
ਬਾਦਲਾਂ ਤੋਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਛੁਡਵਾਉਣ ਬਾਅਦ ਹੀ ਪੰਥਕ ਬੋਲ-ਬਾਲੇ ਹੋ ਸਕਦੇ ਹਨ : ਰਵੀਇੰਦਰ ਸਿੰਘ
ਚੰਡੀਗੜ੍ਹ, 15 ਮਾਰਚ (ਸਸਸ): ਪੰਜਾਬੀ ਸੂਬਾ ਬਣਨ ਬਾਅਦ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਹੀ ਸੱਤਾ ਵਿਚ ਰਿਹਾ ਜਿਸ ਨੇ ਅਜ਼ਾਦੀ ਸੰਗਰਾਮ ਅਤੇ ਗੁਰਦੁਆਰਾ ਸਾਹਿਬ ਲੋਟੂ ਟੋਲੇ ਮਸੰਦਾਂ ਤੋਂ ਆਜ਼ਾਦ ਕਰਵਾਉਣ ਲਈ ਨਾ-ਵਰਨਣਯੋਗ ਕੁਰਬਾਨੀਆਂ ਕੀਤੀਆਂ | ਸਿੱਖਾਂ ਫਾਂਸੀ ਦੇ ਰੱਸੇ ਚੁੰਮੇ, ਕਾਲੇ ਪਾਣੀਆਂ ਦੀਆਂ ਸਜ਼ਾਵਾਂ ਖਿੱੜੇ ਮੱਥੇ ਪ੍ਰਵਾਨ ਕੀਤੀਆਂ,ਸਿੱਖੀ ਸਿਧਾਂਤ ਅਤੇ ਮਜ਼ਲੂਮਾਂ ਦੀ ਰਾਖੀ ਅਤੇ ਕਿਸੇ ਵੀ ਤਰ੍ਹਾਂ ਦੇ ਮੁਗ਼ਲਾਂ ਦੇ ਜਬਰ-ਜ਼ੁਲਮ ਵਿਰੁਧ ਚਰਖੜੀਆਂ ਤੇ ਚੜ੍ਹੇ, ਬੰਦ-ਬੰਦ ਕਟਵਾਏ, ਬੱਚਿਆਂ ਦੇ ਹਾਰ ਗਲ ਵਿਚ ਪਾਏ ਪਰ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ, ਹਮੇਸ਼ਾ ਪਹਿਰਾ ਦਿਤਾ ਤਾਂ ਜੋ ਦਸਮ ਗੁਰੂਆਂ, ਬਾਬਾ ਬੰਦਾ ਸਿੰਘ ਬਹਾਦਰ ਦੀ ਬੇਮਿਸਾਲ ਕੁਰਬਾਨੀ ਨੂੰ ਕੋਈ ਆਂਚ ਨਾ ਆਵੇ |
ਇਹ ਪ੍ਰਗਟਾਵਾ ਅਕਾਲੀ ਦਲ 1920 ਦੇ ਪ੍ਰਧਾਨ ਸ. ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਕਰਦਿਆਂ, ਬੜੇ ਅਫ਼ਸੋਸ ਨਾਲ ਕਿਹਾ ਕਿ ਸਿੱਖ ਕੌਮ ਦੀਆਂ ਮਹਾਨ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ ਮਸੰਦ ਰੂਪੀ ਪ੍ਰਕਾਸ਼ ਸਿੰਘ ਬਾਦਲ ਦਾ ਕਬਜ਼ਾ ਪਿਛਲੇ ਲੰਬੇ ਸਮੇ ਤੋਂ ਹੋਣ ਕਰ ਕੇ,ਪੰਜਾਬੀਆਂ ਦੇ ਭੱਖਦੇ ਮਾਮਲੇ ਵਿਸਾਰਨ ਦੇ ਸਿੱਟੇ ਵਜੋਂ, ਵਿਧਾਨ ਸਭਾ ਦੀਆਂ ਸੱਜਰੀਆਂ ਚੋਣਾਂ ਵਿਚ ਕੇਵਲ ਤਿੰਨ ਸੀਟਾਂ, ਦਿੱਲੀ ਦੀ ਨਵੀਂ ਪਾਰਟੀ ਆਮ ਆਦਮੀ ਪਾਰਟੀ 92 ਸੀਟਾਂ ਅਤੇ ਕਾਂਗਰਸ 18 ਸੀਟਾਂ ਤੇ ਆਊਟ ਹੋ ਗਈ ਹੈ | ਇਹ ਚੋਣਾਂ ਸਿੱਖ ਲਈ ਨਾਮੋਸ਼ੀ ਭਰੀਆਂ ਹਨ | ਇਸ਼ ਲਈ ਜ਼ੁੰਮੇਵਾਰ ਬਾਦਲਾਂ ਦਾ ਵੰਸ਼ਵਾਦ ਹੈ ਤੇ ਇਨ੍ਹਾਂ ਦੇ ਪ੍ਰਵਾਰਾਂ ਦਾ ਇਕ ਵੀ ਮੈਂਬਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਮਨਪ੍ਰੀਤ ਸਿੰਘ ਬਾਦਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬਿਕਰਮ ਸਿੰਘ ਮਜੀਠੀਆ ਆਦਿ ਬਹੁਤ ਬੁਰੀ ਤਰ੍ਹਾਂ ਲੋਕਾਂ ਦੀ ਝੱਖੜ ਭਰੀ ਹਨੇਰੀ-ਤੁਫਾਨ ਨੇ ਹਰਾ ਦਿਤੇ ਹਨ |
ਸਾਬਕਾ ਸਪੀਕਰ ਨੇ ਦੋਸ਼ ਲਾਇਆ ਕਿ ਇਹ ਸੱਤਾ ਨਾਲ ਚੰਬੜੇ ਹਨ, ਜਿਨ੍ਹਾਂ ਨੈਤਿਕ ਜ਼ੁੰਮੇਵਾਰੀ ਲੈਂਦਿਆਂ, ਅਸਤੀਫ਼ੇ ਦੇਣ ਅਤੇ ਨਵੀਂ ਪੰਥਕ ਲੀਡਰਸ਼ਿਪ ਹਵਾਲੇ ਵਾਂਗਡੋਰ ਕਰਨ ਦੀ ਥਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੂਹਰੇ ਕਰਦਿਆਂ ਉਨ੍ਹਾਂ ਤੋਂ ਬੀਤੇ ਦਿਨ ਬਿਆਨ ਦਵਾ ਦਿਤਾ ਕਿ ਸਾਰੇ ਅਕਾਲੀ ਦਲ ਇਕ ਮੰਚ 'ਤੇ ਇਕੱਠੇ ਹੋਣ ਜਿਸ ਨੂੰ ਕਿਸੇ ਵੀ ਕੀਮਤ ਤੇ ਪ੍ਰਵਾਨ ਨਹੀਂ ਕੀਤਾ ਜਾ ਸਕਦਾ |