
1971 ਦੀ ਭਾਰਤ-ਪਾਕਿ ਜੰਗ ਦੀ ਸੁਨਹਿਰੀ ਜਿੱਤ ਦੇ 50 ਸਾਲਾ ਮੌਕੇ ਸਮਾਰੋਹ ਕਰਵਾਇਆ
ਲੁਧਿਆਣਾ, 14 ਸਤੰਬਰ (ਪ੍ਰਮੋਦ ਕੌਸ਼ਲ): ਅੱਜ 1971 ਦੀ ਭਾਰਤ-ਪਾਕਿ ਜੰਗ ਦੀ ਸੁਨਹਿਰੀ ਜਿੱਤ ਦੇ 50 ਸਾਲਾ ਸਮਾਰੋਹ ਮੌਕੇ ਫ਼ਲਾਇੰਗ ਅਫ਼ਸਰ ਨਿਰਮਲ ਜੀਤ ਸਿੰਘ ਸੇਖੋਂ ਸਰਕਾਰੀ ਹਾਇਰ ਸੈਕੰਡਰੀ ਸਕੂਲ, ਈਸੇਵਾਲ, ਲੁਧਿਆਣਾ ਵਿਖੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਫ਼ਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਦੇ ਬੁੱਤ ਦਾ ਉਦਘਾਟਨ, ਏਅਰ ਮਾਰਸ਼ਲ ਬੀ ਆਰ ਕਿ੍ਰਸ਼ਨਾ, ਅਤਿ ਵਿਸ਼ਿਸ਼ਟ ਸੇਵਾ ਮੈਡਲ, ਸ਼ੌਰਿਆ ਚੱਕਰ, ਏਅਰ ਅਫ਼ਸਰ ਕਮਾਂਡਿੰਗ-ਇਨ-ਚੀਫ਼, ਪਛਮੀ ਏਅਰ ਕਮਾਂਡ, ਭਾਰਤੀ ਹਵਾਈ ਸੈਨਾ ਦੁਆਰਾ ਕੀਤਾ ਗਿਆ।
ਫ਼ਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਨੂੰ 1971 ਦੀ ਭਾਰਤ-ਪਾਕਿ ਜੰਗ ਦੌਰਾਨ ਹਿੰਮਤ ਅਤੇ ਦਿ੍ਰੜ ਇਰਾਦੇ ਨਾਲ ਦੁਸ਼ਮਣ ਦੇ ਦੰਦ ਖੱਟੇ ਕਰਦਿਆਂ ਸ਼ਹੀਦੀ ਪ੍ਰਾਪਤ ਕਰਨ ਤੋਂ ਬਾਅਦ ਪਰਮਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ। ਉਹ ਭਾਰਤੀ ਹਵਾਈ ਸੈਨਾ ਦੇ ਇਕੋ-ਇਕ ਅਧਿਕਾਰੀ ਹਨ ਜਿਨ੍ਹਾਂ ਨੂੰ ਦੇਸ਼ ਦਾ ਸਰਵਉੱਚ ਬਹਾਦਰੀ ਪੁਰਸਕਾਰ ਦਿਤਾ ਗਿਆ ਹੈ।
ਏਅਰ ਅਫ਼ਸਰ ਕਮਾਂਡਿੰਗ-ਇਨ-ਚੀਫ਼ ਵਲੋਂ 1971 ਦੇ ਜੰਗੀ ਫ਼ੌਜੀਆਂ ਅਤੇ ਸ਼ਹੀਦ ਫ਼ਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਦੇ ਪ੍ਰਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਸਮਾਗਮ ਦੀ ਸਮਾਪਤੀ ਸੂਰਿਆ ਕਿਰਨ ਏਰੋਬੈਟਿਕ ਟੀਮ ਦੁਆਰਾ ਹਵਾਈ ਪ੍ਰਦਰਸ਼ਨੀ ਨਾਲ ਕੀਤੀ ਗਈ ਅਤੇ ਇਸ ਤੋਂ ਬਾਅਦ ਬਜ਼ੁਰਗਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਸਮਾਗਮ ਦੌਰਾਨ ਇੰਡੀਅਨ ਏਅਰ ਫ਼ੋਰਸ ਬੈਂਡ ਨੇ ਹਾਜ਼ਰੀਨ ਨੂੰ ਰੂਹਾਨੀ ਧੁਨਾਂ ਨਾਲ ਮੋਹਿਤ ਕੀਤਾ।