
ਦੋ ਲੱਖ ਦੱਸੀ ਜਾ ਰਹੀ ਹੈ ਭੁੱਕੀ ਦੀ ਕੀਮਤ
ਚੰਡੀਗੜ੍ਹ: ਰਾਜਸਥਾਨ ਤੋਂ ਚੰਡੀਗੜ੍ਹ ਵਿਖੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਨੇ ਉਸ ਦੇ ਕਬਜ਼ੇ 'ਚੋਂ 46.100 ਕਿਲੋ ਭੁੱਕੀ ਬਰਾਮਦ ਕੀਤੀ ਹੈ। ਮੁਲਜ਼ਮ ਦੀ ਪਛਾਣ ਯਾਸੀਨ ਮੁਹੰਮਦ ਉਰਫ਼ ਕਾਲਾ ਵਜੋਂ ਹੋਈ ਹੈ। ਸਾਰੰਗਪੁਰ ਥਾਣੇ ਦੀ ਪੁਲਿਸ ਨੇ ਉਸ ਨੂੰ ਧਨਾਸ ਦੀ ਮਿਲਕ ਕਲੋਨੀ ਵਿੱਚ ਬੀਟ ਬਾਕਸ ਨੇੜਿਓਂ ਕਾਬੂ ਕੀਤਾ। ਯਾਸੀਨ ਮਿਲਕ ਕਲੋਨੀ ਵਿੱਚ ਰਹਿੰਦਾ ਸੀ।
ਪੁਲਿਸ ਅਨੁਸਾਰ ਬਰਾਮਦ ਹੋਈ ਭੁੱਕੀ ਦੀ ਕੀਮਤ ਕਰੀਬ 2 ਲੱਖ ਰੁਪਏ ਹੈ। ਥਾਣਾ ਸਾਰੰਗਪੁਰ ਦੀ ਪੁਲਿਸ ਨੇ ਭੁੱਕੀ ਨੂੰ ਜ਼ਬਤ ਕਰਕੇ ਨਸ਼ਾ ਤਸਕਰ ਯਾਸੀਨ ਮੁਹੰਮਦ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਸਕਦੀ ਹੈ। ਸਾਰੰਗਪੁਰ ਥਾਣਾ ਇੰਚਾਰਜ ਰੋਹਿਤ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ।
ਇੱਕ ਨਸ਼ਾ ਤਸਕਰ ਰਾਜਸਥਾਨ ਤੋਂ ਭੁੱਕੀ ਲੈ ਕੇ ਧਨਾਸ ਦੀ ਮਿਲਕ ਕਲੋਨੀ ਵਿੱਚ ਆ ਰਿਹਾ ਹੈ। ਸੂਚਨਾ ਮਿਲਦੇ ਹੀ ਟੀਮ ਦਾ ਗਠਨ ਕੀਤਾ ਗਿਆ। ਮਿਲਕ ਕਲੋਨੀ ਦੇ ਬੀਟ ਬਾਕਸ ਅੱਗੇ ਨਾਕਾ ਲਾਇਆ। ਨਾਕੇ ਦੌਰਾਨ ਇੱਕ ਵਿਅਕਤੀ ਬੋਰੀ ਲੈ ਕੇ ਆਉਂਦਾ ਦੇਖਿਆ ਗਿਆ। ਜਦੋਂ ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਪਿੱਛੇ ਮੁੜਨ ਲੱਗਾ। ਪੁਲਿਸ ਨੇ ਮੁਲਜ਼ਮ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ। ਮੁਲਜ਼ਮ ਨੇ ਦੱਸਿਆ ਕਿ ਉਹ ਰਾਜਸਥਾਨ ਤੋਂ ਸਸਤੇ ਭਾਅ ’ਤੇ ਭੁੱਕੀ ਲਿਆ ਕੇ ਮਹਿੰਗੇ ਭਾਅ ’ਤੇ ਵੇਚਦਾ ਸੀ।