
ਹਿਮਾਚਲ 'ਚ ਮੀਂਹ ਤੇ ਬਰਫਬਾਰੀ ਦੀ ਸੰਭਾਵਨਾ
Punjab Weather Update: ਚੰਡੀਗੜ੍ਹ - ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਵਿਚ ਸੰਘਣੀ ਧੁੰਦ ਛਾਈ ਹੋਈ ਹੈ। ਇਸ ਕਾਰਨ ਚੰਡੀਗੜ੍ਹ, ਪਠਾਨਕੋਟ ਅਤੇ ਹੋਰ ਥਾਵਾਂ 'ਤੇ ਵਿਜ਼ੀਬਿਲਟੀ ਜ਼ੀਰੋ ਹੈ। ਪਟਿਆਲਾ ਅਤੇ ਅੰਬਾਲਾ ਵਿਚ 25 ਮੀਟਰ ਅਤੇ ਹਿਸਾਰ ਵਿਚ 50 ਮੀਟਰ ਵਿਜ਼ੀਬਿਲਟੀ ਹੈ। ਇਸ ਕਾਰਨ ਏਅਰ ਇੰਡੀਆ ਨੇ ਸਵੇਰੇ 6.10 ਵਜੇ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀ ਫਲਾਈਟ ਅਤੇ ਸਵੇਰੇ 6.50 ਵਜੇ ਅੰਮ੍ਰਿਤਸਰ ਤੋਂ ਦਿੱਲੀ ਆਉਣ ਵਾਲੀ ਫਲਾਈਟ ਨੂੰ ਰੱਦ ਕਰ ਦਿੱਤਾ। ਬਾਕੀਆਂ ਬਾਰੇ ਅਜੇ ਫੈਸਲਾ ਨਹੀਂ ਲਿਆ ਗਿਆ ਹੈ।
ਕੁਝ ਉਡਾਣਾਂ ਵਿਚ ਦੇਰੀ ਵੀ ਹੋਈ ਹੈ। ਪੰਜਾਬ ਅਤੇ ਹਰਿਆਣਾ ਵਿਚ ਮੌਸਮ ਵਿਭਾਗ ਨੇ ਧੁੰਦ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਸੀਤ ਲਹਿਰ ਅਤੇ ਸੰਘਣੀ ਧੁੰਦ ਤੋਂ ਲੋਕਾਂ ਨੂੰ ਫਿਲਹਾਲ ਰਾਹਤ ਨਹੀਂ ਮਿਲੇਗੀ। ਹਿਮਾਚਲ ਪ੍ਰਦੇਸ਼ ਦੇ ਕੁੱਝ ਇਲਾਕਿਆਂ 'ਚ 2 ਦਿਨਾਂ ਤੱਕ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਹਰਿਆਣਾ ਦੇ 8 ਜ਼ਿਲ੍ਹਿਆਂ ਵਿਚ ਬਹੁਤ ਜ਼ਿਆਦਾ ਧੁੰਦ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਨ੍ਹਾਂ ਵਿਚ ਅੰਬਾਲਾ, ਕੁਰੂਕਸ਼ੇਤਰ, ਕੈਥਲ, ਕਰਨਾਲ, ਸੋਨੀਪਤ, ਪਾਣੀਪਤ, ਸਿਰਸਾ, ਫਤਿਹਾਬਾਦ ਅਤੇ ਜੀਂਦ ਸ਼ਾਮਲ ਹਨ। ਇੱਥੇ ਵਿਜ਼ੀਬਿਲਟੀ ਲਗਭਗ 25 ਮੀਟਰ ਹੈ। ਜੀਟੀ ਬੈਲਟ 'ਤੇ ਪੈਂਦੇ ਜ਼ਿਲਿਆਂ 'ਚ ਤਾਪਮਾਨ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੇਗੀ। ਪੰਜਾਬ ਦੇ 16 ਜ਼ਿਲ੍ਹਿਆਂ ਵਿਚ ਮੌਸਮ ਖ਼ਰਾਬ ਹੋਣ ਦੀ ਚੇਤਾਵਨੀ ਦਿੱਤੀ ਗਈ ਹੈ। ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਾਜ਼ਿਲਕਾ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਸੰਘਣੀ ਧੂੰਆਂ ਛਾਇਆ ਹੋਇਆ ਹੈ। ਸਵੇਰੇ ਇੱਥੇ ਵਿਜ਼ੀਬਿਲਟੀ 25 ਮੀਟਰ ਤੋਂ ਘੱਟ ਸੀ। ਪੰਜਾਬ 'ਚ ਸਟੇਟ ਡਿਜ਼ਾਸਟਰ ਮੈਨੇਜਮੈਂਟ ਵੱਲੋਂ ਸੰਦੇਸ਼ ਭੇਜੇ ਗਏ ਹਨ, ਜਿਸ 'ਚ ਮੰਗਲਵਾਰ ਦੁਪਹਿਰ 3.30 ਵਜੇ ਤੱਕ ਸਥਿਤੀ ਖਰਾਬ ਰਹਿਣ ਦੀ ਸੰਭਾਵਨਾ ਹੈ।