
ਪਾਪੜ ਵੇਚਣ ਵਾਲੇ ਨਾਲ ਮੁੱਖ ਮੰਤਰੀ ਨੇ ਕੀਤੀ ਵੀਡੀਉ ਕਾਲ ਰਾਹੀਂ ਗੱਲਬਾਤ
ਮਨਪ੍ਰੀਤ ਸਿੰਘ ਦੀ ਹਿੰਮਤ ਤੇ ਜਜ਼ਬੇ ਨੂੰ ਕੀਤੀ ਸਲਾਮ
ਅੰਮ੍ਰਿਤਸਰ, 14 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਬੀਤੇ ਦਿਨੀ ਅੰਮ੍ਰਿਤਸਰ ਦੇ ਲੜਕੇ ਮਨਪ੍ਰੀਤ ਸਿੰਘ ਦੀ ਪਾਪੜ-ਵੜੀਆਂ ਵੇਖਦੇ ਦੀ ਵੀਡੀਉ, ਜਿਸ ਵਿਚ ਉਹ ਵਾਧੂ ਪੈਸੇ ਲੈਣ ਤੋਂ ਇਨਕਾਰ ਕਰਦਾ ਵਿਖਾਈ ਦਿਤਾ ਸੀ, ਨੂੰ ਪੰਜ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਸੀ, ਨਾਲ ਅੱਜ ਵੀਡੀਉ ਕਾਲ ਜ਼ਰੀਏ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਬੱਚੇ ਦੇ ਜਜ਼ਬੇ ਅਤੇ ਹਿੰਮਤ ਨੂੰ ਸਲਹਾਉਂਦੇ ਕਿਹਾ ਕਿ ਤੁਹਾਡੇ ਵਰਗੇ ਬੱਚੇ ਪੰਜਾਬੀਅਤ ਦੇ ਅਲੰਬਰਦਾਰ ਹਨ, ਜੋ ਕਿ ਅਪਣੀ ਮਿਹਨਤ ਨਾਲ ਕਮਾਈ ਕਰ ਕੇ ਅਪਣੇ ਪਰਵਾਰ ਦੀ ਰੋਟੀ ਚਲਾ ਰਹੇ ਹਨ। ਉਨ੍ਹਾਂ ਨੇ ਮਨਪ੍ਰੀਤ ਸਿੰਘ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਾ ਵਚਨ ਦਿੰਦੇ ਕਿਹਾ ਕਿ ਸਰਕਾਰ ਤੁਹਾਡੀ ਅਤੇ ਤੁਹਾਡੀਆਂ ਭੈਣਾਂ ਦੀ ਪੜ੍ਹਾਈ ਦਾ ਇੰਤਜ਼ਾਮ ਵੀ ਕਰੇਗੀ, ਤਾਂ ਜੋ ਤੁਸੀਂ ਪੜ੍ਹ-ਲਿਖ ਕੇ ਅੱਗੇ ਵੱਧ ਸਕੋ। ਇਸ ਮੌਕੇ ਅਪਣੇ ਫ਼ੋਨ ਤੋਂ ਗੱਲਬਾਤ ਕਰਵਾ ਰਹੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੂੰ ਵੀ ਮੁੱਖ ਮੰਤਰੀ ਨੇ ਪਰਵਾਰ ਦੀ ਹਰ ਤਰ੍ਹਾਂ ਮਦਦ ਕਰਨ ਦੀ ਹਦਾਇਤ ਕੀਤੀ। ਮਨਪ੍ਰੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਗੱਲਬਾਤ ਕਰ ਕੇ ਉਸ ਨੂੰ ਬਹੁਤ ਚੰਗਾ ਲੱਗਾ ਅਤੇ ਹੁਣ ਉਹ ਹੋਰ ਮਨ ਲਗਾ ਕੇ ਅਪਣੇ ਕਿੱਤੇ ਦੇ ਨਾਲ-ਨਾਲ ਪੜ੍ਹਾਈ ਵੀ ਕਰੇਗਾ ਤਾਂ ਜੋ ਉਸਦਾ ਪਰਵਾਰ ਵੀ ਆਰਥਕ ਤੌਰ ਉਤੇ ਮਜ਼ਬੂਤ ਹੋ ਸਕੇ। ਉਸਨੇ ਮੁੱਖ ਮੰਤਰੀ ਵਲੋਂ ਦਿਤੀ ਆਰਥਕ ਅਤੇ ਮਾਨਸਿਕ ਸਹਾਇਤਾ ਲਈ ਧਨਵਾਦ ਵੀ ਕੀਤਾ।
ਕੈਪਸ਼ਨ—ਏ ਐਸ ਆਰ ਬਹੋੜੂ— 14— 6 ਕੈਪਟਨ ਅਮਰਿੰਦਰ ਸਿੰਘ ਸ: ਮਨਪ੍ਰੀਤ ਸਿੰਘ ਨਾਲ ਵੀਡਿਓ ਕਾਲਿੰਗ ਰਾਹੀਂ ਗੱਲਬਾਤ ਕਰਦੇ ਹੋਏ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਨਪ੍ਰੀਤ ਸਿੰਘ ਨਾਲ ਵੀਡਿਉ ਕਾਲਿੰਗ ਰਾਹੀਂ ਗੱਲਬਾਤ ਕਰਦੇ ਹੋਏ।
image