
ਕਾਂਗਰਸ ਨੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਚਮਕੌਰ ਸਾਹਿਬ ਤੋਂ ਚੋਣ ਲੜਨਗੇ ਚਰਨਜੀਤ ਸਿੰਘ ਚੰਨੀ
, ਚਾਰ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟ ਕੇ ਨਵੇਂ ਚਿਹਰਿਆਂ 'ਤੇ ਦਾਅ ਖੇਡਿਆ, ਸੁਨੀਲ ਜਾਖੜ ਤੇ ਬ੍ਰਹਮ ਮਹਿੰਦਰਾ ਨਹੀਂ ਲੜਨਗੇ ਚੋਣ
ਚੰਡੀਗੜ੍ਹ, 15 ਜਨਵਰੀ (ਪ.ਪ.) : ਪੰਜਾਬ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿਤੀ ਹੈ | ਕਾਂਗਰਸ ਨੇ ਅਪਣੀ ਪਹਿਲੀ ਸੂਚੀ ਵਿਚ 86 ਸੀਟਾਂ 'ਤੇ ਉਮੀਦਵਾਰਾਂ ਨੂੰ ਟਿਕਟ ਦਿਤੀ ਹੈ |
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਸੀਟ ਤੋਂ ਚੋਣ ਲੜਨਗੇ | ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੰਮਿ੍ਤਸਰ ਪੂਰਬ ਤੋਂ ਚੋਣ ਲੜਨਗੇ | ਕਾਦੀਆਂ ਤੋਂ ਪ੍ਰਤਾਪ ਸਿੰਘ ਬਾਜਵਾ, ਮੋਹਾਲੀ ਤੋਂ ਬਲਬੀਰ ਸਿੰਘ ਸਿੱਧੂ ਨੂੰ ਟਿਕਟ ਮਿਲਿਆ ਹੈ | ਇਸ ਸੂਚੀ ਤੋਂ ਬਾਅਦ ਇਹ ਸਿੱਧ ਹੋ ਗਿਆ ਕਿ ਉਮੀਦਵਾਰਾਂ ਦੇ ਨਾਂ ਤੈਅ ਕਰਨ ਵੇਲੇ ਨਵਜੋਤ ਸਿੰਘ ਸਿੱਧੂ ਦਾ ਪੱਲੜਾ ਭਾਰੀ ਰਿਹਾ ਕਿਉਂਕਿ ਕਈ ਵਿਧਾਨ ਸਭਾ ਹਲਕਿਆਂ ਤੋਂ ਉਨ੍ਹਾਂ ਆਗੂਆਂ ਨੂੰ ਹੀ ਟਿਕਟ ਮਿਲੀ ਹੈ ਜਿਨ੍ਹਾਂ ਬਾਰੇ ਸਿੱਧੂ ਨੇ ਪਹਿਲਾਂ ਹੀ ਐਲਾਨ ਕਰ ਦਿਤਾ ਸੀ | ਉਦਾਹਰਨ ਵਜੋਂ ਸਿੱਧੂ ਨੇ ਸੁਲਤਾਨਪੁਰ ਲੋਧੀ ਸੀਟ ਤੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਦੇ ਵਿਰੋਧੀ ਨਵਤੇਜ ਸਿੰਘ ਚੀਮਾ ਨੂੰ ਟਿਕਟ ਦਿਵਾ ਦਿਤੀ ਜਦਕਿ ਰਾਣਾ ਗੁਰਜੀਤ ਇਥੋਂ ਅਪਣੇ ਬੇਟੇ ਲਈ ਟਿਕਟ ਮੰਗ ਰਹੇ ਸਨ |
ਇਥੇ ਇਕ ਹੋਰ ਹੈਰਾਨ ਕਰਨ ਵਾਲਾ ਕਦਮ ਸਾਹਮਣੇ ਆਇਆ ਕਿ ਕਾਂਗਰਸ ਨੇ ਪਹਿਲੀ ਸੂਚੀ ਵਿਚ ਅਪਣੇ ਚਾਰ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟ ਕੇ, ਨਵੇਂ ਚਿਹਰਿਆਂ 'ਤੇ ਦਾਅ ਖੇਡਿਆ ਹੈ | ਮੋਗਾ ਤੋਂ ਹਰਜੋਤ ਕਮਲ ਦੀ ਜਗ੍ਹਾ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ , ਮਲੋਟ ਤੋਂ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਥਾਂ ਰੁਪਿੰਦਰ ਕੌਰ ਰੂਬੀ, ਸ੍ਰੀ ਹਰਿਗੋਬਿੰਦਪੁਰ ਤੋਂ ਬਲਵਿੰਦਰ ਲਾਡੀ ਦੀ ਥਾਂ ਮਨਦੀਪ ਸਿੰਘ ਰੰਘੜ ਨੰਗਲ ਅਤੇ ਬੱਲੂਆਣਾ ਤੋਂ ਨੱਥੂ ਰਾਮ ਦੀ ਜਗ੍ਹਾ ਰਾਜਿੰਦਰ ਕੌਰ ਨੂੰ ਟਿਕਟ ਦਿਤੀ ਹੈ | ਇਸ ਦੇ ਨਾਲ ਹੀ ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆ ਤੇ ਗਾਗੋਵਾਲ ਪਰਵਾਰ ਨੂੰ ਪਾਸੇ ਕਰ ਕੇ ਗਾਇਕ ਸਿੱਧੂ ਮੂਸੇਵਾਲਾ 'ਤੇ ਦਾਅ ਖੇਡਿਆ ਹੈ |
ਦੂਜੇ ਪਾਸੇ ਪਾਰਟੀ ਦੇ ਦੋ ਸੀਨੀਅਰ ਆਗੂਆਂ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਅਪਣੇ ਆਪ ਚੋਣਾਂ ਲੜਨ ਤੋਂ ਨਾਂਹ ਕਰ ਦਿਤੀ ਹੈ ਤੇ ਸੁਨੀਲ ਜਾਖੜ ਦੀ ਜਗ੍ਹਾ ਅਬੋਹਰ ਤੋਂ ਉਨ੍ਹਾਂ ਦੇ ਭਤੀਜੇ ਸੰਦੀਪ ਜਾਖੜ ਨੂੰ ਟਿਕਟ ਨਾਲ ਨਿਵਾਜਿਆ ਗਿਆ ਹੈ ਤੇ ਬ੍ਰਹਮ ਮਹਿੰਦਰਾ ਦੇ ਪੁੱਤਰ ਮੋਹਿਤ ਮਹਿੰਦਰਾ ਨੂੰ ਪਟਿਆਲਾ ਦਿਹਾਤੀ ਤੋਂ ਟਿਕਟ ਮਿਲੀ ਹੈ |
ਪਾਰਟੀ ਵਿਚੋਂ ਉਠ ਰਹੇ ਬਾਗ਼ੀ ਤੇਵਰਾਂ ਨੂੰ ਦੇਖਦਿਆਂ ਕੁੱਝ ਕੁ ਕੈਪਟਨ ਕਰੀਬੀਆਂ ਨੂੰ ਵੀ ਟਿਕਟਾਂ ਮਿਲੀਆਂ ਹਨ | ਇਨ੍ਹਾਂ ਵਿਚ ਮੋਹਾਲੀ ਤੋਂ ਬਲਬੀਰ ਸਿੰਧੂ, ਰਾਮਪੁਰਾ ਤੋਂ ਗੁਰਪ੍ਰੀਤ ਸਿੰਘ ਕਾਂਗੜ, ਹੁਸ਼ਿਆਰਪੁਰ ਤੋਂ ਸ਼ਾਮ ਸੁੰਦਰ ਅਰੋੜਾ, ਨਾਭਾ ਤੋਂ ਸਾਧੂ ਸਿੰਘ ਧਰਮਸੋਤ ਦੇ ਨਾਂ ਸ਼ਾਮਲ ਹਨ | ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਦਾਖਾ ਤੋਂ ਕੈਪਟਨ ਦੇ ਸਲਾਹਕਾਰ ਰਹੇ ਸੰਦੀਪ ਸੰਧੂ ਨੂੰ ਵੀ ਟਿਕਟ ਦਿਤੀ ਗਈ ਹੈ | ਦੂਜੇ ਪਾਸੇ ਪਾਰਟੀ ਨੇ ਜੇਲ 'ਚ ਬੰਦ ਸੁਖਪਾਲ ਖਹਿਰਾ ਨੂੰ ਵੀ ਟਿਕਟ ਦੇ ਕੇ ਮਿਹਰਬਾਨੀ ਕੀਤੀ ਹੈ |
ਉਹ ਇਸ ਵੇਲੇ ਈ.ਡੀ ਵਲੋਂ ਦਰਜ ਮੁਕੱਦਮੇ 'ਚ ਪਟਿਆਲਾ ਜੇਲ 'ਚ ਬੰਦ ਹਨ | ਖਹਿਰਾ ਭਾਵੇਂ ਕੈਪਟਨ ਕਾਰਨ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਆਏ ਸਨ ਪਰ ਪਾਰਟੀ ਨੇ ਉਨ੍ਹਾਂ ਨੂੰ ਵੀ ਟਿਕਟ ਦੇ ਦਿਤੀ ਹੈ |
86 ਉਮੀਦਵਾਰਾਂ ਦੀ ਸੂਚੀ
ਸੁਜਾਨਪੁਰ ਤੋਂ ਨਰੇਸ਼ ਪੁਰੀ, ਪਠਾਨਕੋਟ ਤੋਂ ਅਮਿਤ ਵਿਜ, ਗੁਰਦਾਸਪੁਰ ਤੋਂ ਬਰਿੰਦਰਜੀਤ ਸਿੰਘ ਪਾਹੜਾ, ਦੀਨਾ ਨਗਰ ਰਾਖਵੀਂ ਤੋਂ ਅਰੁਨਾ ਚੌਧਰੀ, ਕਾਦੀਆਂ ਤੋਂ ਪ੍ਰਤਾਪ ਸਿੰਘ ਬਾਜਵਾ, ਸ੍ਰੀ ਹਰਗੋਬਿੰਦਪੁਰ ਰਾਖਵੀਂ ਤੋਂ ਮਨਦੀਪ ਸਿੰਘ ਰੰਗੜ ਨੰਗਲ, ਫ਼ਤਿਹਗੜ੍ਹ ਚੂੜੀਆਂ ਤੋਂ ਤਿ੍ਪਤ ਰਜਿੰਦਰ ਬਾਜਵਾ, ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ, ਅਜਨਾਲਾ ਤੋਂ ਹਰਪ੍ਰਤਾਪ ਸਿੰਘ ਅਜਨਾਲਾ, ਰਾਜਾ ਸਾਂਸੀ ਤੋਂ ਸੁਖਵਿੰਦਰ ਸਿੰਘ ਸਰਕਾਰੀਆ, ਮਜੀਠਾ ਤੋਂ ਜਗਵਿੰਦਰ ਪਾਲ ਸਿੰਘ (ਜੱਗਾ ਮਜੀਠਾ), ਜੰਡਿਆਲਾ ਰਾਖਵੀਂ ਤੋਂ ਸੁਖਵਿੰਦਰ ਸਿੰਘ ਡੈਨੀ, ਅੰਮਿ੍ਤਸਰ ਉੱਤਰੀ ਤੋਂ ਸੁਨੀਲ ਦੱਤੀ, ਅੰਮਿ੍ਤਸਰ ਪੱਛਮੀ ਰਾਖਵੀਂ ਤੋਂ ਰਾਜ ਕੁਮਾਰ ਵੇਰਕਾ, ਅੰਮਿ੍ਤਸਰ ਕੇਂਦਰੀ ਤੋਂ ਓਮਪ੍ਰਕਾਸ਼ ਸੋਨੀ, ਅੰਮਿ੍ਤਸਰ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ, ਅੰਮਿ੍ਤਸਰ ਦੱਖਣੀ ਤੋਂ ਇੰਦਰਬੀਰ ਸਿੰਘ ਬੁਲਾਰੀਆ, ਤਰਨ ਤਾਰਨ ਤੋਂ ਡਾ. ਧਰਮਬੀਰ ਅਗਨੀਹੋਤਰੀ, ਪੱਟੀ ਤੋਂ ਹਰਮਿੰਦਰ ਸਿੰਘ ਗਿੱਲ, ਬਾਬਾ ਬਕਾਲਾ ਰਾਖਵੀਂ ਤੋਂ ਸੰਤੋਖ ਸਿੰਘ ਭਲਾਲਪੁਰ, ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ, ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ, ਸੁਲਤਾਨਪੁਰ ਲੋਧੀ ਤੋਂ ਨਵਤੇਜ ਸਿੰਘ ਚੀਮਾ, ਫ਼ਗਵਾੜਾ ਰਾਖਵੀਂ ਤੋਂ ਬਲਵਿੰਦਰ ਸਿੰਘ ਧਾਲੀਵਾਲ, ਫਿਲੌਰ ਰਾਖਵੀਂ ਤੋਂ ਵਿਕਰਮਜੀਤ ਸਿੰਘ ਚੌਧਰੀ, ਸ਼ਾਹਕੋਟ ਤੋਂ ਹਰਦੇਵ ਸਿੰਘ ਲਾਡੀ, ਕਰਤਾਰਪੁਰ ਰਾਖਵੀਂ ਤੋਂ ਚੌਧਰੀ ਸੁਰਿੰਦਰ ਸਿੰਘ, ਜਲੰਧਰ ਪੱਛਮੀ ਰਾਖਵੀਂ ਤੋਂ ਸੁਸ਼ੀਲ ਕੁਮਾਰ ਰਿੰਕੂ, ਜਲੰਧਰ ਕੇਂਦਰੀ ਤੋਂ ਰਜਿੰਦਰ ਬੇਰੀ, ਜਲੰਧਰ ਉੱਤਰੀ ਤੋਂ ਅਵਤਾਰ ਸਿੰਘ ਜੂਨੀਅਰ, ਜਲੰਧਰ ਕੈਂਟ ਤੋਂ ਪਰਗਟ ਸਿੰਘ, ਆਦਮਪੁੁਰ ਰਾਖਵੀਂ ਤੋਂ ਸੁਖਵਿੰਦਰ ਸਿੰਘ ਕੋਹਲੀ, ਮੁਕੇਰੀਆਂ ਤੋਂ ਇੰਦੂ ਬਾਲਾ, ਦਸੂਹਾ ਤੋਂ ਅਰੁਨ ਡੋਗਰਾ, ਉੜਮੁੜ ਤੋਂ ਸੰਗਤ ਸਿੰਘ ਗਿਲਜੀਆਂ, ਸ਼ਾਮ ਚੁਰਾਸੀ ਰਾਖਵੀਂ ਤੋਂ ਪਵਨ ਕੁਮਾਰ ਆਦੀਆ, ਹੁਸ਼ਿਆਰਪੁਰ ਤੋਂ ਸੁੰਦਰ ਸ਼ਾਮ ਅਰੋੜਾ, ਚੱਬੇਵਾਲ ਰਾਖਵੀਂ ਤੋਂ ਡਾ. ਰਾਜ ਕੁਮਾਰ, ਗੜ੍ਹਸ਼ੰਕਰ ਤੋਂ ਅਮਰਪ੍ਰੀਤ ਲਾਲੀ, ਬਲਾਚੌਰ ਤੋਂ ਦਰਸ਼ਨ ਲਾਲ, ਆਨੰਦਪੁਰ ਸਾਹਿਬ ਤੋਂ ਕੰਵਰਪਾਲ ਸਿੰਘ, ਰੂਪਨਗਰ ਤੋਂ ਬਰਿੰਦਰ ਸਿੰਘ ਢਿੱਲੋਂ, ਚਮਕੌਰ ਸਾਹਿਬ ਰਾਖਵੀਂ ਤੋਂ ਚਰਨਜੀਤ ਸਿੰਘ ਚੰਨੀ, ਐਸ.ਏ.ਐਸ. ਨਗਰ ਤੋਂ ਬਲਬੀਰ ਸਿੰਘ ਸਿੱਧੂ, ਬੱਸੀ ਪਠਾਣਾ ਰਾਖਵੀਂ ਤੋਂ ਗੁਰਪ੍ਰੀਤ ਸਿੰਘ ਜੀ.ਪੀ., ਫ਼ਤਿਹਗੜ੍ਹ ਸਾਹਿਬ ਤੋਂ ਕੁਲਜੀਤ ਸਿੰਘ ਨਾਗਰਾ, ਅਮਲੋਹ ਤੋਂ ਰਣਦੀਪ ਸਿੰਘ ਨਾਭਾ, ਖੰਨਾ ਤੋਂ ਗੁਰਕੀਰਤ ਸਿੰਘ ਕੋਟਲੀ, ਲੁਧਿਆਣਾ ਪੂਰਬੀ ਤੋਂ ਸੰਜੀਵ ਤਲਵਾੜ, ਆਤਮ ਨਗਰ ਤੋਂ ਕਮਲਜੀਤ ਸਿੰਘ ਕਰਵਲ, ਲੁਧਿਆਣਾ ਕੇਂਦਰੀ ਤੋਂ ਸੁਰਿੰਦਰ ਸਿੰਘ ਡਾਵਰ, ਲੁਧਿਆਣਾ ਪਛਮੀ ਤੋਂ ਭਾਰਤ ਭੂਸ਼ਣ, ਲੁਧਿਆਣਾ ਉੱਤਰੀ ਤੋਂ ਰਾਕੇਸ਼ ਪਾਂਡੇ, ਪਾਇਲ ਰਾਖਵੀਂ ਤੋਂ ਲਖਵੀਰ ਸਿੰਘ ਲੱਖਾ, ਦਾਖਾ ਤੋਂ ਕੈਪਟਨ ਸੰਦੀਪ ਸਿੰਘ ਸੰਧੂ, ਰਾਏਕੋਟ ਰਾਖਵੀਂ ਤੋਂ ਕਾਮਿਲ ਅਮਰ ਸਿੰਘ, ਨਿਹਾਲ ਸਿੰਘਵਾਲਾ ਰਾਖਵੀਂ ਤੋਂ ਭੁਪਿੰਦਰ ਸਾਹੋਕੇ, ਬਾਘਾ ਪੁਰਾਣਾ ਤੋਂ ਦਰਸ਼ਨ ਸਿੰਘ ਬਰਾੜ, ਮੋਗਾ ਤੋਂ ਮਾਲਵਿਕਾ ਸੂਦ, ਧਰਮਕੋਟ ਤੋਂ ਸੁਖਜੀਤ ਸਿੰਘ ਲੋਹਗੜ੍ਹ, ਜ਼ੀਰਾ ਤੋਂ ਕੁਲਬੀਰ ਸਿੰਘ ਜ਼ੀਰਾ, ਫ਼ਿਰੋਜ਼ਪੁਰ ਸ਼ਹਿਰੀ ਤੋਂ ਪਰਮਿੰਦਰ ਸਿੰਘ ਪਿੰਕੀ, ਅਬੋਹਰ ਤੋਂ ਸੰਦੀਪ ਜਾਖੜ, ਬੱਲੂਆਣਾ ਰਾਖਵੀਂ ਤੋਂ ਰਜਿੰਦਰ ਕੌਰ, ਲੰਬੀ ਤੋਂ ਜਗਪਾਲ ਸਿੰਘ ਅਬੁਲਖੁਰਾਣਾ, ਗਿੱਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ, ਮਲੌਟ ਰਾਖਵੀਂ ਤੋਂ ਰੁਪਿੰਦਰ ਰੂਬੀ, ਫ਼ਰੀਦਕੋਟ ਤੋਂ ਕੁਸ਼ਲਦੀਪ ਸਿੰਘ ਢਿੱਲੋਂ, ਰਾਮਪੁਰਾ ਫੂਲ ਤੋਂ ਗੁਰਪ੍ਰੀਤ ਸਿੰਘ ਕਾਂਗੜ, ਭੁਚੋ ਮੰਡੀ ਰਾਖਵੀਂ ਤੋਂ ਪ੍ਰੀਤ ਸਿੰਘ ਕੋਟਭਾਈ, ਬਠਿੰਡਾ ਸ਼ਹਿਰੀ ਤੋਂ ਮਨਪ੍ਰੀਤ ਸਿੰਘ ਬਾਦਲ, ਬਠਿੰਡਾ ਦਿਹਾਤੀ ਰਾਖਵੀਂ ਤੋਂ ਹਰਵਿੰਦਰ ਸਿੰਘ ਗਿੱਲ 'ਲਾਡੀ', ਤਲਵੰਡੀ ਸਾਬੋ ਤੋਂ ਖੁਸ਼ਬਾਜ਼ ਸਿੰਘ ਜਟਾਣਾ, ਮੌੜ ਤੋਂ ਡਾ. ਮਨੋਜ ਬਾਲਾ ਬਾਂਸਲ, ਮਾਨਸਾ ਤੋਂ ਸ਼ੁਭਦੀਪ ਸਿੰਘ ਸਿੱਧੂ, ਬੁਢਲਾਡਾ ਰਾਖਵੀਂ ਤੋਂ ਰਣਵੀਰ ਕੌਰ ਮੇਆ, ਲਹਿਰਾ ਤੋਂ ਰਜਿੰਦਰ ਕੌਰ ਭੱਠਲ, ਮਲੇਰਕੋਟਲਾ ਤੋਂ ਰਜ਼ੀਆ ਸੁਲਤਾਨਾ, ਧੁਰੀ ਤੋਂ ਦਲਵੀਰ ਸਿੰਘ ਗੋਲਡੀ, ਸੰਗਰੂਰ ਤੋਂ ਵਿਜੇ ਇੰਦਰ ਸਿੰਗਲਾ, ਨਾਭਾ ਰਾਖਵੀਂ ਤੋਂ ਸਾਧੂ ਸਿੰਘ ਧਰਮਸੋਤ, ਪਟਿਆਲਾ ਦਿਹਾਤੀ ਤੋਂ ਮੋਹਿਤ ਮੋਹਿੰਦਰਾ, ਰਾਜਪੁਰਾ ਤੋਂ ਹਰਦਿਆਲ ਸਿੰਘ ਕੰਬੋਜ, ਘਨੌਰ ਤੋਂ ਮਦਨ ਲਾਲ ਜਲਾਲਪੁਰ, ਸਨੌਰ ਤੋਂ ਹਰਿੰਦਰ ਪਾਲ ਸਿੰਘ ਮਾਨ, ਸਮਾਣਾ ਤੋਂ ਰਜਿੰਦਰ ਸਿੰਘ ਦੇ ਨਾਂ ਸ਼ਾਮਲ ਹਨ |