
'ਆਪ' ਸਰਕਾਰ ਨੂੰ ਐਮ.ਐਲ.ਏ. ਖ਼ਰੀਦ ਕੇ ਡੇਗਣ ਦੇ ਦੋਸ਼ਾਂ ਮਗਰੋਂ ਸਿਆਸੀ ਫ਼ਿਜਾ 'ਚ ਗਰਮੀ ਵਧੀ
ਭਾਜਪਾ ਦੇ ਮੂੰਹ ਨੂੰ ਖ਼ੂਨ ਲੱਗ ਗਿਐ ਪਰ ਪੰਜਾਬ ਵਿਚ ਕਦੇ ਸਫ਼ਲ ਨਹੀਂ ਹੋਵੇਗੀ : ਭਗਵੰਤ ਮਾਨ
ਚੰਡੀਗੜ੍ਹ, 14 ਸਤੰਬਰ (ਭੁੱਲਰ): ਪੰਜਾਬ ਵਿਚ ਭਾਜਪਾ ਦੇ ਅਪ੍ਰੇਸ਼ਨ ਲੋਟਸ ਦੀ ਚਰਚਾ ਬਾਅਦ ਵਿਦੇਸ਼ ਦੌਰੇ 'ਤੇ ਗਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਤਿੱਖਾ ਪ੍ਰਤੀਕਰਮ ਆਇਆ ਹੈ | ਉਨ੍ਹਾਂ ਜਰਮਨੀ ਤੋਂ ਇਕ ਵੀਡੀਉ ਸੰਦੇਸ਼ ਰਾਹੀਂ ਕਿਹਾ ਕਿ ਭਾਰਤ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈ ਅਤੇ ਸੱਭ ਤੋਂ ਵੱਧ ਲੋਕਤੰਤਰ ਦੀ ਹਤਿਆ ਵੀ ਇਸੇ ਦੇਸ਼ ਵਿਚ ਹੋਈ ਹੈ | ਭਾਜਪਾ ਨੇ ਮਹਾਰਾਸ਼ਟਰ ਸਮੇਤ ਕਈ ਸਰਕਾਰਾਂ ਇਸੇ ਤਰ੍ਹਾਂ ਦੇ ਅਪ੍ਰੇਸ਼ਨ ਨਾਲ ਤੋੜੀਆਂ ਹਨ ਅਤੇ ਹੁਣ ਇਸ ਦੇ ਮੂੰਹ ਨੂੰ ਖ਼ੂਨ ਲੱਗ ਚੁੱਕਾ ਹੈ | ਇਸ ਨੇ ਹੁਣ ਪੰਜਾਬ ਵਲ ਨੂੰ ਮੂੰਹ ਕੀਤਾ ਹੈ ਪਰ ਇਥੇ ਭਾਜਪਾ ਕਦੇ ਸਫ਼ਲ ਨਹੀਂ ਹੋਵੇਗੀ | ਭਾਜਪਾ ਕਿਸੇ ਗ਼ਲਤਫ਼ਹਿਮੀ ਵਿਚ ਨਾ ਰਹੇ | ਪੰਜਾਬੀ ਮਿੱਟੀ ਦੇ ਵਫ਼ਾਦਾਰ ਹਨ | ਇਸ ਦੀ ਮਿਸਾਲ ਵਿਧਾਨ ਸਭਾ ਚੋਣਾਂ ਵਿਚ ਪੈਸੇ ਨੂੰ ਹਰਾ ਕੇ ਆਮ ਆਮਦੀ ਨੂੰ ਵਿਧਾਨ ਸਭਾ ਵਿਚ ਚੁਣ ਕੇ ਭੇਜਿਆ ਹੈ | ਪੰਜਾਬੀਆਂ ਦੀ ਵਫ਼ਾਦਾਰੀ ਦੀ ਮਿਸਾਲ ਕਿਤੇ ਨਹੀਂ ਮਿਲਦੀ ਅਤੇ ਦੁਨੀਆਂ ਨੂੰ ਜਿੱਤ ਰਹੇ ਸਿਕੰਦਰ ਨੂੰ ਵੀ ਪੰਜਾਬੀਆਂ ਨੇ ਹੀ ਰੋਕਿਆ ਸੀ |
ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਦੀ ਗਰਦਨ ਝੁਕਣ ਨਹੀਂ ਦਿਆਂਗੇ ਭਾਵੇਂ ਕੋਈ ਵੀ ਮੁਲ ਤਾਰਨਾ ਪਵੇ | ਨਾ ਰੁਕਾਂਗੇ ਤੇ ਨਾ ਕਿਸੇ ਅੱਗੇ ਝੁਕਾਂਗੇ | ਦਿੱਲੀ ਵਿਚ 'ਆਪ' ਨੇ ਪਹਿਲਾਂ ਭਾਜਪਾ ਦਾ ਇਹ ਅਪ੍ਰੇਸ਼ਨ ਫ਼ੇਲ੍ਹ ਕੀਤਾ ਤੇ ਹੁਣ ਪੰਜਾਬ ਵਿਚ ਵੀ ਫ਼ੇਲ੍ਹ ਹੋ ਗਿਆ ਹੈ | 'ਆਪ' ਦਾ ਇਕ ਵੀ ਵਿਧਾਇਕ ਵਿਕਣ ਵਾਲਾ ਨਹੀਂ |