
ਸੂਬੇ ਦੇ ਵਿੱਤ ਮੰਤਰੀ ਦੇ ਸਮਾਗਮਾਂ ਦੀ ਖ਼ੁਫ਼ੀਆ ਵਿੰਗ ਦੇ ਮੁਲਾਜ਼ਮਾਂ ਨੇ ਹੁਣ ਸੂਹ ਲੈਣੀ ਛੱਡ ਦਿਤੀ ਹੈ।
ਬਠਿੰਡਾ (ਸੁਖਜਿੰਦਰ ਮਾਨ) : ਸੂਬੇ ਦੇ ਵਿੱਤ ਮੰਤਰੀ ਦੇ ਸਮਾਗਮਾਂ ਦੀ ਖ਼ੁਫ਼ੀਆ ਵਿੰਗ ਦੇ ਮੁਲਾਜ਼ਮਾਂ ਨੇ ਹੁਣ ਸੂਹ ਲੈਣੀ ਛੱਡ ਦਿਤੀ ਹੈ। ਸੂਤਰਾਂ ਮੁਤਾਬਕ ਮਨਪ੍ਰੀਤ ਅਤੇ ਉਸ ਦੇ ਸਮਰਥਕਾਂ ਦੀ ਨਾਰਾਜ਼ਗੀ ਤੋਂ ਬਾਅਦ ਖ਼ੁਫ਼ੀਆ ਵਿੰਗ ਦੇ ਮੁਲਾਜ਼ਮ ਹੁਣ ਉਸ ਤੋਂ ਦੂਰ ਰਹਿਣ ਲੱਗੇ ਹਨ। ਪਿਛਲੇ ਕੁੱਝ ਸਮੇਂ ਦੌਰਾਨ ਵਿੱਤ ਮੰਤਰੀ ਵਿਰੁਧ ਬਠਿੰਡਾ ਸ਼ਹਿਰ 'ਚ ਵਧੀਆਂ ਗਤੀਵਿਧੀਆਂ ਕਾਰਨ ਸੂਹੀਆ ਵਿੰਗ ਜ਼ਿਆਦਾ ਸਰਗਰਮ ਰਹਿਣ ਲੱਗਾ ਸੀ ਜਿਹੜਾ ਵਿੱਤ ਮੰਤਰੀ ਦੇ ਸਮਰਥਕਾਂ ਨੂੰ ਰੜਕਣ ਲੱਗਾ ਸੀ।
ਸੂਬੇ 'ਚ ਪ੍ਰਭਾਵਸ਼ਾਲੀ ਭੂਮਿਕਾ ਕਾਰਨ ਖ਼ੁਫ਼ੀਆ ਵਿੰਗ ਦੇ ਹੈਡਕੁਆਰਟਰ ਤੋਂ ਵੀ ਹਾਲ ਦੀ ਘੜੀ 'ਦੜ ਵੱੱਟ ਜ਼ਮਾਨਾ ਕੱਟ' ਵਾਲੀ ਰਣਨੀਤੀ ਅਪਣਾਉਂਦਿਆਂ ਅਪਣੇ ਮੁਲਾਜ਼ਮਾਂ ਨੂੰ ਵਿੱਤ ਮੰਤਰੀ ਤੋਂ ਪਾਸੇ ਰਹਿਣ ਦੀ ਸਲਾਹ ਦਿਤੀ ਹੈ। ਸੂਚਨਾ ਮੁਤਾਬਕ ਅਕਾਲੀ ਦਲ ਤੋਂ ਕਿਨਾਰਾ ਕਰ ਲੈਣ ਤੋਂ ਬਾਅਦ ਪਿਛਲੀ ਸਰਕਾਰ ਦੁਆਰਾ ਮਨਪ੍ਰੀਤ ਦੇ ਚਾਰੇ ਪਾਸੇ ਬੁਣੇ ਖ਼ੁਫ਼ੀਆ ਤਾਣੇ-ਬਾਣੇ ਕਾਰਨ ਵਿੱਤ ਮੰਤਰੀ ਦੀ ਇਸ ਵਿੰਗ ਨਾਲ ਨਾਰਾਜ਼ਗੀ ਚੱਲ ਰਹੀ ਹੈ। ਪਤਾ ਲੱਗਾ ਹੈ ਕਿ ਕੁੱਝ ਦਿਨ ਪਹਿਲਾਂ ਇਸ ਵਿੰਗ ਨੂੰ ਵਿੱਤ ਮੰਤਰੀ ਦੇ ਸ਼ਹਿਰ 'ਚ ਹੋਣ ਵਾਲੇ ਰੁਟੀਨ ਦੇ ਸਮਾਗਮਾਂ ਤੋਂ ਪਾਸੇ ਰਹਿਣ ਲਈ ਕਿਹਾ ਗਿਆ ਹੈ।
ਅਕਾਲੀ-ਭਾਜਪਾ ਸਰਕਾਰ ਦੌਰਾਨ ਅਪਣੇ ਕਾਰਜਕਾਲ ਵਜੋਂ ਆਖ਼ਰੀ ਸਮਿਆਂ 'ਚ ਵੀ ਸਰਕਾਰ ਦੇ ਖ਼ੁਫ਼ੀਆ ਦੁਆਰਾ 'ਗ਼ੌਰ' ਰੱਖਣ ਦੀਆਂ ਚਰਚਾਵਾਂ ਚਲੀਆਂ ਸਨ। ਉਸ ਤੋਂ ਬਾਅਦ ਜਦ ਮਨਪ੍ਰੀਤ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਪੀਪਲਜ਼ ਪਾਰਟੀ ਆਫ਼ ਪੰਜਾਬ ਦਾ ਗਠਨ ਕੀਤਾ ਸੀ ਤਾਂ ਸਰਕਾਰ ਦਾ ਸੂਹੀਆ ਵਿੰਗ ਇਸ ਆਗੂ ਦੀਆਂ ਸਰਗਰਮੀਆਂ ਜਾਣਨ ਲਈ ਪੂਰੀ ਤਰ੍ਹਾਂ ਸਰਗਰਮ ਰਿਹਾ ਸੀ। ਇਕ ਸਮੇਂ ਤਾਂ ਪੰਜਾਬ ਪੁਲਿਸ ਦੇ ਹੈਡਕੁਆਰਟਰ ਵਿਚ ਅਜਿਹੇ 'ਯੰਤਰ' ਲੱਗਣ ਦੀਆਂ ਅਫ਼ਵਾਹਾਂ ਦਾ ਵੀ ਬਾਜ਼ਾਰ ਗਰਮ ਰਿਹਾ ਸੀ ਜਿਹੜਾ ਮਨਪ੍ਰੀਤ ਦੁਆਰਾ ਹੈਲੋ ਕਹਿੰਦੇ ਹੀ ਆਵਾਜ਼ ਨੂੰ ਫੜਨ ਵਿਚ ਮਾਹਰ ਸੀ। ਉਸ ਸਮੇਂ ਖ਼ੁਦ ਮਨਪ੍ਰੀਤ ਨੇ ਵੀ ਅਕਾਲੀ ਸਰਕਾਰ ਉਪਰ ਜਾਸੂਸੀ ਕਰਵਾਉਣ ਦੇ ਦੋਸ਼ ਲਗਾਏ ਸਨ। ਹਾਲਾਂਕਿ ਤਤਕਾਲੀ ਪੁਲਿਸ ਅਧਿਕਾਰੀਆਂ ਨੇ ਇੰਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਸੀ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਦੇ ਖੁਫ਼ੀਆ ਵਿੰਗ ਨਾਲ ਵਿਤ ਮੰਤਰੀ ਦੀ ਅੰਦਰੂਨੀ ਨਰਾਜ਼ਗੀ ਹਾਲੇ ਦੂਰ ਨਹੀਂ ਹੋਈ ਹੈ, ਬੇਸ਼ੱਕ ਸੂਬੇ 'ਚ ਮੌਜੂਦਾ ਸਮੇਂ ਸਰਕਾਰ ਵਿਚ ਉਨ੍ਹਾਂ ਦੀ ਭੂਮਿਕਾ ਦੂਜੇ ਨੰਬਰ ਵਾਲੀ ਹੈ। ਸੂਤਰਾਂ ਮੁਤਾਬਕ ਪਿਛਲੇ ਦਿਨੀਂ ਇਸ ਵਿੰਗ ਨੂੰ ਸਪੱਸ਼ਟ ਤੌਰ 'ਤੇ ਵਿੱਤ ਮੰਤਰੀ ਤੋਂ ਦੂਰ ਰਹਿਣ ਦੀ ਸਲਾਹ ਦਿਤੀ ਗਈ ਹੈ। ਇਹ ਵੀ ਪਤਾ ਚੱਲਿਆ ਹੈ ਕਿ ਕੈਬਨਿਟ ਮੰਤਰੀ ਦੀ ਭੂਮਿਕਾ ਕਾਰਨ ਖ਼ੁਫ਼ੀਆ ਵਿਭਾਗ ਨੇ ਅਪਣੀ ਮਜਬੂਰੀ ਵੀ ਪ੍ਰਗਟ ਕੀਤੀ ਪਰ ਗੱਲ ਨਹੀਂ ਬਣੀ। ਸੂਤਰਾਂ ਮੁਤਾਬਕ ਖ਼ੁਫ਼ੀਆ ਵਿੰਗ ਦੇ ਹੈਡਕੁਆਰਟਰ ਦੇ ਉੱਚ ਅਧਿਕਾਰੀਆਂ ਕੋਲ ਵੀ ਇਹ ਮਸਲਾ ਪੁੱਜਾ ਸੀ ਜਿਨ੍ਹਾਂ ਅਪਣੇ ਵਿਭਾਗ ਨੂੰ ਹਾਲੇ ਟਾਲਾ ਹੀ ਵੱਟਣ ਦਾ ਇਸ਼ਾਰਾ ਕੀਤਾ ਹੈ।