
ਕੇਜਰੀਵਾਲ ਦਾ ਭਾਜਪਾ 'ਤੇ ਇਲਜ਼ਾਮ, ਆਪ ਦੇ 10 ਵਿਧਾਇਕ ਖ਼ਰੀਦਣ ਦੀ ਕੀਤੀ ਕੋਸ਼ਿਸ਼
ਨਵੀਂ ਦਿੱਲੀ, 14 ਸਤੰਬਰ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਪੰਜਾਬ 'ਚ ਉਨ੍ਹਾਂ ਦੀ ਪਾਰਟੀ ਦੇ 10 ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕਰ ਕੇ ਖਰੀਦਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ |
ਕੇਜਰੀਵਾਲ ਨੇ ਇਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੋਸ਼ ਲਾਇਆ ਕਿ ਕੱਲ (ਮੰਗਲਵਾਰ) ਸਾਨੂੰ ਪਤਾ ਲੱਗਾ ਕਿ ਉਸ (ਭਾਜਪਾ) ਨੇ ਪੰਜਾਬ ਵਿਚ ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕਰ ਕੇ ਖ਼ਰੀਦਣ ਦੀ ਕੋਸ਼ਿਸ਼ ਕੀਤੀ ਹੈ | ਪੰਜਾਬ 'ਚ ਸਾਡੇ 10 ਵਿਧਾਇਕਾਂ ਨਾਲ ਸੰਪਰਕ ਕੀਤਾ ਗਿਆ ਅਤੇ ਉਹ ਸਾਰੇ ਅੱਜ (ਬੁੱਧਵਾਰ) ਪ੍ਰੈਸ ਕਾਨਫ਼ਰੰਸ ਕਰਨਗੇ ਅਤੇ ਉਸ (ਭਾਜਪਾ) ਨੂੰ ਬੇਨਕਾਬ ਕਰਨਗੇ | ਉਨ੍ਹਾਂ ਕਿਹਾ, ''ਉਹ ਵਿਧਾਇਕਾਂ ਨੂੰ ਖ਼ਰੀਦ ਰਹੇ ਹਨ ਅਤੇ ਸਰਕਾਰਾਂ ਤੋੜ ਰਹੇ ਹਨ ਜੋ ਲੋਕਤੰਤਰ ਲਈ ਖਤਰਨਾਕ ਹੈ |'' ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਹਰ ਸੂਬੇ 'ਚ ਪੈਸਿਆਂ ਦੇ ਜ਼ੋਰ ਰਾਹੀਂ ਜਾਂ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਵਰਗੀਆਂ ਏਜੰਸੀਆਂ ਦਾ ਡਰ ਦਿਖਾ ਕੇ ਵਿਧਾਇਕਾਂ ਨੂੰ ਖਰੀਦਣ ਲਈ 'ਆਪਰੇਸ਼ਨ ਲੋਟਸ' ਚਲਾ ਰਹੀ ਹੈ | ਕੇਜਰੀਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਵਿਧਾਇਕਾਂ ਨੂੰ ਖਰੀਦਣ ਲਈ ਜਨਤਾ ਦੇ ਪੈਸਿਆਂ ਦੀ ਵਰਤੋਂ ਕਰ ਰਹੀ ਹੈ, ਜਿਸ ਨਾਲ ਦੇਸ਼ 'ਚ ਮਹਿੰਗਾਈ ਵਧ ਰਹੀ ਹੈ | ਉਨ੍ਹਾਂ ਨੇ ਗੋਆ 'ਚ ਕਾਂਗਰਸ ਦੇ 8 ਵਿਧਾਇਕਾਂ ਦੇ ਭਾਜਪਾ 'ਚ ਸ਼ਾਮਲ ਹੋਣ ਨੂੰ ਲੈ ਕੇ ਕਾਂਗਰਸ 'ਤੇ ਵੀ ਨਿਸ਼ਾਨਾ ਵਿੰਨਿ੍ਹਆ ਅਤੇ ਕਿਹਾ ਕਿ ਉਹ ਅਪਣੇ ਵਿਧਾਇਕਾਂ ਨੂੰ ਭਾਜਪਾ ਦਾ ਸ਼ਿਕਾਰ ਹੋਣ ਤੋਂ ਰੋਕ ਨਹੀਂ ਸਕੀ |
ਉਨ੍ਹਾਂ ਕਿਹਾ, ''ਜੋ ਪਾਰਟੀ ਵਿਧਾਇਕਾਂ ਨੂੰ ਖ਼ਰੀਦ ਰਹੀ ਹੈ ਅਤੇ ਗ਼ਲਤ ਕਰ ਰਹੀ ਹੈ, ਉਹ ਲੋਕਤੰਤਰ ਲਈ ਖਤਰਾ ਤਾਂ ਹੈ ਹੀ ਪਰ ਕਾਂਗਰਸ ਦੀ ਵੀ ਗ਼ਲਤੀ ਹੈ | ਕਿਉਂ ਸਿਰਫ਼ ਕਾਂਗਰਸ ਦੇ ਵਿਧਾਇਕਾਂ ਨੂੰ ਸ਼ਿਕਾਰ ਬਣਾਇਆ ਜਾਂਦਾ ਹੈ? ਇੰਨੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਉਹ (ਭਾਜਪਾ) ਸਾਡੇ ਵਿਧਾਇਕਾਂ ਨੂੰ ਕਿਉਂ ਨਹੀਂ ਖਰੀਦ ਪਾਉਂਦੀ |'' ਉਨ੍ਹਾਂ ਕਿਹਾ, ''ਉਸ ਨੇ ਦਿੱਲੀ ਅਤੇ ਹੁਣ ਪੰਜਾਬ 'ਚ ਸਾਡੇ ਵਿਧਾਇਕਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਉਸ (ਭਾਜਪਾ) ਨੂੰ ਬੇਨਕਾਬ ਕਰ ਦਿਤਾ |'' (ਪੀਟੀਆਈ)