
ਸੁਖਬੀਰ ਤੇ ਹਰਸਿਮਰਤ ਦੇ ਲੋਕ ਸਭਾ 'ਚੋਂ ਗ਼ੈਰ ਹਾਜ਼ਰ ਹੋਣ 'ਤੇ ਰਵਿੰਦਰ ਸਿੰਘ
ਕੌਮ ਨਾਲ ਗ਼ਦਾਰੀ ਕਰਨ ਵਾਲੇ ਕਿਸਾਨਾਂ ਨਾਲ ਧੋਖਾ ਕਿਉਂ ਨਹੀਂ ਕਰਨਗੇ
ਚੰਡੀਗੜ੍ਹ, 14 ਸਤੰਬਰ (ਨੀਲ ਭਾਲਿੰਦਰ ਸਿੰਘ) : ਕਿਸਾਨਾਂ ਦੇ ਮੌਜੂਦਾ ਚਲ ਰਹੇ ਸਘੰਰਸ਼ ਤੇ ਬਾਦਲ ਪਰਵਾਰ ਬਾਰੇ ਸਖ਼ਤ ਟਿੱਪਣੀ ਕਰਦਿਆਂ ਅਕਾਲੀ ਦਲ 1920 ਦੇ ਪ੍ਰਧਾਨ ਸ. ਰਵੀਇੰਦਰ ਸਿੰਘ ਨੇ ਕਿਹਾ ਹੈ ਕਿ ਕਿਸਾਨ ਬਾਦਲ ਪਰਵਾਰ ਤੋਂ ਕੋਈ ਆਸ ਨਾ ਰੱਖਣ ਕਿ ਬਾਦਲ ਪਰਵਾਰ ਕਿਸਾਨਾਂ ਦੇ ਹਿੱਤਾਂ 'ਤੇ ਪਹਿਰਾ ਦੇਣ ਲਈ ਸ਼ਾਇਦ ਕੇਂਦਰ 'ਚਂੋ ਵਜ਼ੀਰੀ ਨੂੰ ਲੱਤ ਮਾਰ ਦੇਵੇਗਾ, ਇਹ ਕਿਸਾਨਾਂ ਦੀ ਬਹੁਤ ਵੱਡੀ ਭੁੱਲ ਹੋਵੇਗੀ। ਕਿਉਂ ਕਿ ਬਾਦਲ ਪਰਵਾਰ ਨੇ ਤਾਂ ਰਾਜ ਭਾਗ ਅਤੇ ਵਜ਼ੀਰੀਆਂ ਹਾਸਲ ਕਰਨ ਲਈ ਅਪਣੇ ਧਰਮ ਨੂੰ ਹੀ ਲੱਤ ਮਾਰ ਦਿਤੀ ਹੈ। ਸਿੱਖਾਂ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਅਰਸ਼ ਤੋਂ ਫ਼ਰਸ ਤੇ ਲਿਆਂਦਾ ਹੈ। ਬਾਦਲਾਂ ਦੇ ਦੋਗਲੇ ਚਿਹਰੇ ਬਾਰੇ ਸਪਸ਼ਟ ਕਰਦਿਆਂ ਸ. ਰਵੀਇੰਦਰ ਸਿੰਘ ਨੇ ਕਿਹਾ ਨੇ ਕਿ ਪੂਰਾ ਪਰਵਾਰ ਰਾਜਨੀਤੀ ਲਾਭ ਲੈਣ ਲਈ ਗਿਰਗਟ ਵਾਂਗ ਰੰਗ ਬਦਲਣ ਦਾ ਮਾਹਰ ਹੈ ਜੋ ਕਿ ਪਿਛਲੇ ਦਸ ਦਿਨਾਂ ਵਿਚ ਹੀ ਸੱਭ ਕਿਸਾਨ ਵੇਖ ਚੁੱਕੇ ਹਨ, ਪਿਉ (ਪ੍ਰਕਾਸ਼ ਸਿੰਘ ਬਾਦਲ) ਬੋਲੀ ਹੋਰ ਬੋਲਦਾ ਹੈ ਅਤੇ ਪੁੱਤ (ਸੁਖਬੀਰ) ਬੋਲੀ ਹੋਰ ਬੋਲਦਾ ਹੈ। ਪ੍ਰਕਾਸ਼ ਖੇਤੀ ਆਰਡੀਨੈਂਸ ਦੇ ਹੱਕ ਵਿਚ ਬਿਆਨ ਦੇ ਰਿਹਾ ਹੈ ਅਤੇ ਸੁਖਬੀਰ ਦਿੱਲੀ ਤੋਂ ਗਿਦੜ ਚਿੱਠੀ ਲਿਆਉਣ ਦਾ ਡਰਾਮਾ ਕਰ ਰਿਹਾ ਹੈ। ਕਿਸਾਨਾਂ ਨੂੰ ਜਰਾ ਸੋਚਣਾ ਚਾਹੀਦਾ ਹੈ ਜੇਕਰ ਬਾਦਲ ਦੇ ਕਹੇ ਅਨੁਸਾਰ ਖੇਤੀ ਆਰਡੀਨੈਂਸ ਕਿਸਾਨਾਂ ਦੇ ਹਿੱਤ ਵਿਚ ਹੈ ਤਾਂ ਦਿੱਲੀ ਤੋਂ ਗਿਦੜ ਚਿੱਠੀ ਲਿਆਉਣ ਦੀ ਕੀ ਜ਼ਰੂਰਤ ਸੀ? ਫਿਰ ਦਿੱਲੀ ਜਾ ਕੇ ਖੇਤੀ ਮੰਤਰੀ ਨਾਲ ਗੱਲ ਕਰਨ ਦੀ ਕੀ ਤੁੱਕ ਹੈ? ਅਤੇ ਹੁਣ ਸਾਰੀਆਂ ਧਿਰਾਂ ਦੇ ਨੁਮਾਇੰਦਿਆਂ ਨੂੰ ਦਿੱਲੀ ਲਿਜਾ ਕੇ ਮਸਲੇ ਦਾ ਹੱਲ ਕਰਨ ਦੀਆਂ ਗੱਲਾਂ ਕਰਨ ਦੇ ਵੀ ਕੀ ਅਰਥ ਹਨ? ਉਹਨਾਂ ਸਾਰੀਆਂ ਕਿਸਾਨੀ ਹਿਤਾਂ ਲਈ ਲੜ ਰਹੀਆਂ ਧਿਰਾਂ ਨੂੰ ਮੁਖਾਵਿਤ ਹੁੰਦਿਆਂ ਕਿਹਾ ਕਿ ਇਸ ਪਰਵਾਰ ਤੋਂ ਜਿੰਨੀ ਦੂਰੀ ਬਣਾ ਕੇ ਰਖੀ ਜਾਵੇ ਉਨੀ ਹੀ ਚੰਗੀ ਹੈ ਕਿਉਂ ਕਿ ਇਹ ਪਰਵਾਰ ਤਾਂ ਨਾਲ ਜਾ ਕੇ ਵੇਚਣ ਦੀ ਸਮਰੱਥਾ ਰੱਖਦਾ ਹੈ। ਜਿਸ ਦੇ ਸਬੂਤ ਸੱਭ ਦੇ ਸਾਹਮਣੇ ਹਨ ਇਸ ਨੇ ਤਾਂ ਸਿੱਖ ਕੌਮ ਦੇ ਹਿੱਤ ਵੇਚ ਦਿਤੇ ਅਤੇ ਸੌਦੇ ਸਾਧ ਵਰਗੇ ਅਨੇਕਾਂ ਸਾਧਾਂ ਕੋਲ ਕੌਮ ਵੇਚ ਦਿਤੀ। ਸਿੱਖਾਂ ਦੇ ਕਾਤਲਾਂ ਕੋਲ ਸਿੱਖਾਂ ਦੀ ਨੌਜਵਾਨੀ ਵੇਚ ਦਿਤੀ। ਸਿੱਖਾਂ ਦੇ ਸਾਰੇ ਸਘੰਰਸ਼, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦਾ ਚੰਡੀਗੜ੍ਹ, ਹੋਰ ਤਾਂ ਹੋਰ ਹਰਿਆਣੇ ਕੋਲ ਕਿਸਾਨਾਂ ਦਾ ਪਾਣੀ ਵੇਚ ਦਿਤਾ ਇਥੋਂ ਤਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਸਾਰੇ ਸੰਘਰਸ਼ ਹੀ ਵੇਚ ਦਿਤੇ।
ਫਿਰ ਹੋਰ ਕਿੰਨਾਂ ਕੁ ਪਰਖਿਆ ਜਾ ਸਕਦਾ ਹੈ। ਇਸ ਲਈ ਹੋਰ ਪਰਖਣ ਦੀ ਬਜਾਏ ਇਸ ਪਰਵਾਰ ਤੋਂ ਦੂਰੀ ਹੀ ਬਣਾ ਕੇ ਰੱਖੀ ਜਾਵੇ। ਜਿਥੇ ਇਹ ਪਰਵਾਰ ਹਿੱਤ ਵੇਚਣ ਦਾ ਮਾਹਰ ਹੈ ਉਥੇ ਖ਼ਰੀਦਣ ਦਾ ਵੀ ਮਾਹਰ ਹੈ।
image