
ਸੌਰਵ 2 ਏਕੜ ਜ਼ਮੀਨ ਵੇਚ ਕੇ 50 ਲੱਖ ਰੁਪਏ ਖ਼ਰਚ ਕੇ ਗਿਆ ਸੀ ਅਮਰੀਕਾ
ਅਮਰੀਕਾ ’ਚੋਂ ਕੱਢ ਕੇ ਭਾਰਤ ਭੇਜੇ ਗਏ 119 ਭਾਰਤੀਆਂ ਵਿਚ ਇਕ ਫ਼ਿਰੋਜ਼ਪੁਰ ਦੇ ਚਾਂਦੀ ਵਾਲੇ ਪਿੰਡ ਦਾ ਨੌਜਵਾਨ ਸੌਰਵ ਵੀ ਸ਼ਾਮਲ ਹੈ। ਸੌਰਵ 4 ਜਨਵਰੀ ਨੂੰ ਭਾਰਤ ਤੋਂ ਅਮਰੀਕਾ ਵਾਸਤੇ ਰਵਾਨਾ ਹੋਇਆ ਸੀ। 23 ਦਿਨ ਵੱਖ-ਵੱਖ ਦੇਸ਼ਾਂ ਤੋਂ ਹੁੰਦਿਆਂ ਡੰਕੀ ਲਾ ਕੇ ਮੈਕਸੀਕੋ ਦੇ ਰਸਤੇ ਅਮਰੀਕਾ ਪਹੁੰਚਿਆ। ਅਮਰੀਕੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਡੀਟੇਂਸ਼ਨ ਸੈਂਟਰ ਵਿਚ ਰੱਖਿਆ। ਕਲ੍ਹ ਸੌਰਵ ਨੂੰ ਅਮਰੀਕਾ ਤੋਂ ਕੱਢ ਦਿਤਾ ਗਿਆ।
photo
ਸੌਰਵ ਨੇ ਦਸਿਆ ਕਿ ਉਸ ਦੇ ਪਿਤਾ ਨੇ ਕਰਜ਼ਾ ਲੈ ਕੇ 2 ਏਕੜ ਜ਼ਮੀਨ ਵੇਚ ਕੇ 50 ਲੱਖ ਰੁਪਏ ਲਗਾ ਕੇ ਉਸ ਨੂੰ ਅਮਰੀਕਾ ਭੇਜਿਆ ਸੀ, ਪਰ ਹੁਣ ਪਰਿਵਾਰ ਦੇ ਸਾਰੇ ਸੁਪਨੇ ਚਕਨਾਚੂਰ ਹੋ ਗਏ ਹਨ। ਸੌਰਵ ਨੇ ਦਸਿਆ ਕਿ ਜਦ ਉਸ ਨੇ ਬਾਰਡਰ ਪਾਰ ਕੀਤਾ ਤਾਂ ਅਮਰੀਕਾ ਦੀ ਪੁਲਿਸ ਨੇ ਫੜ ਕੇ ਪਹਿਲਾਂ ਚੌਕੀ ਅਤੇ ਫੇਰ ਕੈਂਪ ’ਚ ਰੱਖਿਆ, ਉਸ ਦਾ ਕੋਈ ਵੀ ਬਿਆਨ ਨਹੀਂ ਹੋਇਆ। ਉਸ ਨੇ ਦਸਿਆ ਕਿ ਉਸ ਦੇ ਪੈਰਾਂ ’ਚ ਬੇੜੀਆਂ ਅਤੇ ਹੱਥਾਂ ’ਚ ਸੰਗਲ ਲਗਾਏ ਗਏ ਸਨ।
ਸੌਰਵ ਦੇ ਪਿਤਾ ਨੇ ਦਸਿਆ ਕਿ ਉਸ ਨੇ 2 ਏਕੜ ਜ਼ਮੀਨ ਵੇਚ ਦਿਤੀ ਅਤੇ ਰਿਸ਼ਤੇਦਾਰਾਂ ਤੋਂ ਪੈਸੇ ਫੜ ਕੇ ਸੌਰਵ ਨੂੰ ਬਾਹਰ ਭੇਜਿਆ। ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਪਰਿਵਾਰ ਨੇ ਕਿਹਾ ਕਿ ਜੇ ਪੰਜਾਬ ਦੇ ਨੌਜਵਾਨਾਂ ਨੂੰ ਇਥੇ ਹੀ ਰੁਜ਼ਗਾਰ ਮਿਲਦਾ ਹੋਵੇ ਤਾਂ ਉਹ 50-50 ਲੱਖ ਲਗਾ ਕੇ ਹੋਰ ਦੇਸ਼ਾਂ ਵਿਚ ਕਿਉਂ ਜਾਣ।
ਪਰਿਵਾਰ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਹੀ ਚੰਗੇ ਰੁਜ਼ਗਾਰ ਦਿਤੇ ਜਾਣ ਤੇ ਜਿਹੜੇ ਨੌਜਵਾਨਾਂ ਨੂੰ ਅਮਰੀਕਾ ’ਚੋਂ ਕੱਢਿਆ ਗਿਆ ਹੈ ਉਨ੍ਹਾਂ ਦੀ ਨੌਕਰੀ ਤੇ ਮਾਲੀ ਮਦਦ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਹੋਰ ਨੌਜਵਾਨ ਵਿਦੇਸ਼ਾਂ ਵਿਚ ਧੱਕੇ ਖਾਣ ਨਾ ਜਾਣ।