
ਰਵਾਇਤੀ ਨਗਰ ਕੀਰਤਨ ਉਪਰੰਤ ਮਾਘੀ ਜੋੜ ਮੇਲੇ ਦੀ ਸਮਾਪਤੀ
ਸ੍ਰੀ ਮੁਕਤਸਰ ਸਾਹਿਬ, 15 ਜਨਵਰੀ (ਗੁਰਦੇਵ ਸਿੰਘ/ਰਣਜੀਤ ਸਿੰਘ)-: ਮਾਘੀ ਜੋੜ ਮੇਲੇ ਦੀ ਰਵਾਇਤੀ ਸੰਪੂਰਨਤਾ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸ਼ੁਰੂ ਹੋਇਆ। ਪੰਥਕ ਰਹੁ-ਰੀਤਾਂ ਅਨੁਸਾਰ ਗੁਰਦਵਾਰਾ ਟੁੱਟੀ ਗੰਢੀ ਸਾਹਿਬ ਗੇਟ ਨੰਬਰ 4 ਤੋਂ ਸ਼ੁਰੂ ਹੋਇਆ ਨਗਰ ਕੀਰਤਨ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਬੁੜਾ ਗੁਜਰ ਰੋਡ ਭਾਈਪਾਸ ਹੁੰਦਾ ਹੋਇਆ ਗੁਰਦਵਾਰਾ ਟਿੱਬੀ ਸਾਹਿਬ ਨਤਮਸਤਕ ਹੋਣ ਉਪਰੰਤ ਵਾਪਸੀ ਜਲਾਲਾਬਾਦ ਰੋਡ, ਬਾਈਪਾਸ ਮੋੜ ਰੋਡ, ਸ਼ੇਰ ਸਿੰਘ ਚੌਂਕ ਹੋ ਗੁਰਦਵਾਰਾ ਸ਼ਹੀਦਗੰਜ ਵਿਖੇ ਪਹੁੰਚਣ ਉਪਰੰਤ ਮਾਘੀ ਜੋੜ ਮੇਲੇ ਦੀ ਸਮਾਪਤੀ ਹੋਈ। ਜ਼ਿਕਰਯੋਗ ਹੈ ਕਿ ਹਰ ਸਾਲ ਇਸ ਨਗਰ ਕੀਰਤਨ ਵਿਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੀ ਭਾਰੀ ਗਿਣਤੀ ਵਿਚ ਹਿੱਸਾ ਲੈਂਦੀਆਂ ਹਨ। ਨਗਰ ਕੀਰਤਨ ਦੌਰਾਨ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਸ਼ਰਧਾਲੂਆਂ ਦੀ ਸੁਰੱਖਿਆ ਲਈ ਥਾਂ-ਥਾਂ ’ਤੇ ਪੁਲਿਸ ਬਲ ਤੈਨਾਤ ਕੀਤੇ ਗਏ ਅਤੇ ਨਗਰ ਕੀਰਤਨ ਦੇ ਨਾਲ ਵੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਵੀ ਕੀਤੇ ਗਏ ਸਨ। ਇਸ ਮੌਕੇ ਮੈਨੇਜ਼ਰ ਸੁਮੇਰ ਸਿੰਘ ਸ੍ਰੀ ਦਰਬਾਰ ਸਾਹਿਬ ਨੇ ਦਸਿਆ ਕਿ ਭਾਵੇਂ ਕਿਸਾਨ ਅੰਦੋਲਨ ਕਰ ਕੇ ਮੇਲੇ ਵਿਚ ਸੰਗਤਾਂ ਦੀ ਗਿਣਤੀ ਘੱਟ ਰਹੀ ਪਰ ਸ੍ਰੀ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਪਹਿਲਾਂ ਦੀ ਤਰ੍ਹਾਂ ਭਾਰੀ ਗਿਣਤੀ ਵਿਚ ਨਤਮਸਤਕ ਹੋਈਆਂ।