
ਬਠਿੰਡਾ ਦੇ ਹਸਪਤਾਲ ਵਿਚ ਥਾਣੇਦਾਰ 'ਤੇ ਹਮਲਾ ਕਰ ਕੇ ਹਵਾਲਾਤੀ ਹੋਇਆ ਫ਼ਰਾਰ
ਦੋ ਦਿਨ ਪਹਿਲਾਂ ਜੇਲ 'ਚ ਫਾਹਾ ਲੈ ਕੇ ਕੀਤੀ ਸੀ ਆਤਮ ਹਤਿਆ ਦੀ ਕੋਸ਼ਿਸ
ਬਠਿੰਡਾ, 14 ਸਤੰਬਰ (ਸੁਖਜਿੰਦਰ ਮਾਨ): ਸਥਾਨਕ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਚੋਂ ਅੱਜ ਸਵੇਰੇ ਇਕ ਹਵਾਲਾਤੀ ਥਾਣੇਦਾਰ 'ਤੇ ਹਮਲਾ ਕਰ ਕੇ ਫ਼ਰਾਰ ਹੋ ਗਿਆ। ਸਥਾਨਕ ਕੇਂਦਰੀ ਜੇਲ 'ਚ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਜੇਲ 'ਚ ਬੰਦ ਬਲਕਾਰ ਸਿੰਘ ਨਾਂ ਦੇ ਹਵਾਲਾਤੀ ਨੇ ਦੋ ਦਿਨ ਪਹਿਲਾਂ ਜੇਲ ਦੀ ਬੈਰਕ 'ਚ ਫਾਹਾ ਲੈ ਕੇ ਖ਼ੁਦਕਸ਼ੀ ਦੀ ਕੋਸ਼ਿਸ਼ ਕੀਤੀ ਸੀ। ਥਾਣਾ ਕੋਤਵਾਲੀ ਦੀ ਪੁਲਿਸ ਨੇ ਫ਼ਰਾਰ ਹੋਏ ਹਵਾਲਾਤੀ ਬਲਕਾਰ ਸਿੰਘ ਵਿਰੁਧ ਧਾਰਾ 224 ਅਤੇ 332 ਆਈ.ਪੀ.ਸੀ ਤਹਿਤ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿਤੀ ਹੈ। ਸੂਚਨਾ ਮੁਤਾਬਕ ਹਵਾਲਾਤੀ ਦੇ ਹਮਲੇ ਦਾ ਸ਼ਿਕਾਰ ਹੋਏ ਥਾਣੇਦਾਰ ਮੋਹਨ ਲਾਲ ਦੀ ਹਾਲਾਤ ਠੀਕ ਦਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਬੀਤੇ ਕਲ ਸਥਾਨਕ ਥਾਣਾ ਕੈਂਟ ਦੀ ਪੁਲਿਸ ਨੇ ਵੀ ਜੇਲ ਅਧਿਕਾਰੀਆਂ ਦੀ ਸ਼ਿਕਾਇਤ 'ਤੇ ਬਲਕਾਰ ਸਿੰਘ ਵਿਰੁਧ ਆਤਮ ਹਤਿਆ ਦੀ ਕੋਸ਼ਿਸ਼ ਦੇ ਦੋਸ਼ਾਂ ਹੇਠ ਧਾਰਾ 309, ਜੇਲ ਅਧਿਕਾਰੀਆਂ ਨੂੰ ਧਮਕੀਆਂ ਦੇਣ ਦੇ ਦੋਸ਼ਾਂ ਹੇਠ 506 ਅਤੇ ਜੇਲਮੈਨੂਅਲ ਐਕਟ 52 ਏ ਤਹਿਤ ਕੇਸ ਦਰਜ ਕੀਤਾ ਸੀ। ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਜਲੰਧਰ ਦੇ ਪਿੰਡ ਅੱਪਰਾ ਦੇ ਰਹਿਣ ਵਾਲੇ ਬਲਕਾਰ ਸਿੰਘ ਵਿਰੁਧ ਬਰਨਾਲਾ ਜ਼ਿਲ੍ਹੇ ਦੇ ਥਾਣਾ ਮਹਿਲ ਕਲਾਂ 'ਚ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਮੁਕੱਦਮਾ ਨੰਬਰ 61 ਮਿਤੀ 14 ਜਨਵਰੀ 2018 ਨੂੰ ਪਰਚਾ ਦਰਜ ਹੋਇਆ ਸੀ ਜਿਸ ਤੋਂ ਬਾਅਦ ਪਹਿਲਾਂ ਬਰਨਾਲਾ ਅਤੇ ਫ਼ਿਰ ਬਠਿੰਡਾ ਜੇਲ ਭੇਜਿਆ ਗਿਆ ਸੀ। ਜੇਲ ਅਧਿਕਾਰੀਆਂ ਮੁਤਾਬਕ ਰਿਹਾਈ ਦੀ ਮੰਗ ਨੂੰ ਲੈ ਕੇ ਪਹਿਲਾਂ ਵੀ ਬਲਕਾਰ ਸਿੰਘ ਨੇ ਅਪਣੀਆਂ ਹੱਥਾਂ ਦੀਆਂ ਨਾੜਾਂ ਕੱਟਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਦੋ ਦਿਨ ਪਹਿਲਾਂ ਜੇਲ ਦੀ ਬੈਰਕ ਅੰਦਰ ਅਪਣੇ ਸਿਰ 'ਤੇ ਬੰਨੇ ਹੋਈ ਪੱਗ ਦੇ ਨਾਲ ਫਾਹਾ ਲੈਣ ਦੀ ਕੋਸ਼ਿਸ਼ ਕੀਤੀ। ਸਮਾਂ ਰਹਿੰਦੇ ਪਤਾ ਲੱਗਣ 'ਤੇ ਉਸ ਨੂੰ ਜੇਲ ਅੰਦਰ ਬਣੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਸਿਵਲ ਹਸਪਤਾਲ ਰੈਫ਼ਰ ਕਰ ਦਿਤਾ। ਪੁਲਿਸ ਅਧਿਕਾਰੀਆਂ ਮੁਤਾਬਕ ਅੱਜ ਸਵੇਰੇ ਹਵਾਲਾਤੀ ਬਲਕਾਰ ਸਿੰਘ ਨੇ ਗਾਰਦ 'ਤੇ ਤੈਨਾਤ ਥਾਣੇਦਾਰ ਮੋਹਨ ਲਾਲ ਨੂੰ ਕਿਹਾ ਕਿ ਉਸ ਦੇ ਸਿਰ ਵਿਚ ਤੇਜ਼ ਦਰਦ ਹੋ ਰਿਹਾ ਹੈ ਅਤੇ ਉਸ ਨੂੰ ਡਾਕਟਰ ਕੋਲ ਲਿਜਾਇਆ ਜਾਵੇ।image