
Punjab News: ਇਸ ਸਬੰਧੀ ਮੁਹਾਲੀ ਦੇ ਫੇਜ਼-1 ਥਾਣੇ ਵਿੱਚ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
Punjab News: ਮੁਹਾਲੀ ਦੇ ਸੈਕਟਰ 70 ਦੇ ਰਹਿਣ ਵਾਲੇ ਸੌਰਵ ਗੋਇਲ ਨਾਲ 2.30 ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ। ਚੰਡੀਗੜ੍ਹ ਕਾਂਗਰਸ ਦੇ ਮੀਤ ਪ੍ਰਧਾਨ ਤੇ ਕੌਂਸਲਰ ਦੀ ਚੋਣ ਲੜ ਚੁੱਕੇ ਰੁਪਿੰਦਰ ਸਿੰਘ ਉਰਫ਼ ਰੂਪੀ, ਉਸ ਦੀ ਪਤਨੀ ਬਲਵਿੰਦਰ ਕੌਰ, ਉਸ ਦੇ ਪੁੱਤਰ ਤੇ ਯੂਥ ਕਾਂਗਰਸੀ ਆਗੂ ਰਣਜੋਤ ਸਿੰਘ ਉਰਫ਼ ਰੌਣੀ ਤੇ ਰੂਪੀ ਦੇ ਪਿਤਾ ਜਸਪਾਲ ਸਿੰਘ ’ਤੇ ਇਸ ਧੋਖਾਧੜੀ ਦਾ ਦੋਸ਼ ਹੈ। ਇਸ ਸਬੰਧੀ ਮੁਹਾਲੀ ਦੇ ਫੇਜ਼-1 ਥਾਣੇ ਵਿੱਚ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਸ਼ਿਕਾਇਤਕਰਤਾ ਸੌਰਵ ਗੋਇਲ ਨੇ ਦੱਸਿਆ ਕਿ ਇੱਕ ਪ੍ਰਾਪਰਟੀ ਡੀਲਰ ਰਾਹੀਂ ਮੁਹਾਲੀ ਦੇ ਫੇਜ਼ 8 ਸਥਿਤ ਇੰਡਸਟਰੀਅਲ ਏਰੀਆ ਵਿੱਚ 2500 ਵਰਗ ਗਜ਼ ਦੇ ਪਲਾਟ ਦਾ ਜਨਵਰੀ 2024 ਵਿੱਚ ਉਪਰੋਕਤ ਮੁਲਜ਼ਮਾਂ ਨਾਲ ਸੌਦਾ ਤੈਅ ਹੋਇਆ ਸੀ।
ਉਹ 14.28 ਕਰੋੜ ਰੁਪਏ ਵਿੱਚ ਪਲਾਟ ਖਰੀਦਣ ਲਈ ਰਾਜ਼ੀ ਹੋ ਗਏ ਸਨ, ਜਿਸ ਦੇ ਬਦਲੇ ਵਿੱਚ ਮੁਲਜ਼ਮਾਂ ਨੂੰ 2.30 ਕਰੋੜ ਰੁਪਏ ਦੀ ਨਕਦੀ ਬਿਆਨੇ ਦੇ ਤੌਰ ’ਤੇ ਦਿੱਤੀ ਗਈ ਸੀ। ਇਸ ਤੋਂ ਇਲਾਵਾ 70 ਲੱਖ ਰੁਪਏ ਦੇ ਚੈੱਕ ਵੀ ਵੱਖਰੇ ਤੌਰ 'ਤੇ ਦਿੱਤੇ ਗਏ ਸਨ ਪਰ ਦੋਸ਼ੀਆਂ ਨੇ ਨਿਰਧਾਰਤ ਸਮੇਂ 'ਚ ਚੈੱਕ ਕਲੀਅਰ ਨਹੀਂ ਕਰਵਾਏ |
ਜਿਸ ਤੋਂ ਬਾਅਦ ਸੌਰਵ ਗੋਇਲ ਨੇ ਰੁਪਿੰਦਰ ਸਿੰਘ ਨੂੰ ਚੈੱਕ ਕਲੀਅਰ ਨਾ ਹੋਣ ਦਾ ਕਾਰਨ ਪੁੱਛਿਆ, ਜਿਸ 'ਤੇ ਰੁਪਿੰਦਰ ਨੇ ਕਿਹਾ ਕਿ ਉਹ ਆਪਣੇ ਲੜਕੇ ਦੇ ਵਿਆਹ 'ਚ ਰੁੱਝਿਆ ਹੋਇਆ ਹੈ। ਜਲਦੀ ਹੀ ਕਲੀਅਰ ਕਰਵਾ ਦੇਣਗੇ ਪਰ ਚੈੱਕ ਕਲੀਅਰ ਨਹੀਂ ਹੋਏ। ਪੁੱਛਣ 'ਤੇ ਰੁਪਿੰਦਰ ਹਰ ਵਾਰ ਬਹਾਨੇ ਬਣਾਉਂਦਾ ਰਿਹਾ।
ਮੁਲਜ਼ਮਾਂ ਨੇ ਬਹਾਨਾ ਬਣਾਉਂਦੇ ਹੋਏ ਕਿਹਾ ਕਿ ਸੀਏ ਨੇ ਨਵੇਂ ਵਿੱਤੀ ਸਾਲ ਵਿੱਚ ਚੈੱਕ ਕਲੀਅਰ ਕਰਵਾਓ ਪਰ 15 ਮਾਰਚ 2024 ਤੱਕ ਵੀ ਚੈਕ ਕਲੀਅਰ ਨਹੀਂ ਕਰਵਾਏ ਤੇ ਸੇਲ ਐਗਰੀਮੈਂਟ ਦੇ ਮੁਤਾਬਿਕ ਅਗਲੀ ਪੇਮੈਂਟ 2 ਕਰੋੜ ਦਾ ਸਮਾਂ ਵੀ 15 ਮਾਰਚ ਤੋਂ ਪਹਿਲਾਂ ਸੀ। ਜਿਸ ਨੂੰ ਲੈ ਕੇ ਆਰੋਪੀਆਂ ਨੇ ਕੋਈ ਸੰਪਰਕ ਨਹੀਂ ਕੀਤਾ।
ਸੌਰਵ ਨੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਸੀ ਕਿ ਮੁਲਜ਼ਮਾਂ ਨੇ ਉਸ ਨਾਲ ਠੱਗੀ ਮਾਰੀ ਹੈ, ਬਾਅਦ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਮੁਲਜ਼ਮ ਨੇ ਪਲਾਟ ਦਾ ਸੌਦਾ ਕਿਸੇ ਹੋਰ ਨਾਲ ਕੀਤਾ ਸੀ ਅਤੇ 10 ਲੱਖ ਰੁਪਏ ਦੀ ਬਿਆਨਾ ਵੀ ਲੈ ਲਿਆ ਸੀ, ਜਿਸ ਦੇ ਸਬੂਤ ਵੀ ਸੌਰਵ ਕੋਲ ਹਨ। ਇਸ ਸਬੰਧੀ ਸੌਰਵ ਗੋਇਲ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ।
ਪੁਲਿਸ ਵੱਲੋਂ ਤਫਤੀਸ਼ ਕਰਨ ਉਪਰੰਤ ਉਕਤ ਸਾਰੇ ਦੋਸ਼ੀਆਂ ਖਿਲਾਫ ਥਾਣਾ ਫੇਜ਼ 1 ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਉਨ੍ਹਾਂ ਦਾ ਸੌਰਵ ਗੋਇਲ ਨਾਲ ਕੋਈ ਐਗਰੀਮੈਂਟ ਨਹੀਂ ਹੋਇਆ ਸੀ। ਜੋ ਕਿ ਪੁਲਿਸ ਜਾਂਚ ਵਿੱਚ ਗਲਤ ਪਾਇਆ ਗਿਆ।