ਪਰਿਕਰਮਾ ਵਿੱਚ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਰੋਕਣ ਲਈ ਪਹਿਰਾ ਹੋਵੇਗਾ ਹੋਰ ਮਜ਼ਬੂਤ, ਸੇਵਾਦਾਰਾਂ ਨੂੰ ਦਿੱਤੇ ਗਏ ਸਖ਼ਤ ਨਿਰਦੇਸ਼: ਕੁਲਵੰਤ ਸਿੰਘ ਮੰਨਣ
ਅੰਮ੍ਰਿਤਸਰ: ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਦੁਆਲੇ ਮਰਯਾਦਾ ਦੀ ਉਲੰਘਣਾ ਕਰਨ ਵਾਲੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਹਰਕਤ ਵਿੱਚ ਆ ਗਈ ਹੈ। ਇਸ ਮਾਮਲੇ 'ਤੇ ਗੰਭੀਰਤਾ ਦਿਖਾਉਂਦੇ ਹੋਏ ਐਸ.ਜੀ.ਪੀ.ਸੀ. ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪਹਿਰਾ ਸਖ਼ਤ ਕੀਤਾ ਜਾਵੇਗਾ ਅਤੇ ਮਰਯਾਦਾ ਨੂੰ ਕਾਇਮ ਰੱਖਣ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ।
ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੇ ਦਿਨੀਂ ਸੇਵਾਦਾਰਾਂ ਅਤੇ ਸਬੰਧਤ ਸਟਾਫ਼ ਨਾਲ ਦੋ ਵਿਸ਼ੇਸ਼ ਮੀਟਿੰਗਾਂ ਕੀਤੀਆਂ ਹਨ। ਉਨ੍ਹਾਂ ਮੰਨਿਆ ਕਿ ਕਈ ਵਾਰ ਭਾਰੀ ਰਸ਼ ਕਾਰਨ ਸੇਵਾਦਾਰਾਂ ਦੀ ਨਜ਼ਰ ਤੋਂ ਅਜਿਹੀਆਂ ਗਲਤੀਆਂ ਬਚ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਦੂਰ-ਦੁਰਾਡੇ ਤੋਂ ਆਉਣ ਵਾਲੇ ਸ਼ਰਧਾਲੂਆਂ, ਖਾਸ ਕਰਕੇ ਜਿਨ੍ਹਾਂ ਨੂੰ ਸਿੱਖ ਸਿਧਾਂਤਾਂ ਅਤੇ ਮਰਯਾਦਾ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ, ਉਹ ਅਣਜਾਣੇ ਵਿੱਚ ਅਜਿਹੀਆਂ ਗਲਤੀਆਂ ਕਰ ਬੈਠਦੇ ਹਨ। ਸ. ਮੰਨਣ ਨੇ ਸਪੱਸ਼ਟ ਕੀਤਾ ਕਿ ਦਰਬਾਰ ਸਾਹਿਬ ਵੱਲ ਪਿੱਠ ਕਰਕੇ ਫੋਟੋਆਂ ਖਿਚਾਉਣਾ ਜਾਂ ਰੀਲਾਂ ਬਣਾਉਣਾ ਸਿੱਖ ਮਰਯਾਦਾ ਦੇ ਖ਼ਿਲਾਫ਼ ਹੈ ਅਤੇ ਇਹ ਦੇਖਣ ਵਿੱਚ ਵੀ ਬਹੁਤ ਮਾੜਾ ਲੱਗਦਾ ਹੈ।
ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਕਮੇਟੀ ਇਸ ਗੁੰਝਲਦਾਰ ਵਿਸ਼ੇ 'ਤੇ ਵਿਚਾਰ ਕਰ ਰਹੀ ਹੈ ਕਿ ਕੀ ਸ਼ਰਧਾਲੂਆਂ ਲਈ ਕੋਈ ਅਜਿਹੀ ਵਿਸ਼ੇਸ਼ ਜਗ੍ਹਾ ਤੈਅ ਕੀਤੀ ਜਾ ਸਕਦੀ ਹੈ ਜਿੱਥੇ ਉਹ ਮਰਯਾਦਾ ਦਾ ਉਲੰਘਣ ਕੀਤੇ ਬਿਨਾਂ ਯਾਦਗਾਰੀ ਤਸਵੀਰਾਂ ਖਿਚਵਾ ਸਕਣ। ਉਨ੍ਹਾਂ ਕਿਹਾ ਕਿ ਘੰਟਾ ਘਰ ਵਾਲੇ ਪਾਸਿਓਂ ਦਾਖਲ ਹੁੰਦੇ ਹੀ ਸੰਗਤਾਂ ਨੂੰ ਸੁਚੇਤ ਕਰਨ ਲਈ ਹੋਰ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਆਪਣੇ ਸੇਵਾਦਾਰਾਂ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਹਰ ਸਮੇਂ ਮੁਸਤੈਦ ਰਹਿਣ ਤਾਂ ਜੋ ਭਵਿੱਖ ਵਿੱਚ ਅਜਿਹੀ ਕੋਈ ਵੀ ਵੀਡੀਓ ਜਾਂ ਤਸਵੀਰ ਸਾਹਮਣੇ ਨਾ ਆਵੇ ਜੋ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੋਵੇ।
