
ਚੰਨੀ ਦੋਵੇਂ ਸੀਟਾਂ ਤੋਂ ਅਤੇ ਬਾਦਲ ਪ੍ਰਵਾਰ ਪੰਜੇ ਸੀਟਾਂ ਤੋਂ
ਰਾਮਪੁਰਾ ਫੂਲ, 15 ਫ਼ਰਵਰੀ (ਹਰਿੰਦਰ ਬੱਲੀ): ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨੇ ਗਏ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਅੱਜ ਰਾਮਪੁਰਾ ਫੂਲ ਪੁੱਜ ਕੇ ਫੂਲ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਦੀ ਚੋਣ ਮੁਹਿੰਮ ਨੂੰ ਜ਼ੋਰਦਾਰ ਹੁਲਾਰਾ ਦਿਤਾ। ਭਗਵੰਤ ਮਾਨ ਨੂੰ ਦੇਖਣ ਅਤੇ ਸੁਣਨ ਲਈ ਨੌਜਵਾਨਾਂ ਅਤੇ ਆਮ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ।
ਚੋਣ ਰੈਲੀ ਦਾ ਪ੍ਰਬੰਧ ਫੂਲ ਰੋਡ ਸਥਿਤ ਸ਼ਹਿਰ ਦੀ ਮੁੱਖ ਅਨਾਜ ਮੰਡੀ ਅੰਦਰ ਸਟੇਜ ਲਾ ਕੇ ਕੀਤਾ ਗਿਆ ਸੀ, ਪਰ ਇਕ ਦਰਜਨ ਦੇ ਕਰੀਬ ਗਾਇਕ ਕਲਾਕਾਰਾਂ ਨਾਲ ਆਏ ਭਗਵੰਤ ਮਾਨ ਨੇ ਅਪਣੀ ਗੱਡੀ ਨੂੰ ਹੀ ਸਟੇਜ ਬਣਾ ਕੇ ਸੰਬੋਧਨ ਕੀਤਾ ਜਿਸ ਦਾ ਸਟੇਜ ਸੰਚਾਲਨ ਉੱਘੇ ਕਲਾਕਾਰ ਕਰਮਜੀਤ ਅਨਮੋਲ ਨੇ ਕੀਤਾ। ਅਪਣੀ ਗੱਡੀ ਦੁਆਲੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਵਿਚ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ 70 ਸਾਲਾਂ ਤੋਂ ਦੋਵੇਂ ਰਵਾਇਤੀ ਪਾਰਟੀਆਂ ਲੋਕਾਂ ਤੋਂ ਵੋਟਾਂ ਲੈ ਕੇ ਵਾਰੋ ਵਾਰੀ ਰਾਜ ਕਰਦੀਆਂ ਆ ਰਹੀਆਂ ਹਨ, ਪਰ ਉਨ੍ਹਾਂ ਨੇ ਲੋਕਾਂ ਦਾ ਭਲਾ ਕਰਨ ਦੀ ਬਜਾਇ ਪੰਜਾਬ ਨੂੰ ਹਰ ਪੱਖੋਂ ਤਹਿਸ ਨਹਿਸ ਕਰ ਦਿਤਾ ਹੈ ਅਤੇ ਅਪਣੀਆਂ ਤਿਜੌਰੀਆਂ ਭਰ ਕੇ ਪ੍ਰਵਾਰਵਾਦ ਨੂੰ ਬੜ੍ਹਾਵਾ ਦਿਤਾ ਹੈ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਲਕਾ ਉਮੀਦਵਾਰ ਬਲਕਾਰ ਸਿੰਘ ਸਿੱਧੂ ਦੇ ਹੱਕ ਵਿਚ ਵੋਟਾਂ ਪਾਈਆਂ ਜਾਣ। ਉਨ੍ਹਾਂ ਕਿਹਾ ਕਿ ਅਕਾਲੀਆਂ ਅਤੇ ਕਾਂਗਰਸ ਪਾਰਟੀ ਦੀ ਹਾਲਤ ਪਤਲੀ ਹੋ ਚੁੱਕੀ ਹੈ, ਇਸੇ ਕਰ ਕੇ ਪੰਜ ਸੀਟਾਂ ਤੋਂ ਖੜੇ ਬਾਦਲ ਪ੍ਰਵਾਰ ਦੇ ਪੰਜੇ ਉਮੀਦਵਾਰ ਚੋਣ ਹਾਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਚਰਨਜੀਤ ਸਿੰਘ ਚੰਨੀ ਵੀ ਦੋਵੇਂ ਸੀਟਾਂ ਤੋਂ ਹਾਰ ਰਹੇ ਹਨ ਅਤੇ ਪੰਜਾਬ ਅੰਦਰ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਭਗਵੰਤ ਮਾਨ, ਭਾਈਰੂਪਾ ਸਾਈਡ ਤੋਂ ਆਏ ਤੇ ਸੰਬੋਧਨ ਕਰਨ ਉਪਰੰਤ ਮੌੜ ਮੰਡੀ ਵਲ ਅਪਣੇ ਕਾਫ਼ਲੇ ਸਮੇਤ ਰਵਾਨਾ ਹੋ ਗਏ, ਜਿਥੋਂ ਸੁਖਵੀਰ ਸਿੰਘ ਮਾਈਸਰਖਾਨਾ ਪਾਰਟੀ ਵਲੋਂ ਚੋਣ ਲੜ ਰਹੇ ਹਨ। ਕਾਫ਼ਲੇ ਵਿਚ ਗਾਇਕ ਭੁਪਿੰਦਰ ਗਿੱਲ, ਦੀਪ ਢਿੱਲੋਂ, ਮਹਾਸਾ ਅਲੀ, ਲਵਜੀਤ ਰਾਮਪੁਰਾ ਸਮੇਤ ਇਕ ਦਰਜਨ ਦੇ ਕਰੀਬ ਗਾਇਕ ਕਲਾਕਾਰ ਸਨ। ਨੌਜਵਾਨਾਂ ਨੇ ਭਗਵੰਤ ਮਾਨ ਅਤੇ ਕੇਜਰੀਵਾਲ ਦੇ ਹੱਕ ਵਿਚ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਤੇ ਉਹ ਸਮਾਗਮ ਦੀਆਂ ਵੀਡੀਉਜ਼ ਬਣਾਉਣ ਵਿਚ ਰੁੱਝੇ ਰਹੇ। ਭਗਵੰਤ ਮਾਨ ਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਵੀ ਕੀਤੀ ਅਤੇ ਉਨ੍ਹਾਂ ਨੂੰ ਦੇਖਣ ਲਈ ਜਾਣ ਵਾਲੇ ਰਸਤਿਆਂ ਤੇ ਵੀ ਲੋਕ ਅਪਣੇ ਘਰਾਂ ਵਿਚੋਂ ਨਿਕਲ ਕੇ ਸੜਕਾਂ ’ਤੇ ਆ ਗਏ।
ਰੈਲੀ ਨੂੰ ਬਲਕਾਰ ਸਿੰਘ ਸਿੱਧੂ ਨੇ ਵੀ ਸੰਬੋਧਨ ਕਰਦਿਆਂ ਇਕ ਮੌਕਾ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਦੇਣ ਦੀ ਅਪੀਲ ਕਰਦਿਆਂ ਅਪਣੇ ਲਈ ਵੋਟਾਂ ਮੰਗੀਆਂ ਅਤੇ ਕਿਹਾ ਕਿ ਸਰਕਾਰ ਆਉਣ ਤੇ ਉਹ ਪਾਰਟੀ ਦੀਆਂ ਗਾਰੰਟੀਆਂ ਅਤੇ ਨੀਤੀਆਂ ਨੂੰ ਲਾਗੂ ਕਰਨਗੇ। ਮੌਕੇ ਤੇ ਆਮ ਆਦਮੀ ਪਾਰਟੀ ਨਾਲ ਜੁੜੀ ਪੂਰੀ ਟੀਮ ਹਾਜ਼ਰ ਰਹੀ। ਰੈਲੀ ਉਪਰੰਤ ਬਲਕਾਰ ਸਿੱਧੂ ਨੇ ਗੱਡੀਆਂ ਦੇ ਕਾਫ਼ਲੇ ਸਮੇਤ ਸ਼ਹਿਰ ਅੰਦਰ ਰੋਡ ਸ਼ੋਅ ਵੀ ਕੀਤਾ। ਇਸੇ ਦੌਰਾਨ ਸੰਯੁਕਤ ਸਮਾਜ ਮੋਰਚੇ ਦੇ ਇਸ ਹਲਕੇ ਤੋਂ ਐਲਾਨੇ ਗਏ ਉਮੀਦਵਾਰ ਜਸਕਰਨ ਸਿੰਘ ਬੁੱਟਰ ਨੇ ਇਥੇ ਬਲਕਾਰ ਸਿੱਧੂ ਦੀ ਹਾਜ਼ਰੀ ਵਿਚ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਮੋਰਚੇ ਦਾ ਤਿਆਗ ਕਰਦਿਆਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਅਤੇ ਸਮਰਥਨ ਦੇਣ ਦਾ ਐਲਾਨ ਕਰ ਦਿਤਾ ਹੈ। ਬੁੱਟਰ ਨੇ ਕਿਹਾ ਕਿ ਮੋਰਚੇ ਵਲੋਂ ਕੋਈ ਸਹਿਯੋਗ ਨਹੀਂ ਸੀ ਦਿਤਾ ਜਾ ਰਿਹਾ।
ਫੋਟੋ: ਰਾਮਪੁਰਾ ਫੂਲ ਦੀ ਅਨਾਜ ਮੰਡੀ ਵਿੱਚ ਭਗਵੰਤ ਮਾਨ ਸੰਬੋਧਨ ਕਰਦੇ ਹੋਏ।