
ਪੰਜਾਬ ਤੋਂ ਦਿੱਲੀ ਪਹੁੰਚਿਆ ਕਿਸਾਨ ਅੰਦੋਲਨ ਪੂਰੇ ਦੇਸ਼ 'ਚ ਫੈਲਿਆ
9 ਘੰਟੇ ਭੁੱਖਾ ਰਿਹਾ ਅੰਨਦਾਤਾ ਤੇ ਜ਼ਿਲ੍ਹਾ ਹੈੱਡ ਕੁਆਟਰਾਂ 'ਤੇ ਹੋਏ ਧਰਨੇ-ਪ੍ਰਦਰਸ਼ਨ
ਚੰਡੀਗੜ੍ਹ, 14 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਦਿੱਲੀ ਦੇ ਬਾਰਡਰਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਜਥੇਬੰਦੀਆਂ ਦੇ ਆਗੂ ਅੱਜ ਇਕ ਰੋਜ਼ਾ ਭੁੱਖ ਹੜਤਾਲ 'ਤੇ ਬੈਠੇ। ਇਹ ਕਿਸਾਨ ਆਗੂ 9 ਘੰਟਿਆਂ ਦੀ ਭੁੱਖ ਹੜਤਾਲ ਤੋਂ ਬਾਅਦ ਵੀ ਪੂਰੀ ਚੜ੍ਹਦੀ ਕਲਾ ਵਿਚ ਦਿਖਾਈ ਦਿਤੇ।
ਅੱਜ ਪੰਜਾਬ ਤੋਂ ਚੱਲ ਕੇ ਦਿੱਲੀ ਪਹੁੰਚਿਆ ਕਿਸਾਨ ਅੰਦੋਲਨ ਪੂਰੇ ਦੇਸ਼ 'ਚ ਫੈਲ ਗਿਆ ਹੈ ਕਿਉਂਕਿ ਦੇਸ਼ ਦਾ ਕੋਈ ਵੀ ਅਜਿਹਾ ਸੂਬਾ ਜਾਂ ਕੋਨਾ ਨਹੀਂ ਰਿਹਾ ਜਿਸ ਵਿਚ ਕਿਸਾਨ ਅੰਦੋਲਨ ਦੀ ਆਵਾਜ਼ ਨਾ ਪਹੁੰਚੀ ਹੋਵੇ। ਵੱਖ-ਵੱਖ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਨੇ ਦੇਸ਼ ਭਰ ਦੇ ਜ਼ਿਲ੍ਹਾ ਹੈਡਕੁਆਟਰਾਂ 'ਤੇ ਧਰਨੇ-ਪ੍ਰਦਰਸ਼ਨ ਕੀਤੇ ਤੇ ਡਿਪਟੀ ਕਮਿਸ਼ਨਰਾਂ ਨੂੰ ਕਾਲੇ ਕਾਨੂੰਨ ਵਾਪਸ ਲੈਣ ਵਾਲੇ ਮੰਗ ਪੱਤਰ ਸੌਂਪੇ। ਇਸ ਦੌਰਾਨ, ਦਿੱਲੀ ਵਲ ਜਾਣ ਵਾਲੇ ਪ੍ਰਦਰਸ਼ਨਕਾਰੀਆਂ ਦਾ ਇਕ ਵੱਡਾ ਸਮੂਹ ਦਿੱਲੀ-ਜੈਪੁਰ ਰਾਸ਼ਟਰੀ ਰਾਜਮਾਰਗ ਜਾਮ ਕਰ ਰਿਹਾ ਸੀ ਜਿਸ ਨੂੰ ਪੁਲਿਸ ਨੇ ਹਰਿਆਣਾ-ਰਾਜਸਥਾਨ ਸਰਹੱਦ ਦੇ ਨਾਲ-ਨਾਲ ਰੋਕ ਲਿਆ। ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਅੱਜ ਇਕ ਦਿਨ ਦੇ ਵਰਤ 'ਤੇ ਬੈਠੇ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ 'ਹੰਕਾਰ' ਛੱਡ ਕੇ ਅੰਦੋਲਨਕਾਰੀ ਕਿਸਾਨਾਂ ਦੀ ਮੰਗ ਅਨੁਸਾਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ। ਵੱਖ-ਵੱਖ ਸੂਬਿਆਂ ਤੋਂ ਮਿਲੀਆਂ ਖ਼ਬਰਾਂ ਅਨੁਸਾਰ ਕਈ ਸਿਆਸੀ ਪਾਰਟੀਆਂ ਨੇ ਵੀ ਜ਼ਿਲ੍ਹਾ ਪਧਰੀ ਧਰਨੇ ਦਿਤੇ ਜਿਥੇ ਉਨ੍ਹਾਂ ਦੀ ਪੁਲਿਸ ਨਾਲ ਝੜਪ ਵੀ ਹੋਈ। ਉਤਰ ਪ੍ਰਦੇਸ਼ 'ਚ ਕਈ ਥਾਈਂ ਸਮਾਜਵਾਦੀ ਪਾਰਟੀ ਦੇ ਕਾਰਕੁਨਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ ਤੇ ਇਕ-ਦੋ ਥਾਵਾਂ 'ਤੇ ਉਨ੍ਹਾਂ ਦੀ ਪੁਲਿਸ ਨਾਲ ਝੜਪ ਵੀ ਹੋਈ। ਭਾਰਤੀ ਕਿਸਾਨ ਯੂਨੀਅਨ ਨੇ ਬੁਲੰਦਸ਼ਹਿਰ 'ਚ ਕਲੈਕਟਰ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਗਾਜੀਪੁਰ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਅੱਜ ਕੌਮੀ ਰਾਜਮਾਰਗ-24 ਨੂੰ ਬਲਾਕ ਕਰ ਦਿਤਾ। ਇਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ ਟਿਕੈਤ ਨੇ ਕਿਹਾ ਕਿ ਅਜਿਹਾ ਫਿਰ ਨਹੀਂ ਹੋਵੇਗਾ। ਆਮ ਲੋਕ ਪ੍ਰਭਾਵਿਤ ਨਹੀਂ ਹੋਣਗੇ।
ਇਸੇ ਦੌਰਾਨ ਪੰਜਾਬ ਸਮੇਤ ਕਈ ਹੋਰ ਸੂਬਿਆਂ ਤੋਂ ਲਗਾਤਾਰ ਕਿਸਾਨ ਦਿੱਲੀ ਬਾਰਡਰਾਂ 'ਤੇ ਲੱਗੇ ਧਰਨਿਆਂ 'ਚ ਪਹੁੰਚ ਰਹੇ ਹਨ। ਅੱਜ ਕਈ ਥਾਵਾਂ 'ਤੇ ਹਰਿਆਣਾ ਪੁਲਿਸ ਨੇ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਬੈਰੀਕੇਡ ਤੋੜ ਕੇ ਲੰਘਣ 'ਚ ਸਫ਼ਲ ਰਹੇ। ਇਸ ਤਰ੍ਹਾਂ ਦੀ ਸੱਭ ਤੋਂ ਵੱਡੀ ਜ਼ੋਰ ਅਜਮਾਇਸ਼ ਜੀਂਦ ਵਿਚ ਦੇਖਣ ਨੂੰ ਮਿਲੀ ਜਿਥੇ ਪੁਲਿਸ ਨੇ ਵੱਡੀਆਂ-ਵੱਡੀਆਂ ਰੋਕਾਂ ਲਾਈਆਂ ਹੋਈਆਂ ਸਨ ਪਰ ਕਿਸਾਨਾਂ ਦੇ ਜੋਸ਼ ਅੱਗੇ ਪੁਲਿਸ ਦੇ ਬੈਰੀਕੇਡ ਤਿਣਕਿਆਂ ਵਾਂਗ ਖਿਲਰ ਗਏ।
ਇਸੇ ਸੰਘਰਸ਼ੀ ਲਹਿਰ ਵਿਚ ਹਿੱਸਾ ਪਾਉਣ ਨਵਾਂਸ਼ਹਿਰ ਦਾ ਸਤਨਾਮ ਸਿੰਘ ਜੋ ਹੁਣ ਵਿਦੇਸ਼ੀ ਧਰਤੀ ਹਾਲੈਂਡ ਵਿਚ ਰਹਿੰਦਾ ਹੈ ਪਰ ਅੱਜ ਲੋੜ ਪੈਣ 'ਤੇ ਅਪਣੀ ਜਨਮ ਧਰਤੀ ਪੰਜਾਬ ਦੀ ਮਿੱਟੀ ਨਾਲ ਮੋਹ ਦੀਆਂ ਤੰਦਾਂ ਪੁਗਾਉਣ ਲਈ ਅਪਣੇ ਪਰਿਵਾਰ ਨਾਲ ਇਸ ਸੰਘਰਸ਼ੀ ਘੋਲ ਵਿਚ ਆ ਜੁੜਿਆ। ਸਤਨਾਮ ਸਿੰਘ ਪਹਿਲਾਂ ਇਸ ਸੰਘਰਸ਼ ਵਿਚ ਇਕੱਲਾ ਆਇਆ। ਫਿਰ ਵਾਪਸ ਨਵਾਂ ਸ਼ਹਿਰ ਜਾ ਕੇ ਅਪਣੀ ਪਤਨੀ, ਦੋ ਪੁੱਤਰਾਂ ਤੇ ਦੋ ਧੀਆਂ ਸਮੇਤ ਆ ਖੜਿਆ। ਉਧਰ ਸਰਕਾਰ ਨੇ ਵੀ ਕਿਸਾਨ ਅੰਦੋਲਨ ਨਾਲ
ਨਿਪਟਣ ਲਈ ਦਿੱਲੀ ਦੀ ਪੂਰੀ ਤਰ੍ਹਾਂ ਕਿਲ੍ਹਾਬੰਦੀ ਕਰ ਰੱਖੀ ਹੈ। ਦਿੱਲੀ ਦੇ ਬਾਹਰ ਕਿਸਾਨ ਤੇ ਅੰਦਰ ਫ਼ੋਰਸ ਹੀ ਫ਼ੋਰਸ ਦਿਖਾਈ ਦੇ ਰਹੀ ਹੈ। ਪੁਲਿਸ ਨੇ ਸਾਰੇ ਬਾਰਡਰਾਂ 'ਤੇ ਲਾਏ ਬੈਰੀਕੇਡਾਂ ਨੂੰ ਲੋਹੇ ਦੇ ਸੰਗਲਾਂ ਨਾਲ ਬੰਨ੍ਹ ਦਿਤਾ ਹੈ ਤਾਕਿ ਕਿਸਾਨ ਇਨ੍ਹਾਂ ਨੂੰ ਪਾਸੇ ਨਾ ਕਰ ਸਕਣ। ਕਿਸਾਨਾਂ ਨਾਲ ਨਿਪਟਣ ਲਈ ਆਰਮਡ ਫ਼ੋਰਸ ਦੀਆਂ ਵਾਧੂ ਕੰਪਨੀਆਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ।
ਕੁੰਡਲੀ ਬਾਰਡਰ 'ਤੇ ਧਰਨਾ ਦੇ ਰਹੇ ਮੋਗਾ ਦੇ ਕਿਸਾਨ ਦੀ ਮੌਤ
੍ਵਕੁੰਡਲੀ 'ਚ ਧਰਨੇ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ ਹੈ। ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਭਿੰਡਰਕਲਾਂ ਦੇ ਰਹਿਣ ਵਾਲੇ 42 ਸਾਲ ਕਿਸਾਨ ਮੱਖਣ ਸਿੰਘ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਨ੍ਹਾਂ ਦੀ ਲਾਸ਼ ਨਾਗਰਿਕ ਹਸਪਤਾਲ (ਸੋਨੀਪਤ) ਲਿਆਈ ਜਾ ਰਹੀ ਹੈ। ਕੁੰਡਲੀ ਬਾਰਡਰ 'ਤੇ ਇਹ ਦੂਜੇ ਕਿਸਾਨ ਦੀ ਮੌਤ ਹੈ। ਇਸ ਤੋਂ ਪਹਿਲਾਂ ਬਰੋਦਾ ਨਿਵਾਸੀ ਕਿਸਾਨ ਅਜੇ ਸਿੰਘ ਦੀ ਮੌਤ ਹੋਈ ਸੀ।