹਿਬ ਵਿਖੇ ਆਪਣੀ ਨੌਕਰੀ ਦੌਰਾਨ ਸੰਨ 2014 ਵਿੱਚ ਮੁੱਖ ਪ੍ਰਬੰਧਕ ਦੇ ਤੌਰ 'ਤੇ ਸ਼ਲਾਘਾਯੋਗ ਸੇਵਾਵਾਂ ਨਿਭਾ ਚੁੱਕੇ ਹਨ । ਡਾ. ਵਿਜੈ ਸਤਬੀਰ ਸਿੰਘ ਨੇ ਇਸ ਮੌਕੇ ਕਿਹਾ ਕਿ ਗੁਰੂ ਸਾਹਿਬ ਨੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਦਿਤੀ ਹੈ, ਉਹ ਗੁਰੂ ਘਰ ਦੇ ਨਿਮਾਣੇ ਸਿੱਖ ਵਜੋਂ ਪੂਰੀ ਤਨਦੇਹੀ ਨਾਲ ਸਾਰੇ ਸਟਾਫ਼ ਅਤੇ ਸ੍ਰੀ ਹਜੂਰ ਸਾਹਿਬ ਦੀਆਂ ਸਤਿਕਾਰਯੋਗ ਸੰਗਤਾਂ ਨੂੰ ਨਾਲ ਲੈ ਕੇ ਨਿਭਾਉਣਗੇ।