
ਗਾਂਧੀ ਪ੍ਰਵਾਰ ਛੱਡੇ ਕਾਂਗਰਸ ਦੀ ਲੀਡਰਸ਼ਿਪ, ਕਿਸੇ ਹੋਰ ਨੂੰ ਮੌਕਾ ਦੇ ਕੇ ਦੇਖੋ : ਕਪਿਲ ਸਿੱਬਲ
ਕਿਹਾ, ਸੂਬਿਆਂ ਵਿਚ ਕਾਂਗਰਸ ਦੀ ਵੋਟ ਪ੍ਰਤੀਸ਼ਤਤਾ ਨਾ-ਮਾਤਰ ਹੈ
ਨਵੀਂ ਦਿੱਲੀ, 15 ਮਾਰਚ : ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਕਪਿਲ ਸਿੱਬਲ ਨੇ ਇਕ ਵਾਰ ਫਿਰ ਕਾਂਗਰਸ ਲੀਡਰਸ਼ਿਪ 'ਤੇ ਸਵਾਲ ਖੜੇ ਕਰ ਦਿਤੇ ਹਨ | ਇਕ ਇੰਟਰਵਿਊ ਦੌਰਾਨ ਕਪਿਲ ਸਿੱਬਲ ਨੇ ਗਾਂਧੀ ਪ੍ਰਵਾਰ ਨੂੰ ਅਹੁਦਾ ਛੱਡਣ ਅਤੇ ਕਿਸੇ ਹੋਰ ਨੇਤਾ ਨੂੰ ਅਗਵਾਈ ਦੇਣ ਲਈ ਕਿਹਾ ਹੈ |
ਕਪਿਲ ਸਿੱਬਲ ਨੇ ਕਿਹਾ ਕਿ ਉਹ 'ਸੱਭ ਦੀ ਕਾਂਗਰਸ' ਬਣਾਉਣਾ ਚਾਹੁੰਦੇ ਹਨ ਪਰ ਕੁੱਝ ਲੋਕ 'ਘਰ ਦੀ ਕਾਂਗਰਸ' ਬਣਾਉਣਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਜਿਹੜੇ ਲੋਕ ਕਾਂਗਰਸ ਲੀਡਰਸ਼ਿਪ ਦੇ ਬਹੁਤ ਨੇੜੇ ਸਨ, ਉਹ ਛੱਡ ਗਏ | ਮੈਂ ਅੰਕੜੇ ਦੇਖ ਰਿਹਾ ਸੀ | ਇਸ ਉੱਤੇ ਧਿਆਨ ਦੇਣਾ ਚਾਹੀਦਾ ਹੈ ਕਿ 177 ਸੰਸਦ ਮੈਂਬਰਾਂ ਅਤੇ ਵਿਧਾਇਕਾਂ ਤੋਂ ਇਲਾਵਾ 222 ਉਮੀਦਵਾਰਾਂ ਨੇ ਵੀ 2014 ਤੋਂ ਬਾਅਦ ਕਾਂਗਰਸ ਛੱਡ ਦਿਤੀ | ਇਸ ਤਰ੍ਹਾਂ ਦਾ ਪ੍ਰਵਾਸ ਕਿਸੇ ਹੋਰ ਪਾਰਟੀ ਵਿਚ ਨਹੀਂ ਦੇਖਿਆ ਗਿਆ | ਗਾਂਧੀ ਪ੍ਰਵਾਰ ਦੀ ਲੀਡਰਸ਼ਿਪ ਦੇ ਸਵਾਲ 'ਤੇ ਸਿੱਬਲ ਨੇ ਕਿਹਾ ਕਿ ਲੋਕ ਦੂਜਿਆਂ ਨੂੰ ਮੌਕਾ ਦੇ ਕੇ ਪਾਰਟੀ ਖੜੀ ਕਰਦੇ ਹਨ | ਤੁਸੀਂ ਇਕ ਸੰਗਠਨ ਬਣਾਉਂਦੇ ਹੋ ਅਤੇ ਸਮੇਂ-ਸਮੇਂ 'ਤੇ ਲੀਡਰਸ਼ਿਪ ਬਦਲੀ ਜਾਂਦੀ ਹੈ | ਉਨ੍ਹਾਂ ਨੂੰ ਅਪਣੀ ਮਰਜ਼ੀ ਨਾਲ ਅਜਿਹਾ ਕਰਨਾ ਚਾਹੀਦਾ ਹੈ | ਉਨ੍ਹਾਂ ਨੂੰ ਖੁਦ ਫ਼ੈਸਲਾ ਕਰਨਾ ਚਾਹੀਦਾ ਹੈ ਅਤੇ ਕਿਸੇ ਹੋਰ ਨੂੰ ਮੌਕਾ ਦੇਣਾ ਚਾਹੀਦਾ ਹੈ |
ਸੀਨੀਅਰ ਆਗੂ ਨੇ ਕਿਹਾ, 'ਸੂਬਿਆਂ ਵਿਚ ਕਾਂਗਰਸ ਦੀ ਵੋਟ ਪ੍ਰਤੀਸ਼ਤਤਾ ਨਾ-ਮਾਤਰ ਹੈ | ਉੱਤਰ ਪ੍ਰਦੇਸ਼ ਵਿਚ ਸਾਨੂੰ ਸਿਰਫ਼ 2.33 ਫ਼ੀ ਸਦੀ ਵੋਟਾਂ ਮਿਲੀਆਂ ਹਨ | ਹਾਲਾਂਕਿ ਮੈਂ ਇਸ ਤੋਂ ਹੈਰਾਨ ਨਹੀਂ ਸੀ | ਅਸੀਂ ਵੋਟਰਾਂ ਨਾਲ ਨਹੀਂ ਜੁੜ ਸਕੇ | ਅਸੀਂ ਅਗਵਾਈ ਕਰਨ ਅਤੇ ਲੋਕਾਂ ਤਕ ਪਹੁੰਚਣ ਦੇ ਯੋਗ ਨਹੀਂ ਹਾਂ |
ਇਹ ਵੀ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | 2014 ਤੋਂ ਜਵਾਬਦੇਹੀ ਦੀ ਕਮੀ, ਸਵੀਕਾਰਤਾ ਵਿਚ ਗਿਰਾਵਟ ਅਤੇ ਲੋਕਾਂ ਤਕ ਪਹੁੰਚ ਵਧਾਉਣ ਲਈ ਘੱਟ ਕੋਸ਼ਿਸ਼ਾਂ ਹੋਈਆਂ ਹਨ |
ਇਹ ਪੁੱਛੇ ਜਾਣ 'ਤੇ ਕਿ ਕੀ ਤੁਸੀਂ ਅਤੇ ਕਾਂਗਰਸ ਵਰਕਿੰਗ ਕਮੇਟੀ ਤੋਂ ਬਾਹਰ ਕਾਂਗਰਸ ਦੇ ਲੋਕ ਮੰਨਦੇ ਹਨ ਕਿ ਗਾਂਧੀ ਪ੍ਰਵਾਰ ਦੇ ਅਹੁਦਾ ਛੱਡਣ ਦਾ ਸਮਾਂ ਆ ਗਿਆ ਹੈ? ਸਿੱਬਲ ਨੇ ਕਿਹਾ ਕਿ ਮੈਂ ਦੂਜਿਆਂ ਦੀ ਗੱਲ ਨਹੀਂ ਕਰਦਾ ਪਰ ਮੇਰੀ ਨਿਜੀ ਰਾਏ ਹੈ ਕਿ ਘੱਟੋ-ਘੱਟ ਮੈਨੂੰ 'ਸੱਭ ਦੀ ਕਾਂਗਰਸ' ਚਾਹੀਦੀ ਹੈ | ਕੁੱਝ ਲੋਕ 'ਘਰ ਦੀ ਕਾਂਗਰਸ' ਚਾਹੁੰਦੇ ਹਨ | ਮੈਂ ਯਕੀਨਨ ਘਰ ਦੀ ਕਾਂਗਰਸ ਨਹੀਂ ਚਾਹੁੰਦਾ | ਮੈਂ 'ਸੱਭ ਦੀ ਕਾਂਗਰਸ' ਲਈ ਆਖ਼ਰੀ ਸਾਹ ਤਕ ਲੜਾਂਗਾ |
ਇਹ ਪੁੱਛੇ ਜਾਣ 'ਤੇ ਕਿ ਕੀ ਰਾਹੁਲ ਗਾਂਧੀ ਨੂੰ ਮੁੜ ਪਾਰਟੀ ਦੀ ਵਾਗਡੋਰ ਅਪਣੇ ਹੱਥਾਂ 'ਚ ਲੈਣੀ ਚਾਹੀਦੀ ਹੈ? ਸਿੱਬਲ ਨੇ ਕਿਹਾ ਕਿ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ | ਸਾਨੂੰ ਸਮਝਣਾ ਚਾਹੀਦਾ ਹੈ ਕਿ ਇਸ ਸਮੇਂ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਹੈ, ਰਾਹੁਲ ਗਾਂਧੀ ਨਹੀਂ | ਹਾਲਾਂਕਿ ਰਾਹੁਲ ਗਾਂਧੀ ਨੇ ਪੰਜਾਬ ਜਾ ਕੇ ਐਲਾਨ ਕੀਤਾ ਕਿ ਚਰਨਜੀਤ ਸਿੰਘ ਚੰਨੀ ਨਵੇਂ ਮੁੱਖ ਮੰਤਰੀ ਹੋਣਗੇ | ਸਿੱਬਲ ਨੇ ਕਿਹਾ ਕਿ ਉਨ੍ਹਾਂ ਨੇ ਇਹ ਐਲਾਨ ਕਿਸ ਅਧਿਕਾਰ ਨਾਲ ਕੀਤਾ ਹੈ? ਉਹ ਪਾਰਟੀ ਦੇ ਪ੍ਰਧਾਨ ਨਹੀਂ ਹਨ ਪਰ ਉਹ ਸਾਰੇ ਫ਼ੈਸਲੇ ਲੈਂਦੇ ਹਨ | ਉਹ ਪਹਿਲਾਂ ਹੀ 'ਅਸਲ' ਪ੍ਰਧਾਨ ਹਨ | (ਏਜੰਸੀ)