
ਗੁਰਦਾਸਪੁਰ ਦਾ ਚੁਣਾਵੀ ਇਤਿਹਾਸ ਕਾਫ਼ੀ ਰੌਚਕ ਰਿਹਾ
ਨਵੀਂ ਦਿੱਲੀ- ਲੋਕ ਸਭਾ ਹਲਕਾ ਗੁਰਦਾਸਪੁਰ ਦਾ ਚੁਣਾਵੀ ਇਤਿਹਾਸ ਕਾਫ਼ੀ ਰੌਚਕ ਰਿਹਾ ਹੈ। ਆਜ਼ਾਦੀ ਤੋਂ ਬਾਅਦ ਦੋ ਉਪ ਚੋਣਾਂ ਸਮੇਤ ਇਸ ਸੀਟ 'ਤੇ ਗੁਰਦਾਸਪੁਰ ਦੀ ਜਨਤਾ ਹੁਣ ਤਕ 18 ਵਾਰ ਸੰਸਦ ਚੁਣ ਕੇ ਲੋਕ ਸਭਾ ਵਿਚ ਭੇਜ ਚੁੱਕੀ ਹੈ ਅਤੇ ਇਸ ਦੌਰਾਨ ਜ਼ਿਆਦਾਤਰ ਕਾਂਗਰਸ ਨੇ ਹੀ ਜਿੱਤ ਦਰਜ ਕੀਤੀ ਹੈ। ਇਸ ਖੇਤਰ ਦੀ ਵਿਸ਼ੇਸ਼ ਗੱਲ ਇਹ ਰਹੀ ਹੈ ਕਿ 1996 ਤੋਂ ਪਹਿਲਾਂ ਸਿਰਫ਼ 1977 ਦੀਆਂ ਚੋਣਾਂ ਨੂੰ ਛੱਡ ਕੇ ਬਾਕੀ ਸਾਰੀਆਂ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰ ਹੀ ਜਿੱਤਦੇ ਰਹੇ ਹਨ।
Sunil Jakhar
ਇਸ ਕਾਰਨ ਕਾਂਗਰਸ ਦੇ ਇਸ ਕਿਲ੍ਹੇ ਨੂੰ ਫ਼ਤਿਹ ਕਰਨ ਲਈ 1998 ਵਿਚ ਅਕਾਲੀ ਅਤੇ ਭਾਜਪਾ ਨੇ ਫਿਲਮੀ ਸਿਤਾਰੇ ਵਿਨੋਦ ਖੰਨਾ ਨੂੰ ਚੋਣ ਮੈਦਾਨ ਵਿਚ ਉਤਾਰਿਆ, ਜਿਨ੍ਹਾਂ ਨੇ ਨਾ ਸਿਰਫ਼ ਇਸ ਕਾਂਗਰਸੀ ਖੇਤਰ 'ਤੇ ਭਾਜਪਾ ਦਾ ਝੰਡਾ ਬੁਲੰਦ ਕੀਤਾ, ਬਲਕਿ ਉਨ੍ਹਾਂ ਨੇ ਲਗਾਤਾਰ ਤਿੰਨ ਜਿੱਤਾਂ ਦਰਜ ਕਰਕੇ ਇਸ ਖੇਤਰ ਨੂੰ ਭਾਜਪਾ ਦਾ ਪੱਕਾ ਗੜ੍ਹ ਬਣਾ ਦਿਤਾ। ਇਸ ਤੋਂ ਬਾਅਦ ਇਸ ਖੇਤਰ ਵਿਚ ਜਿੱਤ ਹਾਸਲ ਕਰਨਾ ਕਾਂਗਰਸ ਲਈ ਵੱਡੀ ਚੁਣੌਤੀ ਬਣ ਗਿਆ। ਉਥੇ ਦੇਸ਼ ਦੀਆਂ ਪ੍ਰਮੁੱਖ ਪਾਰਟੀਆਂ ਵਿਚੋਂ ਕਿਸੇ ਇਕ ਦੇ ਲਈ ਸੈਲੀਬ੍ਰਿਟੀ ਨੂੰ ਮੈਦਾਨ ਵਿਚ ਉਤਾਰਨਾ ਵੱਡੀ ਮਜਬੂਰੀ ਬਣਦਾ ਜਾ ਰਿਹਾ ਹੈ।
Akshaye Khanna
ਜਿਵੇਂ ਕਿ ਹੁਣ ਅਦਾਕਾਰ ਅਕਸ਼ੈ ਖੰਨਾ ਜਾਂ ਫਿਰ ਕਵਿਤਾ ਖੰਨਾ ਨੂੰ ਚੋਣ ਮੈਦਾਨ ਵਿਚ ਉਤਾਰੇ ਜਾਣ ਦੀ ਚਰਚਾ ਚੱਲ ਰਹੀ ਹੈ। ਜੇਕਰ ਗੁਰਦਾਸਪੁਰ ਲੋਕ ਸਭਾ ਚੋਣਾਂ ਦੇ ਪਿਛਲੇ ਇਤਿਹਾਸ 'ਤੇ ਝਾਤ ਮਾਰੀ ਜਾਵੇ ਤਾਂ 1952 ਵਿਚ ਇਸ ਸੀਟ ਤੋਂ ਕਾਂਗਰਸ ਦੇ ਤੇਜਾ ਸਿੰਘ ਅਕਰਪੁਰੀ ਪਹਿਲੀ ਵਾਰ ਚੋਣ ਜਿੱਤੇ ਸਨ। ਉਨ੍ਹਾਂ ਤੋਂ ਬਾਅਦ ਫਿਰ 1957, 1962 ਅਤੇ 1967 ਵਿਚ ਫਿਰ ਕਾਂਗਰਸ ਦੇ ਦੀਵਾਨ ਚੰਦ ਸ਼ਰਮਾ ਲਗਾਤਾਰ ਤਿੰਨ ਵਾਰ ਜਿੱਤੇ 1970 ਦੀ ਉਪ ਚੋਣ ਵਿਚ ਬਾਜ਼ੀ ਫਿਰ ਕਾਂਗਰਸ ਦੇ ਹੱਥ ਆਈ ਜਦੋਂ ਪ੍ਰਬੋਧ ਚੰਦਰ ਦੀ ਜਿੱਤ ਹੋਈ 1971 ਵਿਚ ਫਿਰ ਪ੍ਰਬੋਧ ਚੰਦਰ ਜਿੱਤੇ।
Partap Singh Bajwa
1977 ਵਿਚ ਇਸ ਸੀਟ ਤੋਂ ਜਨਤਾ ਪਾਰਟੀ ਦੇ ਉਮੀਦਵਾਰ ਯੱਗ ਦੱਤ ਸ਼ਰਮਾ ਦੀ ਜਿੱਤ ਹੋਈ, ਜਦਕਿ 1980, 1985, 1989, 1992 ਅਤੇ 1996 ਵਿਚ ਸੁਖਬੰਸ ਕੌਰ ਭਿੰਡਰ ਨੇ ਇਹ ਸੀਟ ਫਿਰ ਤੋਂ ਕਾਂਗਰਸ ਦੀ ਝੋਲੀ ਪਾਈ। ਫਿਰ 1998, 1999, 2004 ਵਿਚ ਫਿਲਮੀ ਅਦਾਕਾਰ ਵਿਨੋਦ ਖੰਨਾ ਨੇ ਇਹ ਸੀਟ ਭਾਜਪਾ ਦੀ ਝੋਲੀ ਪਾਈ ਇਸ ਤੋਂ ਬਾਅਦ 2009 ਵਿਚ ਪ੍ਰਤਾਪ ਸਿੰਘ ਬਾਜਵਾ ਨੇ ਇਹ ਸੀਟ ਜਿੱਤ ਕੇ ਫਿਰ ਤੋਂ ਕਾਂਗਰਸ ਦੇ ਖ਼ਾਤੇ ਪਾ ਦਿਤੀ, ਜਦਕਿ 2014 ਵਿਚ ਫਿਰ ਤੋਂ ਭਾਜਪਾ ਉਮੀਦਵਾਰ ਵਿਨੋਦ ਖੰਨਾ ਇਸ ਸੀਟ ਤੋਂ ਜੇਤੂ ਰਹੇ।
Vinod Khana
ਵਿਨੋਦ ਖੰਨਾ ਦੀ ਮੌਤ ਤੋਂ ਬਾਅਦ 2017 ਵਿਚ ਹੋਈ ਉਪ ਚੋਣ ਦੌਰਾਨ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ ਇਸ ਸੀਟ ਤੋਂ ਜਿੱਤ ਹਾਸਲ ਕੀਤੀ। ਇਸ ਖੇਤਰ ਵਿਚ ਹਮੇਸ਼ਾਂ ਵਿਨੋਦ ਖੰਨਾ ਦਾ ਕੁੱਝ ਸਿਆਸੀ ਵਿਰੋਧੀਆਂ ਵਲੋਂ ਇਹ ਕਹਿ ਕੇ ਵਿਰੋਧ ਕੀਤਾ ਜਾਂਦਾ ਰਿਹਾ ਹੈ ਕਿ ਉਹ ਖੇਤਰ ਦੇ ਰਹਿਣ ਵਾਲੇ ਨਹੀਂ ਹਨ। ਇਸੇ ਆਧਾਰ 'ਤੇ ਭਾਜਪਾ ਦੇ ਨੇਤਾ ਸਵਰਨ ਸਲਾਰੀਆ ਦੇ ਸਮਰਥਕ ਵੀ ਇਸ ਟਿਕਟ 'ਤੇ ਸਲਾਰੀਆ ਦਾ ਪੱਖ ਵਿਨੋਦ ਖੰਨਾ ਜਾਂ ਉਨ੍ਹਾਂ ਦੀ ਪਤਨੀ ਤੋਂ ਜ਼ਿਆਦਾ ਮਜ਼ਬੂਤ ਦੱਸਦੇ ਰਹੇ ਹਨ।
Kavita-Khanna
ਹੁਣ ਵੀ ਜਦੋਂ ਚੋਣਾਂ ਹੋਣ ਜਾ ਰਹੀਆਂ ਹਨ ਤਾਂ ਸਿਆਸੀ ਖੇਤਰਾਂ ਵਿਚ ਇਹ ਚਰਚਾ ਚੱਲ ਰਹੀ ਹੈ ਕਿ ਭਾਜਪਾ ਇਨ੍ਹਾਂ ਚੋਣਾਂ ਵਿਚ ਵੀ ਇਸ ਖੇਤਰ ਵਿਚ ਕਿਸੇ ਸੈਲੀਬ੍ਰਿਟੀ ਨੂੰ ਉਤਾਰਨ 'ਤੇ ਵਿਚਾਰ ਕਰ ਰਹੀ ਹੈ। ਦਰਅਸਲ ਇਹ ਸੀਟ ਕਦੇ ਕਾਂਗਰਸ ਦਾ ਕਿਲ੍ਹਾ ਬਣਦੀ ਰਹੀ ਤਾਂ ਕਦੇ ਭਾਜਪਾ ਦਾ ਗੜ੍ਹ ਬਣ ਕੇ ਉਭਰੀ ਹੁਣ ਵੀ ਦੋਵੇਂ ਪ੍ਰਮੁੱਖ ਪਾਰਟੀਆਂ ਨੇ ਇਸ ਸੀਟ ਨੂੰ ਜਿੱਤਣ ਲਈ ਪੂਰਾ ਜ਼ੋਰ ਲਗਾਇਆ ਹੋਇਆ ਹੈ ਪਰ ਦੇਖਣਾ ਹੋਵੇਗਾ ਕਿ ਇਸ ਵਾਰ ਇਹ ਸੀਟ ਕਿਸ ਪਾਰਟੀ ਦੇ ਖ਼ਾਤੇ ਜਾਂਦੀ ਹੈ।