
ਰੋਜ਼ਾਨਾ ਦੇ ਕੰਮ-ਕਾਜ ਲਈ ਸਾਨੂੰ ਜਾਣਾ ਪੈਂਦਾ ਹੈ ਪਰ ਰਸਤਾ ਖ਼ਰਾਬ ਹੋਣ ਕਾਰਨ ਖੱਜਲ ਖੁਆਰ ਹੋਣਾ ਪੈਂਦਾ ਹੈ।
ਫਰੀਦਕੋਟ- ਪਿਛਲੇ ਕਰੀਬ ਛੇ ਸਾਲ ਤੋਂ ਸ਼ਹਿਰ ਅੰਦਰ ਚੱਲ ਰਿਹਾ ਸੀਵਰੇਜ਼ ਦਾ ਕੰਮ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ। ਕੋਈ ਵੀ ਸ਼ਹਿਰ ਦਾ ਇਲਾਕਾ ਅਜਿਹਾ ਨਹੀਂ ਜਿਥੇ ਸੀਵਰੇਜ਼ ਦਾ ਕੰਮ ਮੁਕੱਮਲ ਕੀਤਾ ਗਿਆ ਹੋਵੇ। ਅਜਿਹੇ 'ਚ ਅੱਧਾ ਅਧੂਰਾ ਕੰਮ ਲੋਕਾਂ ਲਈ ਕਾਲ ਦਾ ਰੂਪ ਧਾਰਨ ਕਰ ਚੁੱਕਾ ਹੈ, ਜਿਸ ਕਾਰਨ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰ ਰਿਹਾ ਹੈ।
ਅਜਿਹਾ ਜੀ ਘਟਨਾਕ੍ਰਮ ਕੱਲ ਵਾਪਰਿਆ। ਫਰੀਦਕੋਟ ਦੇ ਕੈਂਟ ਰੋਡ ’ਤੇ ਜਿਥੇ ਸੀਵਰੇਜ਼ ਦੇ ਅਧੂਰੇ ਕੰਮ ਕਾਰਨ ਇੱਕ ਬਾਈਕ ਸਵਾਰ ਨੂੰ ਆਪਣੀ ਜਾਨ ਗਵਾਨੀ ਪਈ। ਜਾਣਕਾਰੀ ਮੁਤਬਿਕ ਫਰੀਦਕੋਟ ਦੇ ਜਹਾਜ਼ ਗਰਾਊਂਡ ਨੇੜੇ ਸੀਵਰੇਜ਼ ਪੈਣ ਤੋਂ ਬਾਅਦ ਸੜਕ ਨਹੀ ਬਣਾਈ ਗਈ, ਜਿੱਥੇ ਸਾਰੇ ਸੀਵਰੇਜ਼ ਮੈਨਹੋਲ ਟੈਂਕ ਸੜਕ ਤੋਂ ਕਰੀਬ ਡੇਢ ਫੁੱਟ ਉੱਚੇ ਹਨ।
ਕੱਲ੍ਹ ਰਾਤ ਪਿੰਡ ਮਚਾਕੀ ਦਾ ਇੱਕ ਨੌਜਵਾਨ ਆਪਣੀ ਬਾਈਕ ’ਤੇ ਉਸ ਰਸਤੇ ਜਾ ਰਿਹਾ ਸੀ ਕਿ ਹਨ੍ਹੇਰੇ ਕਾਰਨ ਉਸ ਨੂੰ ਮੈਨਹੋਲ ਦਿਖਾਈ ਨਾ ਦਿੱਤਾ, ਜਿਸ ਕਾਰਨ ਉਸ ਦੀ ਬਾਈਕ ਮੈਨਹੋਲ ਟੈਂਕ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਬਾਈਕ ਦੋ ਵਾਰ ਪਲਟਿਆ ਖਾ ਕੇ ਡਿੱਗਿਆ ਅਤੇ ਬਾਈਕ ਸਵਾਰ ਟੱਕਰ ਤੋਂ ਬਾਅਦ ਕਰੀਬ 7-8 ਫੁੱਟ ਦੂਰ ਜਾ ਕੇ ਡਿੱਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਉੱਥੇ ਮੌਜੂਦ ਲੋਕਾਂ ਨੇ ਕਿਹਾ ਕਿ ਪਿਛਲੇ ਤਿੰਨ ਸਾਲ ਤੋਂ ਸੜਕ ਨੂੰ ਇਸੇ ਤਰਾਂ ਅਧੂਰਾ ਛੱਡਿਆ ਹੋਇਆ ਹੈ, ਜਿਸ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ, ਪਰ ਨਾ ਤਾਂ ਪ੍ਰਸ਼ਾਸਨ ਇਸ ਵੱਲ ਧਿਆਨ ਦੇ ਰਿਹਾ ਹੈ ਨਾ ਹੀ ਸਰਕਾਰ ਦਾ ਕੋਈ ਨੁਮਾਇਦਾ ਉਨ੍ਹਾਂ ਦੀ ਗੱਲ ਸੁਣ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਹ ਲੋਕਲ ਵਿਧਾਇਕ ਨੂੰ ਵੀ ਕਈ ਵਾਰ ਅਪੀਲ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਇਹ ਕੈਂਟ ਨੂੰ ਜਾਣ ਵਾਲਾ ਰਸਤਾ ਹੈ ਜਿੱਥੇ ਰੋਜ਼ਾਨਾ ਦੇ ਕੰਮ-ਕਾਜ ਲਈ ਸਾਨੂੰ ਜਾਣਾ ਪੈਂਦਾ ਹੈ ਪਰ ਰਸਤਾ ਖ਼ਰਾਬ ਹੋਣ ਕਾਰਨ ਖੱਜਲ ਖੁਆਰ ਹੋਣਾ ਪੈਂਦਾ ਹੈ।