
ਕਿਸਾਨਾਂ ਨੇ ਅੱਜ ਸਰਕਾਰ ਖ਼ਿਲਾਫ਼ ‘ਲਲਕਾਰ ਦਿਵਸ’ ਮਨਾਇਆ
ਸੰਗਰੂਰ - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੰਗਰੂਰ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਅੱਗੇ ਅਪਣੀਆਂ ਮੰਗਾਂ ਦੀ ਪੂਰਤੀ ਲਈ ਛੇਵੇਂ ਦਿਨ ਵੀ ਧਰਨਾ ਦਿੱਤਾ। ਅੱਜ ਵੀ ਮੋਰਚੇ ਵਿਚ ਸੈਂਕੜੇ ਔਰਤਾਂ ਸਮੇਤ ਪੰਜਾਬ ਭਰ ਤੋਂ ਹਜ਼ਾਰਾਂ ਕਿਸਾਨ-ਮਜ਼ਦੂਰ ਸ਼ਾਮਲ ਹੋਏ। ਇਸ ਅਣਮਿੱਥੇ ਸਮੇਂ ਦੇ ਧਰਨੇ ਵਿਚ ਦਿੱਲੀ ਦੀ ਤਰਜ਼ 'ਤੇ ਕਿਸਾਨਾਂ ਦੀ ਗਿਣਤੀ ਰੋਜ਼ਾਨਾ ਵੱਧ ਰਹੀ ਹੈ।
ਕਿਸਾਨਾਂ ਨੇ ਅੱਜ ਸਰਕਾਰ ਖ਼ਿਲਾਫ਼ ‘ਲਲਕਾਰ ਦਿਵਸ’ ਮਨਾਇਆ ਅਤੇ ਹੋਰ ਕਿਸਾਨ ਜਥੇਬੰਦੀਆਂ ਨੂੰ ਵੀ ਇਕੱਠੇ ਹੋਣ ਦੀ ਅਪੀਲ ਕੀਤੀ। ਕਿਸਾਨਾਂ ਨੇ ਕਿਹਾ ਕਿ ਉਹ ਹੱਕ ਲੈਣ ਤੋਂ ਬਾਅਦ ਹੀ ਵਾਪਸ ਪਰਤਣਗੇ। ਕਿਸਾਨਾਂ ਨੇ ਕਿਹਾ ਕਿ ਉਹ ਪੱਕੇ ਮੋਰਚਾ ਲਗਾ ਕੇ ਬੈਠੇ ਹਨ ਪਰ ਸਰਕਾਰ ਨੂੰ ਸੋਚਣਾ ਪਵੇਗਾ ਕਿ ਇਹ ਸੰਘਰਸ਼ ਕਦੋਂ ਤੱਕ ਜਾਰੀ ਰਹੇਗਾ।
ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜਦੋਂ ਤੱਕ ਸੀਐਮ ਭਗਵੰਤ ਮਾਨ ਵੱਲੋਂ 7 ਅਕਤੂਬਰ ਦੀ ਮੀਟਿੰਗ ਵਿਚ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਪੱਕਾ ਮੋਰਚਾ ਜਾਰੀ ਰਹੇਗਾ। ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੋਸ਼ ਲਾਇਆ ਕਿ ਪਿੰਡ ਧੌਲਾ (ਬਰਨਾਲਾ) ਦੇ ਕਿਸਾਨ ਲਖਵਿੰਦਰ ਸਿੰਘ ਨੂੰ ਪਰਾਲੀ ਸਾੜਨ ਲਈ 2500 ਰੁਪਏ ਜੁਰਮਾਨਾ ਭਰਨ ਲਈ ਨੋਟਿਸ ਭੇਜਿਆ ਹੈ, ਜਦੋਂ ਕਿ ਉਸ ਦੇ ਖੇਤ ਵਿਚ ਝੋਨੇ ਦੀ ਕਟਾਈ ਵੀ ਨਹੀਂ ਹੋਈ।
ਕਿਸਾਨਾਂ ਦੀਆਂ ਮੰਗਾਂ
1. ਕਿਸਾਨਾਂ ਦੀਆਂ ਮੰਗਾਂ ਵਿਚ ਪਿਛਲੇ ਸਾਲ ਜਾਂ ਇਸ ਵਾਰ ਗੁਲਾਬੀ ਸੁੰਡੀ, ਨਕਲੀ ਕੀਟਨਾਸ਼ਕ, ਗੜੇਮਾਰੀ/ਭਾਰੀ ਬਾਰਿਸ਼ ਜਾਂ ਵਾਇਰਲ ਬਿਮਾਰੀਆਂ ਨੇ ਨਰਮ ਅਤੇ ਹੋਰ ਫਸਲਾਂ ਸਮੇਤ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਤਬਾਹੀ ਮਚਾਈ ਸੀ, ਤੇ ਇਸ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ
2. ਕਾਰਪੋਰੇਟ ਘਰਾਣਿਆਂ ਦੀ ਜ਼ਮੀਨੀ ਪਾਣੀ ਨੀਤੀ ਰੱਦ ਕੀਤੀ ਜਾਵੇ ਅਤੇ ਸੀਵਰੇਜ ਦੇ ਪਾਣੀ ਦਾ ਸੰਕਟ ਦੂਰ ਕੀਤਾ ਜਾਵੇ।
3. ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਪ੍ਰਦੂਸ਼ਣ ਦਾ ਗੜ੍ਹ ਬਣ ਚੁੱਕੀਆਂ ਸ਼ਰਾਬ ਦੀਆਂ ਫੈਕਟਰੀਆਂ ਨੂੰ ਬੰਦ ਕੀਤਾ ਜਾਵੇ।
4. ਮਾਈਨਿੰਗ ਕਾਨੂੰਨ ਨੂੰ ਰੱਦ ਕਰਨਾ ਜੋ ਜ਼ਮੀਨ ਨੂੰ ਪੱਧਰ ਕਰਨ ਦਾ ਅਧਿਕਾਰ ਖੋਹ ਰਿਹਾ ਹੈ।
5. ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਸਖ਼ਤੀ ਬੰਦ ਕੀਤੀ ਜਾਵੇ।
6. ਮਜ਼ਦੂਰਾਂ-ਕਿਸਾਨਾਂ ਵਿਰੁੱਧ ਦਰਜ ਕੇਸ ਵਾਪਸ ਲਏ ਜਾਣ।