
ਪੰਜਾਬ ਵਿਚ ਪਹਿਲੀ ਵਾਰ ਹੋਣਗੇ ਪੰਜ ਕੋਣੀ ਮੁਕਾਬਲੇ
ਪੰਜੇ ਧਿਰਾਂ ਪੰਜਾਬ ਵਿਚ ਸਰਕਾਰ ਬਣਾਉਣ ਸਬੰਧੀ ਆਸਵੰਦ
ਐਸ.ਏ.ਐਸ ਨਗਰ, 15 ਜਨਵਰੀ (ਸੁਖਦੀਪ ਸਿੰਘ ਸੋਈਾ) : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿਚ ਪੰਜ ਕੋਣੀ ਮੁਕਾਬਲੇ ਹੋਣ ਜਾ ਰਹੇ ਹਨ | ਪੰਜਾਬ ਵਿਚ ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ ਬਾਦਲ ਅਤੇ ਬਸਪਾ ਗਠਜੋੜ, ਭਾਜਪਾ-ਕੈਪਟਨ-ਢੀਂਡਸਾ ਗਠਜੋੜ ਅਤੇ 22 ਕਿਸਾਨ ਜਥੇਬੰਦੀਆਂ ਵਲੋਂ ਬਣਾਏ ਗਏ ਸੰਯੁਕਤ ਸਮਾਜ ਮੋਰਚਾ ਵਲੋਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਿਆਰੀ ਕੀਤੀ ਜਾ ਚੁੱਕੀ ਹੈ | ਇਨ੍ਹਾਂ ਵਿਚੋਂ ਆਮ ਆਦਮੀ ਪਾਰਟੀ ਅਤੇ ਅਕਾਲੀ ਬਸਪਾ ਗਠਜੋੜ ਵਲੋਂ (ਕੁੱਝ ਕੁ ਸੀਟਾਂ ਨੂੰ ਛੱਡ ਕੇ) ਅਪਣੇ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਜਾ ਚੁਕਿਆ ਹੈ ਜਦਕਿ ਸੰਯੁਕਤ ਕਿਸਾਨ ਮੋਰਚਾ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਾਰੀ ਕੀਤੀ ਜਾ ਚੁੱਕੀ ਹੈ | ਕਾਂਗਰਸ ਪਾਰਟੀ ਵਲੋਂ ਵੀ ਪੰਜਾਬ ਵਿਧਾਨ ਸਭਾ ਚੋਣਾਂ ਲਈ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿਤੀ ਗਈ ਹੈ ਜਦਕਿ ਭਾਜਪਾ, ਕੈਪਟਨ ਅਤੇ ਢੀਂਡਸਾ ਧੜੇ ਦੇ ਉਮੀਦਵਾਰਾਂ ਦਾ ਫ਼ੈਸਲਾ ਹਾਲੇ ਹੋਣਾ ਹੈ |
ਇਹ ਪੰਜੇ ਧਿਰਾਂ ਦਾਅਵਾ ਕਰ ਰਹੀਆਂ ਹਨ ਕਿ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਦੀ ਹੀ ਜਿੱਤ ਹੋਵੇਗੀ ਅਤੇ ਉਨ੍ਹਾਂ ਦੀ ਹੀ ਸਰਕਾਰ ਬਣੇਗੀ | ਪੰਜੇ ਧਿਰਾਂ ਵਲੋਂ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਤੇ ਚੋਣਾਂ ਲੜਨ ਦਾ ਐਲਾਨ ਕਰ ਦਿਤਾ ਗਿਆ ਹੈ | ਪੰਜੇ ਧਿਰਾਂ ਦੇ ਆਗੂਆਂ ਵਲੋਂ ਹਰ ਦਿਨ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਪੋ-ਅਪਣੀ ਜਿੱਤ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ |
ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਦਲਿਤਾਂ ਅਤੇ ਗ਼ਰੀਬਾਂ ਨੂੰ ਦਿਤੀਆਂ ਅਨੇਕਾਂ ਸਹੂਲਤਾਂ ਲਈ ਕਾਂਗਰਸੀ ਆਗੂ ਅਪਣੀ ਕਾਂਗਰਸ ਸਰਕਾਰ ਦਾ ਗੁਣਗਾਣ ਕਰ ਰਹੇ ਹਨ | ਦੂਜੇ ਪਾਸੇ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਜਪਾ ਸਮੇਤ ਸੰਯੁਕਤ ਸਮਾਜ ਮੋਰਚਾ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਨਿਕੰਮੀ ਸਰਕਾਰ ਕਹਿ ਕੇ ਭੰਡਣ 'ਤੇ ਲੱਗੇ ਹੋਏ ਹਨ |
ਭਾਜਪਾ ਭਾਵੇਂ ਖ਼ੁਦ 117 ਵਿਧਾਨ ਸਭਾ ਸੀਟਾਂ ਤੇ ਚੋਣ ਲੜਨ ਦੀ ਪੁਜੀਸ਼ਨ ਵਿਚ ਨਹੀਂ ਹੈ, ਪਰ ਉਸ ਨੇ ਕਾਂਗਰਸ ਤੋਂ ਬਾਗ਼ੀ ਹੋਏ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਬਾਦਲ ਤੋਂ ਬਾਗ਼ੀ ਹੋਏ ਸੁਖਦੇਵ ਸਿੰਘ ਢੀਂਡਸਾ 'ਤੇ ਕਾਫ਼ੀ ਹੱਦ ਤਕ ਟੇਕ ਰਖੀ ਹੈ | ਕੈਪਟਨ ਅਮਰਿੰਦਰ ਸਿੰਘ ਨੂੰ ਆਸ ਹੈ ਕਿ ਕਾਂਗਰਸ ਤੋਂ ਟਿਕਟਾਂ ਨਾ ਮਿਲਣ ਤੋਂ ਨਿਰਾਸ਼ ਆਗੂ ਉਨ੍ਹਾਂ ਵਲ ਆ ਸਕਦੇ ਹਨ | ਇਸੇ ਤਰ੍ਹਾਂ ਅਕਾਲੀ ਦਲ ਬਾਦਲ ਤੋਂ ਨਾਰਾਜ਼ ਆਗੂਆਂ ਨੂੰ ਭਾਜਪਾ ਗਠਜੋੜ ਵਿਚ ਲਿਆਉਣ ਲਈ ਭਾਜਪਾ ਵਲੋਂ ਸੁਖਦੇਵ ਸਿੰਘ ਢੀਂਡਸਾ ਨੂੰ ਸਰਗਰਮ ਕਰ ਦਿਤਾ ਗਿਆ ਹੈ, ਤਾਕਿ ਅਕਾਲੀ ਦਲ ਬਾਦਲ ਨਾਲ ਰੁਸੇ ਹੋਏ ਆਗੂਆਂ ਨੂੰ ਭਾਜਪਾ ਗਠਜੋੜ ਵਿਚ ਸ਼ਾਮਲ ਕੀਤਾ ਜਾ ਸਕੇ |
ਪੰਜਾਬ ਵਿਚ ਪੰਜਵੀਂ ਧਿਰ ਵਜੋਂ ਉਭਰ ਕੇ ਆਏ ਸੰਯੁਕਤ ਸਮਾਜ ਮੋਰਚਾ ਨੂੰ ਕਈ ਹਲਕਿਆਂ ਵਿਚ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਮੋਰਚੇ ਦੇ ਆਗੂਆਂ ਨੂੰ ਆਸ ਹੈ ਕਿ ਮੋਰਚਾ ਸ. ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿਚ ਪੰਜਾਬ ਵਿਚ ਅਗਲੀ ਸਰਕਾਰ ਬਣਾਏਗਾ | ਭਾਵੇਂ ਕਿ ਅਨੇਕਾਂ ਕਿਸਾਨ ਜਥੇਬੰਦੀਆਂ ਨੇ ਵਿਧਾਨ ਸਭਾ ਚੋਣਾਂ ਤੋਂ ਕਿਨਾਰਾ ਕੀਤਾ ਹੈ ਅਤੇ ਗੁਰਨਾਮ ਸਿੰਘ ਚੜੂਨੀ ਗਰੁਪ ਨਾਲ ਸੰਯੁਕਤ ਸਮਾਜ ਮੋਰਚਾ ਦਾ ਚੋਣ ਗਠਬੰਧਨ ਅਜੇ ਤਕ ਨਹੀਂ ਹੋਇਆ, ਫਿਰ ਵੀ ਸੰਯੁਕਤ ਸਮਾਜ ਮੋਰਚੇ ਦੇ ਆਗੂ ਕਾਫ਼ੀ ਉਤਸ਼ਾਹ ਵਿਚ ਦਿਖ ਰਹੇ ਹਨ | ਇਥੇ ਵਰਨਣਯੋਗ ਹੈ ਕਿ ਚੋਣਾਂ ਵਿਚ ਉਤਰੀਆਂ ਪੰਜੇ ਧਿਰਾਂ ਵਿਚ ਆਪਸੀ ਖਿਚੋਤਾਣ ਜਾਰੀ ਹੈ, ਜਿਸ ਤੋਂ ਪੰਜੇ ਧਿਰਾਂ ਚਿੰਤਤ ਵੀ ਹਨ | ਚੋਣ ਅਮਲ ਸ਼ੁਰੂ ਹੋਣ 'ਤੇ ਹੀ ਪਤਾ ਚਲੇਗਾ ਕਿ ਕੌਣ ਕਿੰਨੇ ਪਾਣੀ ਵਿਚ ਹੈ? ਪਰ ਹਾਲ ਦੀ ਘੜੀ ਪੰਜੇ ਧਿਰਾਂ ਪੰਜਾਬ ਵਿਚ ਆਪੋ-ਅਪਣੀ ਸਰਕਾਰ ਬਣਾਉਣ ਲਈ ਮੁੱਛਾਂ ਨੂੰ ਤਾਅ ਦੇ ਰਹੀਆਂ ਹਨ |
Photo 15-6