
ਜਥੇਦਾਰ ਅਕਾਲ ਤਖ਼ਤ ਸਾਹਿਬ, ਬਾਦਲਾਂ ਦਾ ਫ਼ਿਕਰ ਛੱਡੋ : ਸੁਖਜਿੰਦਰ ਸਿੰਘ ਰੰਧਾਵਾ
ਕਿਹਾ, ਸਿੱਖਾਂ ਨੂੰ ਘੁਣ ਵਾਂਗ ਬਾਦਲ ਦਲ ਕਰੀਬ 50 ਸਾਲਾਂ ਤੋਂ ਲੱਗਾ ਹੈੈ
ਅੰਮਿ੍ਤਸਰ, 15 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ.ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਬਾਦਲਾਂ ਦਾ ਫ਼ਿਕਰ ਛੱਡ ਦੇਣ, ਜਿਨ੍ਹਾਂ ਕਾਰਨ ਸਿੱਖ ਕੌਮ ਨੂੰ ਘੁਣ ,ਪਿਛਲੇ ਲੰਬੇ ਸਮੇਂ ਤੋਂ ਲਗਾ ਹੈ | ਇਨ੍ਹਾਂ ਦੀ ਹਕੂਮਤ ਸਮੇਂ ਘੋਰ ਅਪਰਾਧ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਹੋਇਆ | ਪੰਥਕ ਰਵਾਇਤਾਂ ਦਾ ਘਾਣ ਹੋਇਆ | ਦਿੱਲੀ ਗੁਰਦਵਾਰਾ ਪ੍ਰਬੰਕ ਕਮੇਟੀ ਦੇ ਭਾਜਪਾ 'ਚ ਸ਼ਾਮਲ ਹੋਣ ਤੇ ਤੁਸਾਂ ਚਿੰਤਾ ਪ੍ਰਗਟ ਕਰਦਿਆਂ, ਬਾਦਲ ਦਲ ਤਕੜਾ ਕਰਨ ਲਈ ਸਿੱਖ ਕੌਮ ਨੂੰ ਸੰਦੇਸ਼ਨੁਮਾ ਅਪੀਲ ਕੀਤੀ ਜਿਸ ਦੇ ਸਿੱਟੇ ਵਜੋਂ ਉਹ ਵਿਧਾਨ ਸਭਾ ਦੀਆਂ ਚੋਣਾਂ ਵਿਚ ਕੁੱਦ ਪਏ |
ਸੁਖਜਿੰਦਰ ਰੰਧਾਵਾ ਨੇ 'ਜਥੇਦਾਰ' ਨੂੰ ਕਿਹਾ ਕਿ ਪੰਜਾਬ ਸਿੱਖ ਬਹੁ-ਗਿਣਤੀ ਵਾਲਾ ਸੂਬਾ ਹੈ | ਚੋਣ ਨਤੀਜਿਆਂ ਉਪਰੰਤ ਤੁਹਾਡਾ ਬਿਆਨ ਦਰਸਾਉਂਦਾ ਹੈ ਕਿ ਤੁਹਾਡਾ ਪਿਆਰ ਬਾਦਲਾਂ ਪ੍ਰਤੀ ਝਲਕਦਾ ਹੈ | ਬਾਦਲਾਂ ਦਾ ਅਕਾਲੀ ਦਲ ਪੰਥ ਵਿਚੋਂ ਨਿਖੜ ਚੁੱਕਾ ਹੈ | ਰੰਧਾਵਾ ਮੁਤਾਬਕ ਬਾਦਲਾਂ ਨੇ, ਸਿੱਖੀ ਸਿਧਾਂਤ ਇਕ ਪਾਸੇ ਕਰ ਕੇ, ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਦਰ ਕਿਨਾਰ ਕਰਦਿਆਂ ਵੋਟਾਂ ਖ਼ਾਤਰ, ਸੌਦਾ-ਸਾਧ ਅੱਗੇ ਗੋਡੇ ਟੇਕੇ | ਇਸ ਦਾ ਜਵਾਬ ਸਿੱਖ ਨੇ ਬੜੇ ਢੁਕਵੇਂ ਢੰਗ ਨਾਲ ਦਿਤਾ | ਬਾਦਲਾਂ ਨੂੰ ਪੰਜਾਬ ਵਿਚੋਂ ਸਿਰਫ਼ ਤਿੰਨ ਸੀਟ ਮਿਲੀਆਂ | ਉਨ੍ਹਾਂ 'ਜਥੇਦਾਰ' ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਪੰਥ ਨੂੰ ਬਾਦਲਾਂ ਤਕ ਹੀ ਸੀਮਤ ਨਾ ਕਰਨ | ਰੰਧਾਵਾ ਨੇ 1920 ਦੇ ਹਵਾਲੇ ਨਾਲ 'ਜਥੇਦਾਰ' ਨੂੰ ਚੇਤੇ ਕਰਵਾਇਆ ਕਿ ਉਸ ਸਮੇਂ ਦੇ ਜਥੇਦਾਰਾਂ ਸਮੂਹ ਵਰਗਾਂ, ਸਿੰਘ ਸਭਾਵਾਂ, ਸੰਪਰਦਾਵਾਂ, ਚੀਫ਼ ਖ਼ਾਲਸਾ ਦੀਵਾਨ, ਸਿੱਖ ਬੁੱਧੀਜੀਵੀਆਂ ਨੂੰ ਨਾਲ ਲੈ ਕੇ, ਸ਼੍ਰੋਮਣੀ ਕਮੇਟੀ ਦੀ ਸਥਾਪਨਾ 14 ਨਵੰਬਰ 1920 ਵਿਚ ਕਰਨ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 1 ਮਹੀਨੇ ਬਾਅਦ 14 ਦਸੰਬਰ 1920 ਨੂੰ ਕੀਤੀ ਸੀ |