
ਕਿਹਾ, ਨਸ਼ਿਆਂ ਵਿਰੁਧ ਸਾਡੀ ਲੜਾਈ ਇਸੇ ਤਰ੍ਹਾਂ ਜਾਰੀ ਰਹੇਗੀ
‘ਆਪ’ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਪਾਕਿਸਤਾਨ ਵਲੋਂ ਘੜੀਆਂ ਜਾ ਰਹੀਆਂ ਨਾਪਾਕ ਸਾਜ਼ਿਸ਼ਾਂ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਹੈ ਕਿ ਪਾਕਿਸਾਤਾਨ ਵਿਚ ਬੈਠੇ ਕੁੱਝ ਲੋਕ ਇਸ ਲਈ ਪ੍ਰੇਸ਼ਾਨ ਹੋ ਗਏ ਹਨ ਕਿਉਂ ਕਿ ਚੜ੍ਹਦੇ ਪੰਜਾਬ ਵਿਚ ਨਸ਼ਿਆਂ ਵਿਰੁਧ ਵਿਢੀ ਮੁਹਿੰਮ ਨਾਲ ਉਨ੍ਹਾਂ ਲੋਕਾਂ ਨੂੰ ਨੁਕਸਾਨ ਹੋ ਰਿਹਾ ਹੈ। ਦਰਾਅਸਲ ਪਾਕਿਸਤਾਨ ਵਾਲੇ ਪਾਸਿਉਂ ਹੋਣ ਵਾਲੀ ਨਸ਼ੇ ਦੀ ਸਪਲਾਈ ਰੁਕਣ ਕਾਰਨ ਉਨ੍ਹਾਂ ਨੂੰ ਵਿਤੀ ਘਾਟਾ ਝੱਲਣਾ ਪੈ ਰਿਹਾ ਹੈ।
ਕੰਗ ਨੇ ਕਿਹਾ ਕਿ ਪਾਕਿਸਤਾਨ ਨਸ਼ਿਆਂ ਵਿਰੁਧ ਜੰਗ ਤੋਂ ਹਿੱਲਿਆ ਹੋਇਆ ਹੈ। ਇਸੇ ਲਈ ਉਹ ਪੰਜਾਬ ਵਿਚ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਤਿਵਾਦੀ ਸ਼ਹਿਜ਼ਾਦ ਭੱਟੀ ਦੁਆਰਾ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲੈਣਾ ਪਾਕਿਸਤਾਨ ਦੀ ਸਾਜ਼ਿਸ਼ ਨੂੰ ਸਪੱਸ਼ਟ ਤੌਰ ’ਤੇ ਦਰਸਾਉਂਦਾ ਹੈ ਤੇ ਸ਼ਹਿਜ਼ਾਦ ਭੱਟੀ ਦੇ ਲਾਰੈਂਸ ਬਿਸ਼ਨੋਈ ਨਾਲ ਸਿੱਧੇ ਰਿਸ਼ਤੇ ਹਨ ਇਸ ਗੱਲ ਦੀ ਗਵਾਹੀ ਕੁਝ ਦਿਨ ਪਹਿਲਾਂ ਜਨਤਕ ਹੋਈ ਇਕ ਵੀਡੀਉ ਕਾਲ ਤੋਂ ਮਿਲਦੀ ਹੈ।
ਭਾਜਪਾ ਨੇ ਲਾਰੈਂਸ ਬਿਸ਼ਨੋਈ ਨੂੰ ਸਜ਼ਾ ਦੇਣ ਦੀ ਬਜਾਏ ਉਸ ਨੂੰ ਗੁਜਰਾਤ ਦੀ ਸਾਬਰਮਤੀ ਜੇਲ ਵਿਚ ਜਵਾਈਆਂ ਵਾਂਗ ਰਖਿਆ ਹੋਇਆ ਹੈ। ਕੰਗ ਨੇ ਕਿਹਾ ਕਿ ਨਸ਼ਿਆਂ ਵਿਰੁਧ ਸਾਡੀ ਲੜਾਈ ਇਸੇ ਤਰ੍ਹਾਂ ਜਾਰੀ ਰਹੇਗੀ, ਭਾਵੇਂ ਪਾਕਿਸਤਾਨ ਕਿੰਨੀ ਵੀ ਕੋਸ਼ਿਸ਼ ਕਰੇ।