
ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਕੀਤੀ ਅਗਲੀ ਕਾਰਵਾਈ ਸ਼ੁਰੂ
ਸ੍ਰੀ ਮੁਕਤਸਰ ਸਾਹਿਬ: ਰਾਜਸਥਾਨ ਅਤੇ ਸਰਹੰਦ ਨਹਿਰਾਂ ਦੀ ਵਿਚਕਾਰਲੀ ਪਟੜੀ ’ਤੇ ਇੱਕ ਨੌਜਵਾਨ ਦੀ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਰਾਹਗੀਰਾਂ ਨੇ ਲਾਸ਼ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਸਦਰ ਮੁਕਤਸਰ ਤੋਂ ਏਐੱਸਆਈ ਅਮਰਜੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ।
ਮ੍ਰਿਤਕ ਨੌਜਵਾਨ ਦੀ ਪਛਾਣ ਵਿੱਕੀ (20) ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਕਾਉਣੀ ਵਜੋਂ ਹੋਈ ਹੈ। ਮ੍ਰਿਤਕ ਦੀ ਖੱਬੀ ਬਾਂਹ ’ਚੋਂ ਖ਼ੂਨ ਵਗਿਆ ਹੋਇਆ ਸੀ ਤੇ ਉਸ ਦੇ ਕੋਲ ਹੀ ਇੱਕ ਸਰਿੰਜ ਵੀ ਪਈ ਸੀ, ਜਿਸ ਦੀ ਸੂਈ ’ਤੇ ਖੂਨ ਜੰਮਿਆ ਹੋਇਆ ਸੀ।
ਮ੍ਰਿਤਕ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਦਿਹਾੜੀ ਕਰਦਾ ਹੈ ਤੇ ਉਸ ਦੀ ਪਤਨੀ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਹੈ। ਉਸ ਨੇ ਦੱਸਿਆ ਕਿ ਵਿੱਕੀ ਰਾਜ ਮਿਸਤਰੀ ਸੀ ਤੇ ਪਿਛਲੇ ਚਾਰ ਸਾਲਾਂ ਤੋਂ ਉਹ ਨਸ਼ੇ ਕਰਨ ਦੇ ਦਲਦਲ ਵਿਚ ਫਸ ਗਿਆ ਸੀ। ਉਨ੍ਹਾਂ ਨੇ ਕਈ ਵਾਰ ਵਿੱਕੀ ਦਾ ਨਸ਼ਾ ਛੁਡਵਾਉਣ ਲਈ ਇਲਾਜ ਵੀ ਕਰਵਾਇਆ, ਪਰ ਵਿੱਕੀ ਕੁੱਝ ਦਿਨਾਂ ਬਾਅਦ ਮੁੜ ਨਸ਼ੇ ਕਰਨ ਲੱਗ ਜਾਂਦਾ ਸੀ। ਵਿੱਕੀ ਸਵੇਰੇ ਕਰੀਬ ਅੱਠ ਵਜੇ ਘਰੋਂ ਗਿਆ ਸੀ ਪਰ ਵਾਪਸ ਨਾ ਮੁੜਿਆ। ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਮਾਪਿਆਂ ਦਾ ਹਾਲ ਨਹੀਂ ਦੇਖਿਆ ਜਾ ਸਕਦਾ।
ਮ੍ਰਿਤਕ ਵਿੱਕੀ ਦੇ ਪਰਿਵਾਰ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਰਟ ਮਾਰਟਮ ਲਈ ਭੇਜ ਦਿੱਤੀ ਹੈ।