
ਅਸਲਾ ਲਾਇਸੈਂਸ ਦੇ ਮਾਮਲੇ ’ਚ ਦੇਸ਼ ਭਰ ’ਚੋਂ ਤੀਜੇ ਸਥਾਨ ’ਤੇ ਪੰਜਾਬ
ਚੰਡੀਗੜ੍ਹ: ਬੰਦੂਕ ਸੱਭਿਆਚਾਰ 'ਤੇ ਰੋਕ ਲਗਾਉਣ ਲਈ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਅਸਲਾ ਲਾਇਸੈਂਸ ਦੀ ਸਮੀਖਿਆ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਦੇਸ਼ ਭਰ 'ਚੋਂ ਪੰਜਾਬ ਅਸਲ੍ਹਾ ਲਾਇਸੈਂਸਾਂ ਦੇ ਮਾਮਲੇ ਵਿਚ ਤੀਸਰੇ ਸਥਾਨ 'ਤੇ ਹੈ। ਇਹਨੀਂ ਦਿਨੀਂ ਅਸਲਾ ਸਟੇਟਸ ਸਿੰਬਲ ਬਣਦਾ ਜਾ ਰਿਹਾ ਹੈ।
ਪੰਜਾਬ ਵਿਚ ਕਰੀਬ 4 ਲੱਖ ਅਸਲਾ ਲਾਇਸੈਂਸ ਬਣੇ ਹੋਏ ਹਨ ਅਤੇ ਇਹਨਾਂ ਵਿਚੋਂ 10 ਹਜ਼ਾਰ ਅਸਲਾ ਲਾਇਸੈਂਸ ਪਿਛਲੇ 10 ਮਹੀਨਿਆਂ ਅੰਦਰ ਹੀ ਬਣੇ ਹਨ। ਜਾਣਕਾਰੀ ਅਨੁਸਾਰ 25,000 ਹਥਿਆਰ ਬਠਿੰਡਾ ਵਿਚ ਖਰੀਦੇ ਗਏ ਹਨ। ਜਾਣਕਾਰੀ ਅਨੁਸਾਰ ਅੰਮ੍ਰਿਤਸਰ, ਬਠਿੰਡਾ, ਤਰਨ ਤਾਰਨ, ਸੰਗਰੂਰ, ਫ਼ਿਰੋਜ਼ਪੁਰ, ਹੁਸ਼ਿਆਰਪੁਰ ਅਤੇ ਮੁਕਤਸਰ 'ਚ ਅਸਲਾ ਧਾਰਕਾਂ ਦੀ ਗਿਣਤੀ 42 ਫ਼ੀਸਦੀ ਤੋਂ ਵੱਧ ਅਤੇ ਬਾਕੀ 58 ਫ਼ੀਸਦੀ ਪੂਰੇ ਪੰਜਾਬ 'ਚ ਹੈ|
ਜਾਣਕਾਰੀ ਅਨੁਸਾਰ ਸਾਲ 2011 'ਚ 3,23,492 ਲੋਕਾਂ ਕੋਲ ਅਸਲਾ ਸੀ ਅਤੇ ਪੰਜਾਬ ਵਿਚ ਪਿਛਲੇ 1 ਦਹਾਕੇ ਦੌਰਾਨ 1 ਲੱਖ ਨਵੇਂ ਅਸਲ੍ਹਾ ਲਾਇਸੈਂਸ ਬਣੇ ਹਨ। ਪੰਜਾਬ 'ਚ ਇਸ ਮੌਜੂਦਾ ਸਮੇਂ ਕਰੀਬ 55 ਲੱਖ ਪਰਿਵਾਰ ਹਨ ਅਤੇ ਇਸ ਹਿਸਾਬ ਨਾਲ ਪੰਜਾਬ ਦੇ ਔਸਤਨ ਹਰ 14ਵੇਂ ਪਰਿਵਾਰ ਕੋਲ ਅਸਲਾ ਲਾਇਸੈਂਸ ਹੈ।
ਦਰਅਸਲ ਆਏ ਦਿਨ ਸੂਬੇ ਵਿਚ ਗੈਂਗਸਟਰਾਂ ਕੋਲੋਂ ਮਿਲ ਰਹੇ ਅਤਿ ਆਧੁਨਿਕ ਹਥਿਆਰਾਂ ਨੇ ਕੇਂਦਰੀ ਅਤੇ ਸੂਬਾਈ ਏਜੰਸੀਆਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਇਸ ਦੇ ਚਲਦਿਆਂ ਸਰਕਾਰ ਵੱਲੋਂ ਜਨਤਕ ਇਕੱਠਾਂ, ਧਾਰਮਿਕ ਸਥਾਨਾਂ, ਵਿਆਹਾਂ, ਪਾਰਟੀਆਂ ਅਤੇ ਹੋਰ ਥਾਵਾਂ 'ਤੇ ਹਥਿਆਰ ਲੈ ਕੇ ਜਾਣ ਅਤੇ ਇਹਨਾਂ ਦੇ ਪ੍ਰਦਰਸ਼ਨ 'ਤੇ ਪਾਬੰਦੀ ਲਗਾਈ ਗਈ ਹੈ।