
ਝੜਪ ਦੌਰਾਨ ਗੰਭੀਰ ਜਖ਼ਮੀਆਂ ਨੂੰ PGI ਚੰਡੀਗੜ੍ਹ ਕਰਵਾਇਆ ਦਾਖ਼ਲ
ਖੰਨਾ: ਪਿੰਡ ਮਾਜਰੀ ਰਸੂਲੜਾ ਵਿਖੇ ਦੋ ਧਿਰਾਂ 'ਚ ਖ਼ੂਨੀ ਝੜਪ ਹੋਈ। ਇਸ ਝੜਪ ਦੌਰਾਨ ਇੱਕ ਨੌਜਵਾਨ ਦੇ ਪੰਜ ਲੋਕਾਂ ਉਪਰ ਗੱਡੀ ਚੜ੍ਹਾ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਨਾਲ 2 ਔਰਤਾਂ ਸਮੇਤ 4 ਲੋਕ ਗੰਭੀਰ ਜਖ਼ਮੀ ਹੋ ਗਏ। ਇਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ। ਉਥੇ ਹੀ ਖੜ੍ਹੇ ਲੋਕਾਂ ਨੇ ਗੁੱਸੇ 'ਚ ਇੱਟਾਂ ਪੱਥਰਾਂ ਦੇ ਨਾਲ ਗੱਡੀ ਭੰਨ ਦਿੱਤੀ ਅਤੇ ਤੇਜਧਾਰ ਹਥਿਆਰਾਂ ਨਾਲ ਕਾਰ ਚਲਾਉਣ ਵਾਲੇ ਨੌਜਵਾਨ ਨੂੰ ਜਖ਼ਮੀ ਕਰ ਦਿੱਤਾ। ਇਸ ਝੜਪ 'ਚ ਦੋਵੇਂ ਧਿਰਾਂ ਦੇ 7 ਵਿਅਕਤੀ ਜਖ਼ਮੀ ਹੋ ਗਏ।
ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਨਰਿੰਦਰ ਸਿੰਘ ਨੇ 5 ਲੋਕਾਂ ਉਪਰ ਕਾਰ ਚੜ੍ਹਾ ਦਿੱਤੀ। ਜਿਸ ਤੋਂ ਬਾਅਦ ਲੜਾਈ ਵਧੀ ਅਤੇ ਗੁੱਸੇ ’ਚ ਆਏ ਲੋਕਾਂ ਨੇ ਕਾਰ ਭੰਨ ਦਿੱਤੀ। ਸਰਕਾਰੀ ਹਸਪਤਾਲ ਖੰਨਾ ਵਿਖੇ ਦਾਖ਼ਲ ਨਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਘਰ ਮਿਸਤਰੀ ਲੱਗੇ ਹੋਏ ਸੀ ਤਾਂ ਉਹ ਕੰਮ ਖ਼ਤਮ ਕਰ ਕੇ ਅੰਦਰ ਆਏ ਸੀ ਤਾਂ ਬਾਹਰ ਕੁੱਝ ਲੋਕ ਗਾਲ੍ਹਾਂ ਕੱਢਣ ਲੱਗੇ। ਘਰ ਆ ਕੇ ਉਹਨਾਂ ਉਪਰ ਹਮਲਾ ਕੀਤਾ ਗਿਆ। ਉਸ ਦੇ ਕੰਨ ਉਪਰ ਦਾਹ ਨਾਲ ਹਮਲਾ ਕੀਤਾ ਗਿਆ। ਉਸ ਦੀ ਮਾਂ ਨੂੰ ਵੀ ਜਖ਼ਮੀ ਕੀਤਾ ਗਿਆ। ਹੋਰ ਜਖ਼ਮੀਆਂ ਨੇ ਕਿਹਾ ਕਿ ਨਰਿੰਦਰ ਸਿੰਘ ਨੇ ਲਲਕਾਰਾ ਮਾਰ ਕੇ ਉਨ੍ਹਾਂ ਉੱਤੇ ਗੱਡੀ ਚੜ੍ਹਾ ਦਿੱਤੀ।
ਇਸ ਪੂਰੇ ਮਾਮਲੇ 'ਚ ਖੰਨਾ ਪੁਲਿਸ ਨੇ ਤਾਰਾ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਾਰ ਚਲਾ ਰਹੇ ਨਰਿੰਦਰ ਸਿੰਘ ਸਮੇਤ ਕੁੱਲ 8 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਡੀਐਸਪੀ ਵਿਲੀਅਮ ਜੈਜੀ ਨੇ ਕਿਹਾ ਕਿ ਦੇਰ ਰਾਤ ਢਾਈ ਵਜੇ ਉਨ੍ਹਾਂ ਦੀ ਟੀਮ ਘਟਨਾ ਵਾਲੀ ਥਾਂ ’ਤੇ ਪਹੁੰਚ ਗਈ ਸੀ ਅਤੇ ਕਾਰ ਨੂੰ ਕਬਜੇ ’ਚ ਲੈ ਲਿਆ ਗਿਆ। ਜ਼ਖ਼ਮੀ ਤਾਰਾ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ।