
ਕੇਂਦਰ ਸਰਕਾਰ ਅਤੇ ਕਿਸਾਨਾਂ ਦੀ ਮੀਟਿੰਗ ਰਹੀ ਬੇਸਿੱਟਾ
ਚੰਡੀਗੜ੍ਹ, 14 ਅਕਤੂਬਰ (ਐਸ.ਐਸ. ਬਰਾੜ) : ਕੇਂਦਰ ਸਰਕਾਰ ਅਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਅੱਜ ਦਿੱਲੀ ਵਿਖੇ ਹੋਈ ਮੀਟਿੰਗ ਪੂਰੀ ਤਰ੍ਹਾਂ ਬੇਸਿੱਟਾ ਰਹੀ ਅਤੇ ਕਿਸਾਨ ਆਗੂਆਂ ਦੀ ਗੱਲ ਸੁਣਨ ਲਈ ਜਦ ਕੋਈ ਵੀ ਮੰਤਰੀ ਮੀਟਿੰਗ 'ਚ ਨਾ ਆਇਆ ਤਾਂ ਕਿਸਾਨ ਆਗੂ ਬਾਈਕਾਟ ਕਰ ਕੇ ਮੀਟਿੰਗ ਤੋਂ ਬਾਹਰ ਆ ਗਏ। ਮੁਸ਼ਕਲ ਨਾਲ ਮੀਟਿੰਗ ਇਕ ਘੰਟਾ ਚੱਲੀ ਅਤੇ ਮੀਟਿੰਗ ਸਥਾਨ ਦੇ ਬਾਹਰ ਕਿਸਾਨਾਂ ਨੇ ਨਾਹਰੇਬਾਜ਼ੀ ਕੀਤੀ।
ਤਿੰਨ ਖੇਤੀ ਕਾਨੂੰਨਾਂ ਵਿਰੁਧ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਪਿਛਲੇ ਇਕ ਮਹੀਨੇ ਤੋਂ ਚਲ ਰਿਹਾ ਹੈ। ਪ੍ਰੰਤੂ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਗੱਲ ਸੁਣਨ ਲਈ ਅੱਜ ਤਕ ਗੰਭੀਰਤਾ ਨਹੀਂ ਵਿਖਾਈ। ਪਹਿਲਾਂ ਤਾਂ ਰਾਜ ਸਭਾ 'ਚ ਮੈਂਬਰਾਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਮੋਦੀ ਸਰਕਾਰ ਨੇ ਖੇਤੀ ਨਾਲ ਸਬੰਧਤ ਤਿੰਨ ਬਿਲ, ਬਿਨਾਂ ਬਹਿਸ ਤੋਂ ਧੱਕੇ ਨਾਲ ਪਾਸ ਕਰ ਦਿਤੇ। ਅੱਜ ਤਕ ਕੇਂਦਰ ਦੀ ਭਾਜਪਾ ਸਰਕਾਰ, ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਸੰਜੀਦਾ ਲਗਦੀ। ਇਹ ਕਹਿਣਾ ਹੈ ਕਿਸਾਨ ਆਗੂ ਸ. ਰਾਜੇਵਾਲ ਦਾ।
ਮੀਟਿੰਗ ਤੋਂ ਬਾਹਰ ਆ ਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਫ਼ੋਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਪੰਜਾਬ ਦੇ ਹਾਲਾਤ ਖ਼ਰਾਬ ਕਰਨਾ ਚਾਹੁੰਦੀ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਬਿਲਕੁਲ ਸੰਜੀਦਾ ਨਹੀਂ। ਉਨ੍ਹਾਂ ਸਪਸ਼ਟ ਕੀਤਾ ਕਿ ਕਿਸਾਨਾਂ ਨੂੰ ਮੀਟਿੰਗ ਲਈ ਸੱਦਾ ਦੇ ਕੇ ਕੋਈ ਵੀ ਮੰਤਰੀ ਜਾਂ ਭਾਜਪਾ ਦਾ ਸੀਨੀਅਰ ਆਗੂ ਮੀਟਿੰਗ 'ਚ ਸ਼ਾਮਲ ਨਹੀਂ ਹੋਇਆ। ਮੀਟਿੰਗ 'ਚ ਕੇਂਦਰੀ ਸਕੱਤਰ ਖੇਤੀਬਾੜੀ ਅਤੇ ਕੁੱਝ ਹੋਰ ਅਫ਼ਸਰ ਹਾਜ਼ਰ ਸਨ, ਜਿਨ੍ਹਾਂ ਪਾਸ ਨਾ ਤਾਂ ਕੋਈ ਜਵਾਬ ਦੇਣ ਦਾ ਅਧਿਕਾਰ ਹੈ ਅਤੇ ਨਾ ਹੀ ਉਹ ਕੋਈ ਫ਼ੈਸਲਾ ਲੈ ਸਕਦੇ ਹਨ।
ਸ. ਰਾਜੇਵਾਲ ਨੇ ਦਸਿਆ ਕਿ ਮੀਟਿੰਗ 'ਚ ਅਧਿਕਾਰੀਆਂ ਨੂੰ ਪੁਛਿਆ ਗਿਆ ਕਿ ਮੀਟਿੰਗ 'ਚ ਕੋਈ ਮੰਤਰੀ ਕਿਉੁਂ ਨਹੀਂ ਆਇਆ? ਤਾਂ ਉਨ੍ਹਾਂ ਪਾਸ ਕੋਈ ਜਵਾਬ ਨਹੀਂ ਸੀ। ਕਿਸਾਨਾ ਆਗੂਆਂ ਨੇ ਇਹ ਵੀ ਕਿਹਾ ਕਿ ਇਕ ਪਾਸੇ ਦਿੱਲੀ 'ਚ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ ਗਿਆ ਅਤੇ ਦੂਜੇ ਪਾਸੇ ਮੀਟਿੰਗ 'ਚ ਸ਼ਾਮਲ ਹੋਣ ਦੀ ਬਜਾਏ ਕੇਂਦਰ ਦੇ 9 ਮੰਤਰੀ ਪੰਜਾਬ 'ਚ ਲੋਕਾਂ ਨੂੰ ਗੁਮਰਾਹ ਕਰਨ ਲਈ ਪ੍ਰਚਾਰ 'ਚ ਲੱਗੇ ਹੋਏ ਹਨ। ਇਸ ਦਾ ਵੀ ਅਧਿਕਾਰੀਆਂ ਪਾਸ ਕੋਈ ਜਵਾਬ ਨਹੀਂ ਸੀ।
ਅਖ਼ੀਰ ਜਦ ਕਿਸਾਨ ਆਗੂਆਂ ਦੀ ਕਿਸੇ ਗੱਲ ਦਾ ਜਵਾਬ ਨਾ ਮਿਲਿਆ ਤਾਂ ਉਹ ਅਪਣਾ ਮੰਗ ਪੱਤਰ ਦੇ ਕੇ ਮੀਟਿੰਗ 'ਚ ਵਾਕਆਊਟ ਕਰ ਕੇ ਬਾਹਰ ਆ ਗਏ। ਸ. ਰਾਜੇਵਾਲ ਦਾ ਕਹਿਣਾ ਹੈ ਕਿ ਪਹਿਲਾਂ ਵੀ ਖੇਤੀ ਸਕੱਤਰ ਨੇ ਮੀਟਿੰਗ ਬੁਲਾਈ ਸੀ ਪ੍ਰੰਤੂ ਕਿਸਾਨ ਜਥੇਬੰਦੀਆਂ ਦੇ ਆਗੂ ਇਸ ਕਰ ਕੇ ਮੀਟਿੰਗ 'ਚ ਨਾ ਆਏ, ਕਿਉਂਕਿ ਕਿਸੇ ਮੰਤਰੀ ਨੇ ਮੀਟਿੰਗ 'ਚ ਹਿੱਸਾ ਨਹੀਂ ਸੀ ਲੈਣਾ। ਦੂਜੀ ਵਾਰ ਜਦ ਮੀਟਿੰਗ ਬੁਲਾਈ ਗਈ ਤਾਂ ਉਹ ਇਸ ਕਰ ਕੇ ਸ਼ਾਮਲ ਹੋਣ ਲਈ ਆਏ ਕਿਉਂਕਿ ਜੇ ਉਹ ਨਾ ਆਉੁਂਦੇ ਤਾਂ ਸਰਕਾਰ ਨੇ ਪ੍ਰਚਾਰ ਕਰਨਾ ਸੀ ਕਿ ਕਿਸਾਨ ਤਾਂ ਗੱਲਬਾਤ ਲਈ ਵੀ ਤਿਆਰ ਨਹੀਂ ਹਨ। ਉੁਨ੍ਹਾਂ ਨੇ ਗਲਤ ਪ੍ਰਚਾਰ ਕਰਨਾ ਸੀ ਪ੍ਰੰਤੂ ਸਰਕਾਰ ਦੀ ਨੀਅਤ ਦਾ ਉੁਨ੍ਹਾਂ ਨੂੰ ਪਤਾ ਸੀ।
ਮੀਟਿੰਗ 'ਚ ਅਧਿਕਾਰੀ ਵਾਰ-ਵਾਰ ਇਹੋ ਕਹਿੰਦੇ ਰਹੇ ਕਿ ਉਹ ਕਿਸਾਨਾਂ ਅਤੇ ਕੇਂਦਰ ਸਰਕਾਰ 'ਚ ਪੁਲ ਦਾ ਕੰਮ ਕਰਨਗੇ। ਹੋਰ ਉਨ੍ਹਾਂ ਪਾਸ ਕੋਈ ਜਵਾਬ ਨਹੀਂ ਸੀ।
ਉਧਰ ਦਿੱਲੀ 'ਚ ਮੀਟਿੰਗ ਬੇਸਿੱਟਾ ਰਹਿਣ imageਦੀ ਖ਼ਬਰ ਨਸ਼ਰ ਹੋਣ ਤੋਂ ਬਾਅਦ, ਕਿਸਾਨਾਂ ਨੇ ਪੰਜਾਬ 'ਚ ਕਈ ਥਾਵਾਂ 'ਤੇ ਭਾਜਪਾ ਦੇ ਕੇਂਦਰੀ ਮੰਤਰੀਆਂ ਦੀਆਂ ਮੀਟਿੰਗਾਂ ਦੇ ਬਾਹਰ ਧਰਨੇ ਅਤੇ ਮੁਜ਼ਾਹਰੇ ਕੀਤੇ।