
ਕਿਹਾ ਸੁਖਬੀਰ ਦਾ ਕੱਲ੍ਹ ਸੰਸਦ ਵਿੱਚੋਂ ਬਾਹਰ ਰਹਿਣਾ ਸਿੱਧ ਕਰਦਾ ਹੈ ਕਿ ਉਸ ਨੂੰ ਆਰਡੀਨੈਂਸ ਪੇਸ਼ ਕਰਨ ਬਾਰੇ ਪਤਾ ਸੀ
ਚੰਡੀਗੜ੍ਹ, 15 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਕੇਂਦਰ ਵੱਲੋਂ ਖੇਤੀਬਾੜੀ ਆਰਡੀਨੈਂਸਾਂ ਨੂੰ ਬੀਤੇ ਦਿਨ ਸੰਸਦ ਵਿੱਚ ਪੇਸ਼ ਕਰਨ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਾ ਸੂਬੇ ਦੀ ਕਿਸਾਨੀ ਦੇ ਹਿੱਤਾ ਦੀ ਰੱਖਿਆ ਕਰਨ ਦੇ ਦਾਅਵਿਆਂ ਦਾ ਝੂਠ ਨੰਗਾ ਹੋ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਇਨ੍ਹਾਂ ਆਰਡੀਨੈਂਸਾਂ ਨੂੰ ਅੱਗੇ ਪਾਉਣ ਦੀ ਅਖੌਤੀ ਅਪੀਲ ਦੇ ਬਾਵਜੂਦ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੇ ਇਨ੍ਹਾਂ ਆਰਡੀਨੈਂਸਾਂ ਨੂੰ ਸੰਸਦ ਸੈਸ਼ਨ ਦੇ ਪਹਿਲੇ ਹੀ ਦਿਨ ਪੇਸ਼ ਕਰ ਦਿੱਤਾ ਜਿਸ ਤੋਂ ਸਿੱਧ ਹੁੰਦਾ ਹੈ ਕਿ ਅਕਾਲੀ ਇਸ ਮੁੱਦੇ ਸਬੰਧੀ ਡਰਾਮੇਬਾਜ਼ੀ ਕਰ ਰਹੇ ਸਨ।
Sukhbir Badal
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਸੋਮਵਾਰ ਨੂੰ ਸਦਨ ਤੋਂ ਬਾਹਰ ਸੀ ਜਦੋਂ ਇਹ ਆਰਡੀਨੈਂਸ ਸੰਸਦ ਵਿੱਚ ਕਾਨੂੰਨ ਬਣਾਉਣ ਲਈ ਪੇਸ਼ ਹੋਏ ਜਿਸ ਤੋਂ ਸਿੱਧ ਹੁੰਦਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸਾਰਾ ਡਰਾਮਾ ਕਿਸਾਨ ਜਥੇਬੰਦੀਆਂ ਨੂੰ ਪਰਚਾਉਣ ਵਾਸਤੇ ਰਚਿਆ ਗਿਆ ਸੀ ਜਿਨ੍ਹਾਂ ਨੇ ਇਸ ਵੇਲੇ ਆਰਡੀਨੈਂਸਾਂ ਦਾ ਸਖਤ ਵਿਰੋਧ ਕਰਦਿਆਂ ਕੇਂਦਰ ਸਰਕਾਰ ਖਿਲਾਫ ਕਮਰ ਕਸੀ ਹੋਈ ਹੈ।
Shiromani Akali Dal
ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਸਾਫ ਝਲਕਦਾ ਹੈ ਕਿ ਕਿਸਾਨਾਂ ਤੇ ਸੂਬਿਆਂ ਦੇ ਹਿੱਤਾਂ ਨੂੰ ਅੱਖੋ ਪਰੋਖੇ ਕਰਦਿਆਂ ਸਾਜਿਸ਼ ਰਚੀ ਗਈ ਜਦੋਂ ਕਿ ਖੇਤੀਬਾੜੀ ਸੰਵਿਧਾਨ ਅਨੁਸਾਰ ਸੂਬਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ, ''ਨਹੀਂ ਤਾਂ ਸੁਖਬੀਰ ਸੰਸਦ ਦੇ ਪਹਿਲੇ ਹੀ ਦਿਨ ਗਾਇਬ ਕਿਉਂ ਰਹਿੰਦਾ।'' ਅਕਾਲੀ ਦਲ ਦੇ ਪ੍ਰਧਾਨ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਇਹ ਆਰਡੀਨੈਂਸ ਜਿਨ੍ਹਾਂ ਉਤੇ ਅਕਾਲੀ ਦਲ ਨੇ ਵੀ ਮੋਹਰ ਲਗਾਈ ਹੈ, ਕਾਨੂੰਨ ਬਣਾਉਣ ਲਈ ਸੰਸਦ ਵਿੱਚ ਲਿਆਂਦੇ ਜਾਣਗੇ।
Capt Amrinder Singh-Sukhbir Badal
ਉਨ੍ਹਾਂ ਕਿਹਾ ਕਿ ਇਨ੍ਹਾਂ ਅਕਾਲੀਆਂ ਨੇ ਵਿਧਾਨ ਸਭਾ ਦੇ ਇਕ ਰੋਜ਼ਾ ਸੈਸ਼ਨ ਦੌਰਾਨ ਵੀ ਇਹੋ ਹੱਥਕੰਡੇ ਅਪਣਾਏ ਸਨ ਅਤੇ ਆਰਡੀਨੈਂਸ ਵਿਰੋਧੀ ਮਤੇ ਦੇ ਹੱਕ ਵਿੱਚ ਵੋਟ ਤੋਂ ਬਚਣ ਲਈ ਉਸ ਸਮੇਂ ਅਕਾਲੀ ਦਲ ਗੈਰ ਹਾਜ਼ਰ ਰਿਹਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਜਿਹੜਾ ਕੇਂਦਰ ਵਿੱਚ ਸੱਤਾਧਾਰੀ ਗਠਜੋੜ ਦਾ ਹਿੱਸਾ ਬਣ ਕੇ ਕਿਸਾਨ ਵਿਰੋਧੀ ਤੇ ਸੰਘੀ ਢਾਂਚੇ ਵਿਰੋਧੀ ਆਰਡੀਨੈਂਸਾਂ ਨੂੰ ਹਰੀ ਝੰਡੀ ਦਿੱਤੇ ਜਾਣ ਵਿੱਚ ਮੋਹਰੀ ਰਿਹਾ, ਹੁਣ ਆਰਡੀਨੈਂਸਾਂ ਬਾਰੇ ਸਪੱਸ਼ਟੀਕਰਨ ਅਤੇ ਸੋਧਾਂ ਦਾ ਡਰਾਮਾ ਰਚ ਰਿਹਾ ਹੈ ਤਾਂ ਜੋ ਕਿਸਾਨ ਜਥੇਬੰਦੀਆਂ ਅਤੇ ਯੂਨੀਅਨਾਂ ਨੂੰ ਵਰਗਲਾਇਆ ਜਾ ਸਕੇ ਪਰ ਇਨ੍ਹਾਂ ਵਰਗਾਂ ਨੇ ਹੁਣ ਅਕਾਲੀ ਦਲ ਦੇ ਨਾਟਕ ਪਿੱਛੇ ਲੁਕਿਆ ਅਸਲ ਸੱਚ ਦੇਖ ਲਿਆ ਹੈ।
Farmer
ਮੁੱਖ ਮੰਤਰੀ ਨੇ ਕਿਹਾ, ''ਤੁਸੀਂ ਸਮਝ ਰਹੇ ਹੋ ਕਿ ਪੰਜਾਬ ਦੇ ਲੋਕ ਤੇ ਕਿਸਾਨ ਨਾਸਮਝ ਹਨ? ਉਹ ਹੁਣ ਤੁਹਾਡੀਆਂ ਡਰਾਮੇਬਾਜ਼ੀਆਂ ਅਤੇ ਮੱਗਰਮੱਛ ਦੇ ਹੰਝੂ ਕੇਰਨ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ।'' ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਵੱਲੋਂ ਇਹ ਕੋਸ਼ਿਸ਼ਾਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੇ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣ ਲਈ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਅਕਾਲੀਆਂ ਨੂੰ 2017 ਵਾਂਗ ਖਮਿਆਜ਼ਾ ਭੁਗਤਣਾ ਪਵੇਗਾ।
Captain Amarinder Singh
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਪੰਜਾਬ ਦੇ ਹਿੱਤ ਵਿੱਚ ਕਿਸੇ ਵੀ ਵੱਡੇ ਮੁੱਦੇ 'ਤੇ ਇਕ ਵਾਰ ਸੋਚ-ਵਿਚਾਰ ਕਰ ਲੈਣ ਤੋਂ ਬਾਅਦ ਤੁਸੀਂ ਯੂ.ਟਰਨ ਨਹੀਂ ਲੈ ਸਕਦੇ ਤੇ ਨਾ ਹੀ ਆਪਣਾ ਫੈਸਲਾ ਬਦਲ ਸਕਦੇ ਹੋ ਅਤੇ ਲੋਕ ਤੁਹਾਡੇ ਪਾਸੋਂ ਇਹ ਆਸ ਕਿਵੇਂ ਕਰਨ ਕਿ ਤੁਸੀਂ ਸੰਜੀਦਾ ਹੋ।'' ਉਨ੍ਹਾਂ ਨੇ ਸੀ.ਏ.ਏ. ਬਾਰੇ ਅਕਾਲੀਆਂ ਦੇ ਦੋਗਲੇਪਣ ਦਾ ਵੀ ਜ਼ਿਕਰ ਕੀਤਾ ਜਿਸ ਦਾ ਪਹਿਲਾਂ ਤਾਂ ਕੇਂਦਰ ਵਿੱਚ ਭਾਈਵਾਲ ਹੋਣ ਦੇ ਨਾਤੇ ਸਮਰਥਨ ਕੀਤਾ ਅਤੇ ਬਾਅਦ ਵਿੱਚ ਇਸ ਵਿਵਾਦਗ੍ਰਸਤ ਗੈਰ-ਸੰਵਿਧਾਨਕ ਕਾਨੂੰਨ ਦੀ ਮੁਖਾਲਫ਼ਤ ਕਰਨ ਦਾ ਡਰਾਮਾ ਰਚਿਆ।
Shiromani Akali Dal
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਸਤਲੁਜ ਯਮੁਨਾ ਲਿੰਕ ਨਹਿਰ ਲਈ ਪ੍ਰਵਾਨਗੀ ਦੇ ਕੇ ਪੰਜਾਬ ਦੇ ਪਾਣੀਆਂ ਦੇ ਅਧਿਕਾਰਾਂ ਨੂੰ ਵੇਚਣ ਤੋਂ ਲੈ ਕੇ ਹੁਣ ਕਿਸਾਨਾਂ, ਜਿਨ੍ਹਾਂ ਨੇ ਦਹਾਕਿਆਂ ਤੱਕ ਮੁਲਕ ਲਈ ਅਨਾਜ ਪੈਦਾ ਕੀਤਾ, ਦੇ ਹਿੱਤ ਵੇਚ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਅਕਾਲੀ ਦਲ ਨੇ ਪੰਜਾਬ ਦੇ ਹਿੱਤਾਂ ਲਈ ਕੱਖ ਨਹੀਂ ਕੀਤਾ ਸਗੋਂ ਸਾਲਾਂ ਤੋਂ ਆਪਣੇ ਸੌੜੇ ਸਿਆਸੀ ਮੁਫ਼ਾਦ ਅੱਗੇ ਵਧਾਉਣ ਲਈ ਸੂਬੇ ਦੇ ਹਿੱਤਾਂ ਨਾਲ ਸੌਦੇਬਾਜ਼ੀ ਕੀਤੀ।
Harpal Cheema
ਇਸੇ ਦੌਰਾਨ ਮੁੱਖ ਮੰਤਰੀ ਨੇ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਵੱਲੋਂ ਖੇਤੀ ਆਰਡੀਨੈਂਸਾਂ ਵਿੱਚ ਕਾਂਗਰਸ ਅਤੇ ਅਕਾਲੀ-ਭਾਜਪਾ ਦਰਮਿਆਨ ਗੰਢਤੁੱਪ ਦੇ ਦੋਸ਼ ਲਾਉਣ ਦੇ ਬਿਆਨਾਂ ਦੀ ਖਿੱਲੀ ਉਡਾਉਂਦਿਆਂ ਆਪ ਲੀਡਰਾਂ ਨੂੰ ਆਪਣਾ ਮੂੰਹ ਖੋਲ੍ਹਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਆਲੋਚਨਾ ਕਰਨ ਦੇ ਕਾਹਲਪੁਣੇ ਵਿੱਚ ਆਮ ਆਦਮੀ ਪਾਰਟੀ ਸੱਚਾਈ ਨੂੰ ਜਾਣੇ ਬਿਨਾਂ ਬੇਸਿਰ-ਪੈਰ ਬਿਆਨ ਦਾਗਣ ਦੀ ਆਦਤ ਦਾ ਸ਼ਿਕਾਰ ਹੋ ਚੁੱਕੀ ਹੈ।
Aman Arora
ਕੋਵਿਡ ਸਮੇਤ ਕਈ ਮੁੱਦਿਆਂ ਆਪ ਦੇ ਲੀਡਰਾਂ ਵੱਲੋਂ ਹਾਲ ਹੀ ਵਿੱਚ ਦਿੱਤੇ ਬਿਆਨਾਂ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਕੰਮਾਂ ਕਰਕੇ ਪੰਜਾਬ ਵਿੱਚ 'ਆਪ' ਮਜ਼ਾਕ ਦਾ ਪਾਤਰ ਬਣੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਉਪਰ ਅਕਾਲੀ-ਭਾਜਪਾ ਨਾਲ ਗੰਢਤੁੱਪ ਹੋਣ ਦੇ ਤਾਜ਼ਾ ਬਿਆਨ ਨਾ ਸਿਰਫ ਬੇਹੂਦਾ ਹਨ ਸਗੋਂ ਇਨ੍ਹਾਂ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਆਮ ਆਦਮੀ ਪਾਰਟੀ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਸੂਬੇ ਵਿੱਚ ਗਲਤ ਅਤੇ ਬੇਬੁਨਿਆਦ ਜਾਣਕਾਰੀ ਫੈਲਾਉਣ ਲਈ ਪੱਬਾਂ ਭਾਰ ਹੋਈ ਪਈ ਹੈ।