
ਭ੍ਰਿਸ਼ਟਾਚਾਰ ਦਾ ਹੇਠਲੇ ਪੱਧਰ ਤਕ ਖ਼ਾਤਮਾ ਕਰਨ ਲਈ ਅੱਜ ਹੀ ਜੁਟ ਜਾਉ : ਮੁੱਖ ਮੰਤਰੀ ਦਾ ਡਿਪਟੀ ਕਮਿਸ਼ਨਰਾਂ ਨੂੰ ਸੰਦੇਸ਼
ਚੰਡੀਗੜ੍ਹ, 14 ਅਕਤੂਬਰ (ਜਸਪਾਲ ਸਿੰਘ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪੁਰਾਣੇ ਭੂਮੀ ਕਾਨੂੰਨਾਂ ਵਿਚ ਤੁਰਤ ਸਿਲਸਿਲੇਵਾਰ ਤਬਦੀਲੀ ਲਿਆਉਣ ਦਾ ਸੱਦਾ ਦਿਤਾ ਹੈ ਤਾਕਿ ਲੋਕਾਂ ਦੀਆਂ ਜਾਇਦਾਦਾਂ ਦੀ ਮਲਕੀਅਤ ਦੇ ਹੱਕ ਸੁਰੱਖਿਅਤ ਰਖੇ ਜਾ ਸਕਣ। ਅੱਜ ਸਵੇਰੇ ਇਥੇ ਮੁੱਖ ਮੰਤਰੀ ਦਫ਼ਤਰ ਵਿਖੇ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਚੰਨੀ ਨੇ ਮੁੱਖ ਸਕੱਤਰ ਨੂੰ ਵਿੱਤ ਕਮਿਸ਼ਨਰ ਮਾਲ ਦੇ ਸਲਾਹ-ਮਸ਼ਵਰੇ ਨਾਲ ਇਕ ਕਮੇਟੀ ਦਾ ਗਠਨ ਕਰਨ ਦੇ ਹੁਕਮ ਦਿਤੇ ਜੋ ਡਿਪਟੀ ਕਮਿਸ਼ਨਰ, ਜ਼ਿਲ੍ਹਾ ਮਾਲ ਅਫ਼ਸਰ, ਤਹਿਸੀਲਦਾਰ, ਕਾਨੂੰਨਗੋ ਅਤੇ ਪਟਵਾਰੀ ਉਤੇ ਆਧਾਰਤ ਹੋਵੇਗੀ।
ਜਨਤਕ ਜੀਵਨ ’ਚੋਂ ਭਿ੍ਰਸ਼ਟਾਚਾਰ ਨੂੰ ਜੜ੍ਹੋਂ ਪੁਟ ਦੇਣ ਲਈ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਚੰਨੀ ਨੇ ਕਿਹਾ ਕਿ ਬਿਨਾਂ ਕੋਈ ਢਿੱਲ ਵਰਤਦਿਆਂ ਹੇਠਲੇ ਪੱਧਰ ਤਕ ਇਸ ਦਾ ਖ਼ਾਤਮਾ ਕੀਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕਰ ਦਿਤਾ ਕਿ ਕਿਸੇ ਵੀ ਅਧਿਕਾਰੀ ਨੂੰ ਅਪਣੇ ਕੈਂਪ ਆਫ਼ਿਸ ਤੋਂ ਕੰਮ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਮੁੱਖ ਮੰਤਰੀ ਨੇ ਸਾਫ਼-ਸੁਥਰਾ, ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਪ੍ਰਸ਼ਾਸਨ ਨੂੰ ਅਪਣੀ ਸਰਕਾਰ ਦੀ ਪਛਾਣ ਦਸਦੇ ਹੋਏ ਡਿਪਟੀ ਕਮਿਸ਼ਨਰਾਂ ਨੂੰ ਸੁਵਿਧਾ ਕੈਂਪ ਲਾਉਣ ਲਈ ਆਖਿਆ ਤਾਂ ਜੋ ਆਸ਼ੀਰਵਾਦ ਸਕੀਮ ਤੋਂ ਇਲਾਵਾ ਬੁਢਾਪਾ, ਦਿਵਿਆਂਗ, ਬੇਸਹਾਰਾ ਅਤੇ ਵਿਧਵਾਵਾਂ ਦੀਆਂ ਸਮਾਜਿਕ ਸੁਰੱਖਿਆ ਪੈਨਸ਼ਨਾਂ ਦੇ ਬਕਾਏ ਨੂੰ ਨਿਪਟਾਇਆ ਜਾ ਸਕੇ। ਚੰਨੀ ਨੇ ਡਿਪਟੀ ਕਮਿਸ਼ਨਰਾਂ ਨੂੰ ਤਾੜਨਾ ਕੀਤੀ ਕਿ ਜ਼ਿਲ੍ਹਿਆਂ ਵਿਚ ਅਪਣੇ ਹੇਠਲੇ ਸਟਾਫ਼ ਦੇ ਕੰਮਕਾਜ ਉਤੇ ਨਜ਼ਰ ਰੱਖੀ ਜਾਵੇ ਤਾਕਿ ਫ਼ਾਈਲਾਂ ਉਤੇ ਬੇਲੋੜੇ ਇਤਰਾਜ਼ਾਂ ਦੀ ਪ੍ਰਥਾ ਨੂੰ ਖ਼ਤਮ ਕੀਤਾ ਜਾ ਸਕੇ।
ਬਸੇਰਾ ਸਕੀਮ ਨੂੰ ਸਮਾਂਬੱਧ ਲਾਗੂ ਕਰਨ ਅਤੇ ਬੇਘਰ ਲੋਕਾਂ ਨੂੰ 5 ਮਰਲੇ ਦੇ ਪਲਾਟ ਅਲਾਟ ਕਰਨ ਲਈ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਸ਼ਹਿਰੀ ਇਲਾਕਿਆਂ ਦੀਆਂ ਝੁੱਗੀਆਂ-ਝੌਂਪੜੀਆਂ ਵਿਚ ਸੂਬਾ ਸਰਕਾਰ ਦੀ ਜ਼ਮੀਨ ਉਤੇ ਬੈਠੇ ਲੋਕਾਂ ਨੂੰ ਮਾਲਕੀ ਹੱਕ ਦੇਣ ਅਤੇ ਪਿੰਡਾਂ ਵਿਚ ਯੋਗ ਲਾਭਪਾਤਰੀਆਂ ਨੂੰ 5-5 ਮਰਲੇ ਦੇ ਪਲਾਟ ਦੇਣ ਦੀ ਪ੍ਰਕਿਰਿਆ ਦੋ ਹਫ਼ਤਿਆਂ ਵਿਚ ਮੁਕੰਮਲ ਕਰਨ ਲਈ ਆਖਿਆ। ਉਨ੍ਹਾਂ ਡਿਪਟੀ ਕਮਿਸਨਰਾਂ ਨੂੰ ਕਿਹਾ ਕਿ ਉਹ ਤਹਿਸੀਲਦਾਰਾਂ ਨੂੰ ਸਾਮ 5:00 ਵਜੇ ਤੋਂ ਬਾਅਦ ਰਜਿਸਟਰੀ ਕਰਨ ਦੀ ਆਗਿਆ ਨਾ ਦੇਣ।
ਸਿਹਤ ਅਤੇ ਸਿਖਿਆ ਦੇ ਮਹੱਤਵ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਡਿਪਟੀ ਕਮਿਸਨਰਾਂ ਨੂੰ ਡਾਕਟਰਾਂ/ਪੈਰਾ ਮੈਡੀਕਲ ਅਤੇ ਅਧਿਆਪਕਾਂ ਦੀ ਸਮੇਂ ਦੀ ਪਾਬੰਦੀ ਨੂੰ ਯਕੀਨੀ ਬਣਾਉਣ ਲਈ ਨਿਯਮਿਤ ਤੌਰ ’ਤੇ ਅਚਨਚੇਤ ਦੌਰੇ ਕਰਨ ਲਈ ਕਿਹਾ। ਜਿਹੜਾ ਵੀ ਕਰਮਚਾਰੀ ਅਪਣੀ ਡਿਊਟੀ ਨਿਭਾਉਣ ਵਿਚ ਗ਼ੈਰਹਾਜ਼ਰ ਪਾਇਆ ਗਿਆ, ਉਸ ਨੂੰ ਤੁਰਤ ਮੁਅੱਤਲ ਕੀਤਾ ਜਾਵੇ। ਪ੍ਰਵਾਸੀ ਭਾਰਤੀਆਂ ਦੀਆਂ ਸੰਪਤੀਆਂ ਦੀ ਰਾਖੀ ਲਈ ਮੁੱਖ ਮੰਤਰੀ ਨੇ ਅਪਣੀ ਸਰਕਾਰ ਦੀ ਦਿ੍ਰੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਲੋੜੀਂਦੇ ਕਾਨੂੰਨੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇ। ਮੁੱਖ ਮੰਤਰੀ ਨੇ ਡਿਪਟੀ ਕਮਿਸਨਰਾਂ ਨੂੰ ਝੋਨੇ ਦੀ ਨਿਰਵਿਘਨ ਅਤੇ ਤੇਜ਼ੀ ਨਾਲ ਖ਼ਰੀਦ ਅਤੇ ਚੁਕਾਈ ਨੂੰ ਯਕੀਨੀ ਬਣਾਉਣ ਲਈ ਅਪਣੇ ਅਧਿਕਾਰ ਖੇਤਰ ਵਿਚ ਮੰਡੀਆਂ ਦਾ ਨਿੱਜੀ ਤੌਰ ’ਤੇ ਦੌਰਾ ਕਰਨ ਤੋਂ ਇਲਾਵਾ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਕਿਸੇ ਵੀ ਕਿਸਾਨ ਨੂੰ ਪ੍ਰੇਸ਼ਾਨੀ ਨਾ ਹੋਵੇ।