
ਸਾਡੇ ਸਬਰ ਨੂੰ ਪਰਖਣ ਦੀ ਗ਼ਲਤੀ ਨਾ ਕਰਨ ਗੁਆਂਢੀ ਦੇਸ਼
ਨਵੀਂ ਦਿੱਲੀ, 15 ਜਨਵਰੀ : ਫ਼ੌਜ ਮੁਖੀ ਜਨਰਲ ਐਮ.ਐਮ. ਨਰਵਣੇ ਨੇ ਸਨਿਚਰਵਾਰ ਨੂੰ ਕਿਹਾ ਕਿ ਭਾਰਤੀ ਫ਼ੌਜ ਦਾ ਸੰਦੇਸ਼ ਸਾਫ਼ ਹੈ ਕਿ ਉਹ ਦੇਸ਼ ਦੀ ਸਰਹੱਦ ’ਤੇ ਮੌਜੂਦਾ ਸਥਿਤੀ ’ਚ ਇਕ ਪਾਸੜ ਤਬਦੀਲੀ ਦੀ ਕਿਸੇ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਇਥੇ ਫ਼ੌਜ ਦਿਵਸ ਪਰੇਡ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਕਿਹਾ ਕਿ ਪਿਛਲਾ ਸਾਲ ਫ਼ੌਜ ਲਈ ਬਹੁਤ ਚੁਣੌਤੀਪੂਰਨ ਸੀ।
ਨਰਵਣੇ ਨੇ ਪਾਕਿਸਤਾਨ ’ਤੇ ਦੋਸ਼ ਲਗਾਉਂਦੇ ਹੋਏ ਕਹਿਾ ਕਿ ਸਰਹੱਦ ਪਾਰ ਸਿਖਲਾਈ ਕੈਂਪਾਂ ’ਚ ਲਗਭਗ 300-400 ਅਤਿਵਾਦੀ ਜੰਮੂ ਕਸ਼ਮੀਰ ’ਚ ਘੁਸਪੈਠ ਕਰਨ ਦੇ ਮੌਕੇ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਚੀਨ ਨਾਲ ਲੱਗਣ ਵਾਲੀਆਂ ਉੱਤਰੀ ਸਰਹੱਦਾਂ ’ਤੇ ਘਟਨਾਕ੍ਰਮ ਦਾ ਹਵਾਲਾ ਦਿਤਾ। ਫ਼ੌਜ ਦਿਵਸ, 1949 ’ਚ ਅਪਣੇ ਬਿ੍ਰਟਿਸ਼ ਪੂਰਵਜ ਦੇ ਸਥਾਨ ’ਤੇ ਭਾਰਤੀ ਫ਼ੌਜ ਦੇ ਪਹਿਲੇ ਭਾਰਤੀ ਕਮਾਂਡਰ ਇਨ ਚੀਫ਼ ਦੇ ਤੌਰ ’ਤੇ ਫੀਲਡ ਮਾਰਸ਼ਲ ਕੇ.ਐਮ. ਕਰੀਯੱਪਾ ਦੇ ਅਹੁਦਾ ਸੰਭਾਲਣ ਨੂੰ ਹਰ ਸਾਲ 15 ਜਨਵਰੀ ਨੂੰ ਮਨਾਇਆ ਜਾਂਦਾ ਹੈ। ਪੂਰਬੀ ਲੱਦਾਖ਼ ਰੇੜਕੇ ਵਲ ਇਸ਼ਾਰਾ ਕਰਦੇ ਹੋਏ ਜਨਰਲ ਨਰਵਣੇ ਨੇ ਕਿਹਾ ਕਿ ਸਥਿਤੀ ਕੰਟਰੋਲ ’ਚ ਰਖਣ ਲਈ ਭਾਰਤ ਅਤੇ ਚੀਨ ’ਚ ਫ਼ੌਜ ਪੱਧਰ ਦੀ 14ਵੇਂ ਦੌਰ ਦੀ ਗੱਲਬਾਤ ਹਾਲ ’ਚ ਹੋਈ। ਉਨ੍ਹਾਂ ਕਿਹਾ ਕਿ ਵਖ-ਵਖ ਪੱਧਰਾਂ ’ਤੇ ਸਾਂਝੀਆਂ ਕੋਸ਼ਿਸ਼ਾਂ ਨਾਲ ਕਈ ਇਲਾਕਿਆਂ ’ਚ ਫ਼ੌਜੀਆਂ ਦੇ ਪਿੱਛੇ ਹਟਣ ਦਾ ਕੰਮ ਪੂਰਾ ਹੋਇਆ, ਜੋ ਖੁਦ ’ਚ ਰਚਨਾਤਮਕ ਕਦਮ ਹੈ।
ਜਨਰਲ ਨਰਵਣੇ ਨੇ ਕਿਹਾ ਕਿ ਬਰਾਬਰ ਸੁਰੱਖਿਆ ਦੇ ਆਧਾਰ ’ਤੇ, ਮੌਜੂਦਾ ਸਥਿਤੀ ਦਾ ਹੱਲ ਲੱਭਣ ਲਈ ਕੋਸ਼ਿਸ਼ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਬਰਫ਼ ਨਾਲ ਢਕੇ ਪਹਾੜਾਂ ’ਤੇ ਤਾਇਨਾਤ ਜਵਾਨਾਂ ਦਾ ਮਨੋਬਲ ਆਸਮਾਨ ਛੂਹ ਰਿਹਾ ਹੈ। ਨਰਵਣੇ ਨੇ ਕਿਹਾ, ‘‘ਸਾਡਾ ਸਬਰ ਸਾਡੇ ਆਤਮਵਿਸ਼ਵਾਸ ਦੀ ਨਿਸ਼ਾਨੀ ਹੈ ਪਰ ਕਿਸੇ ਨੂੰ ਵੀ ਇਸ ਨੂੰ ਪਰਖਣ ਦੀ ਗ਼ਲਤੀ ਨਹੀਂ ਕਰਨੀ ਚਾਹੀਦੀ।’’ ਉਨ੍ਹਾਂ ਕਿਹਾ,‘‘ਸਾਡਾ ਸੰਦੇਸ਼ ਸਾਫ ਹੈ, ਭਾਰਤੀ ਫ਼ੌਜ ਦੇਸ਼ ਦੀ ਸਰਹੱਦ ’ਤੇ ਮੌਜੂਦਾ ਸਥਿਤੀ ਬਦਲਣ ਦੀ ਇਕ ਪਾਸੜ ਕੋਸ਼ਿਸ਼ ਸਫਲ ਨਹੀਂ ਹੋਣ ਦੇਵੇਗੀ।’’ ਪੈਂਗੋਂਗ ਝੀਲ ਖੇਤਰ ’ਚ ਹਿੰਸਕ ਝੜਪ ਤੋਂ ਬਾਅਦ 5 ਮਈ 2020 ਤੋਂ ਭਾਰਤ ਅਤੇ ਚੀਨ ਦੀਆਂ ਸੈਨਾਵਾਂ ਪੂਰਬੀ ਲੱਦਾਖ਼ ’ਚ ਫ਼ੌਜੀ ਰੇੜਕੇ ’ਚ ਉਲਝੀ ਹੋਈ ਹੈ। ਰੇੜਕਾ ਹੱਲ ਕਰਨ ਲਈ ਦੋਹਾਂ ਦੇਸ਼ਾਂ ਨੇ 14ਵੇਂ ਦੌਰ ਦੀ ਫ਼ੌਜ ਪੱਧਰ ਦੀ ਗੱਲਬਾਤ ਕੀਤੀ ਹੈ। ਜਨਰਲ ਨਰਵਣੇ ਨੇ ਕਿਹਾ ਕਿ ਕੰਟਰੋਲ ਰੇਖਾ (ਐਲ.ਓ.ਸੀ.) ’ਤੇ ਸਥਿਤੀ ਪਿਛਲੇ ਸਾਲ ਤੋਂ ਬਿਹਤਰ ਹੈ ਪਰ ਪਾਕਿਸਤਾਨ ਹਾਲੇ ਵੀ ਅਤਿਵਾਦ ਨੂੰ ਪਨਾਹ ਦੇ ਰਿਹਾ ਹੈ। (ਏਜੰਸੀ)