ਜਨਤਾ ਦੀ ਸੇਵਾਂ ਵਿਚ 60 ਹੋਰ ਲਾਈਨਾਂ ਚਾਲੂ
ਲੁਧਿਆਣਾ, 15 ਸਤੰਬਰ (ਸੋਪਕਸਮੈਨ ਸਮਾਚਾਰ ਸੇਵਾ): ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਮੰਗਲਵਾਰ ਨੂੰ ਅਪਣੇ ਬਿਜਲੀ ਕਾਲ ਸੈਂਟਰ 1912 ਦਾ ਵਿਸਥਾਰ ਕਰ ਕੇ ਇਸ ਨੂੰ ਵਧਾ ਕੇ ਕੁਲ 120 ਚੈਨਲ ਕਰ ਦਿਤੇ ਹਨ। ਅੱਜ ਇੰਜਨੀਅਰ ਡੀਪੀਐਸ ਗਰੇਵਾਲ ਡਾਇਰੈਕਟਰ ਵੰਡ, ਪੀਐਸਪੀਸੀਐਲ ਵਲੋਂ ਚੋੜਾ ਬਾਜ਼ਾਰ ਲੁਧਿਆਣਾ ਵਿਖੇ 66 ਕੇ.ਵੀ. ਜੀ.ਆਈ.ਐਸ. ਸਬਸਟੇਸ਼ਨ ਦੀ ਬਣੀਨਵੀਂ ਬਿਜਲੀ ਕਾਲ ਸੈਂਟਰ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ। ਇਸ ਇਮਾਰਤ ਨੂੰ ਉਦਘਾਟਨ ਉਪਰੰਤ ਖ਼ਪਤਕਾਰਾਂ ਨੂੰ ਸਮਰਪਿਤ ਕੀਤਾ।
ਸ੍ਰੀ ਏ.ਵੇਣੂ ਪ੍ਰਸਾਦ, ਸੀਐਮਡੀ, ਪੀਐਸਪੀਸੀਐਲ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਲੁਧਿਆਣਾ ਵਿਖੇ ਸਾਲ 2009 ਤੋਂ 24 ਘੰਟੇ ਚੱਲ ਰਹੇ ਬਿਜਲੀ ਕਾਲ ਸੈਂਟਰ ਦਾ ਇਹ ਵੱਡਾ ਵਿਸਥਾਰ ਹੈ। ਉਨ੍ਹਾਂ ਦਸਿਆ ਕਿ ਇਸ ਵਿਸਥਾਰ ਨਾਲ 180 ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰੀ ਬਾਰਿਸ਼, ਤੂਫ਼ਾਨ ਕਾਰਨ, ਖਾਸਕਰ ਝੋਨੇ ਦੇ ਸੀਜਨ ਦੌਰਾਨ ਕਈ ਲਾਈਨਾਂ ਨੁਕਸਾਨਦੇਹ ਹੋ ਜਾਂਦੀਆਂ ਹਨ ਜਿਸ ਕਾਰਨ ਖ਼ਪਤਕਾਰਾਂ ਦੀਆਂ ਸ਼ਿਕਾਇਤਾਂ ਵਿਚ ਵਾਧਾ ਹੁੰਦਾਂ ਹੈ ਜਿਸ ਕਾਰਨ ਮੌਜੂਦਾ ਕਾਲ ਸੈਂਟਰ ਦੀਆਂ ਲਾਈਨਾਂ ਉਤੇ ਭਾਰੀ ਬੋਝ ਪੈ ਜਾਂਦਾ ਹੈ, ਜਿਆਦਾਤਰ ਲਾਈਨਾਂ ਵਿਅਸਤ ਹੋ ਜਾਦੀਆਂ ਹਨ ਅਤੇ ਖ਼ਪਤਕਾਰਾਂ ਦੀਆਂ ਸ਼ਿਕਾਇਤਾਂ ਦਰਜ ਕਰਵਾਉਣ ਦੀ ਮੰਗ ਨੂੰ ਪੂਰਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ, ਇਸ 60 ਵਾਧੂ ਲਾਈਨਾਂ ਸਿਸਟਮ ਨਾਲ ਜੋੜੀਆਂ ਗਈਆਂ ਹਨ।
ਨਵੀਂ ਇਮਾਰਤ ਦਾ ਉਦਘਾਟਨ ਕਰਦੇ ਹੋਏ ਇੰਜ਼: ਗਰੇਵਾਲ ਨੇ ਪ੍ਰੋਜੈਕਟ ਦੇ ਨੋਡਲ ਅਫ਼ਸਰ ਸੀਨੀਅਰ ਐਕਸੀਅਨ (ਸੀਐਸ ਐਂਡ ਆਈਟੀ) ਹਰਪ੍ਰੀਤ ਕੌਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਦਸਿਆ ਕਿ ਪੀਐਸਪੀਸੀਐਲ ਪਹਿਲਾ ਤੋਂ ਹੀ ਇਕ ਮਜ਼ਬੂਤ ਖ਼ਪਤਕਾਰ ਦੇਖਭਾਲ ਪ੍ਰਣਾਲੀ ਸਥਾਪਤ ਕਰ ਰਹੀ ਹੈ ਅਤੇ 2014 ਵਿਚ ਇਸ ਦੇ ਰੋਲਆਊਟ ਤੋਂ ਬਾਅਦ ਬਿਜਲੀ ਮੰਤਰਾਲਿਆਂ ਦੁਆਰਾ ਪੀਐਸਪੀਸੀਐਲ ਸ਼ਿਕਾਇਤ ਰੈਜੋਲੂਸ਼ਨ ਸਿਸਟਮ ਨੂੰ ਨਿਰੰਤਰ ਨੰਬਰ 1 ਦੁਆਰਾ ਨਿਰਣਾਇਤ ਕੀਤਾ ਗਿਆ ਹੈ। ਅਪਣੀਆਂ ਸੇਵਾਵਾਂ ਵਿਚ ਸੁਧਾਰ ਲਿਆਉਣ ਲਈ ਪੀਐਸਪੀਸੀਐਲ ਦੇ ਨਿਰੰਤਰ ਯਤਨ ਦੇ ਇਕ ਹਿੱਸੇ ਵਜੋਂ ਆਉਣ ਵਾਲੇ ਦੋ ਮਹੀਨਿਆਂ ਵਿਚ ਚੋੜਾ ਬਾਜ਼ਾਰ ਲੁਧਿਆਣਾ ਵਿਖੇ ਇਕ ਨਵਾਂ ਕਾਲ ਸੈਂਟਰ ਨਵੀਂ ਦਿੱਲੀ ਸਥਿਤ ਆਊਟਸੋਰਸ ਵਿਕਰੇਤਾ ਮੈਸ: ਆਈਸੀਸੀਐਸ ਦੁਆਰਾ 41 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਹੋ ਚੁੱਕਿਆ ਹੈ।