
ਪ੍ਰਤਿਭਾ ਖੋਜ ਮੁਕਾਬਲੇ 'ਚ ਪੰਜਾਬ ਦੇ ਸਰਕਾਰੀ ਸਕੂਲ ਰਹੇ ਮੋਹਰੀ
ਐਸ.ਏ.ਐਸ.ਨਗਰ, 15 ਫ਼ਰਵਰੀ (ਸੁਖਦੀਪ ਸਿੰਘ ਸੋਈ): ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ 'ਤੇ ਮਾਣ ਵਧਾਇਆ ਹੈ | ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵਲੋਂ ਨੌਜਵਾਨ ਪੀੜ੍ਹੀ ਵਿਚ 'ਰੌਬੋਟ ਤਕਨਾਲੋਜੀ' ਪ੍ਰਤੀ ਉਤਸ਼ਾਹ ਵਧਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਕਰਵਾਏ ਗਏ ਪ੍ਰਤਿਭਾ ਖੋਜ ਮੁਕਾਬਲੇ ਵਿਚ ਪੰਜਾਬ ਦੇ ਸਰਕਾਰੀ ਸਕੂਲ ਮੋਹਰੀ ਰਹੇ ਹਨ | ਸਕੱਤਰ ਸਕੂਲ ਸਿਖਿਆ ਕਿ੍ਸ਼ਨ ਕੁਮਾਰ ਨੇ ਦਸਿਆ ਕਿ ਪਿਛਲੇ ਸਾਲ ਆਰੰਭ ਹੋਈ ਇਸ ਮੁਹਿੰਮ ਤਹਿਤ ਦੇਸ਼ ਭਰ ਦੇ ਸਰਕਾਰੀ ਸਕੂਲਾਂ ਵਿਚੋਂ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ | ਇੰਨ੍ਹਾਂ ਹਜ਼ਾਰਾਂ ਵਿਦਿਆਰਥੀਆਂ ਵਿਚੋਂ ਪੂਰੇ ਦੇਸ਼ ਵਿਚੋਂ 100 ਵਿਦਿਆਰਥੀਆਂ ਦੀ ਚੋਣ ਕੀਤੀ ਗਈ | ਜਿੰਨ੍ਹਾਂ ਵਿਚ 18 ਵਿਦਿਆਰਥੀ ਇਕੱਲੇ ਪੰਜਾਬ ਦੇ ਸ਼ਾਮਲ ਹਨ | ਇਸ ਤਰ੍ਹਾਂ ਦੇਸ਼ ਭਰ ਵਿਚੋਂ ਗਿਣਤੀ ਪੱਖੋਂ ਪੰਜਾਬ ਪਹਿਲੇ ਸਥਾਨ ਉਤੇ ਰਿਹਾ |