
ਪ੍ਰਸ਼ਾਸਨ ਵਲੋਂ ਉੱਚ ਅਧਿਕਾਰੀਆਂ ਨਾਲ ਮੀਟਿੰਗ
ਚੰਡੀਗੜ੍ਹ, 15 ਅਪ੍ਰੈਲ (ਸਰਬਜੀਤ ਢਿੱਲੋਂ): ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਐਲਾਨ ਕੀਤਾ ਹੈ ਕਿ ਅਗਲੇ ਦੋ ਹਫ਼ਤੇ ਚੰਡੀਗੜ੍ਹ ਸ਼ਹਿਰ ਵਾਸੀਆਂ ਲਈ ਪਰਖ ਦੀ ਘੜੀ ਹੋਵੇਗੀ, ਜਿਸ ਵਿਚ ਪ੍ਰਸ਼ਾਸਨ ਕਿਸੇ ਵੀ ਕਿਸਮ ਦੀ ਲਾਪ੍ਰਵਾਹੀ ਨਹੀਂ ਹੋਣ ਦੇਵੇਗਾ। ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਕੋਰੋਨਾ ਨੂੰ ਹਰਾਉਣ ਲਈ ਪ੍ਰਸ਼ਾਸਨ ਨੂੰ ਮੁਕੰਮਲ ਸਹਿਯੋਗ ਦੇਣਾ ਪਵੇਗਾ, ਤਾਂ ਕਿਤੇ ਜਾ ਕੇ ਕਰਫ਼ਿਊ 'ਚ ਢਿੱਲ ਦਿਤੀ ਜਾ ਸਕੇਗੀ। ਪ੍ਰਸ਼ਾਸਨ 3 ਹਜ਼ਾਰ ਦੇ ਕਰੀਬ ਲੋੜਵੰਦ ਲੋਕਾਂ ਨੂੰ ਮੁਫ਼ਤ ਰਾਸ਼ਨ ਵੰਡੇਗਾ।
ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਸਲਾਹਕਾਰ ਸਮੇਤ ਹੋਰ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।
ਇਸ ਮੌਕੇ ਉਨ੍ਹਾਂ ਸ਼ਹਿਰ ਵਿਚ ਕੋਰੋਨਾ ਦੇ ਮਰੀਜ਼ਾਂ ਦੇ ਲਗਾਤਾਰ ਠੀਕ ਹੋ ਕੇ ਘਰੋ-ਘਰੀ ਜਾਣ ਨੂੰ ਸ਼ੁਭ ਸੰਕੇਤ ਦਸਿਆ ਅਤੇ ਉੱਚ ਅਧਿਕਾਰੀਆਂ, ਡਾਕਟਰੀ ਅਮਲੇ ਤੇ ਪੁਲਿਸ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਸ਼ਲਾਘਾ ਕੀਤੀ।
ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਦਿਵਾਨ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਭੇਜ ਕੇ ਯੂ.ਟੀ. ਦੇ ਪਿੰਡਾਂ ਸਾਰੰਗਪੁਰ, ਮਨੀਮਾਜਰਾ, ਰਾਏਪੁਰ ਕਲਾਂ, ਖੁੱਡਾ ਲਾਹੋਰਾ ਅਤੇ ਡੱਡੂਮਾਜਰਾ ਵਲ ਵਿਸ਼ੇਸ਼ ਧਿਆਨ ਦੇਣ ਲਈ ਜ਼ੋਰ ਦਿਤਾ।
ਇਸ ਮੌਕੇ ਉਨ੍ਹਾਂ ਚੰਡੀਗੜ੍ਹ ਪੁਲਿਸ ਦੇ ਡੀ.ਜੀ.ਪੀ. ਸੰਜੇ ਬੈਨੀਵਾਲ ਤੇ ਐਸ.ਐਸ.ਪੀ. ਵਿਜੈ ਨਿਲਾਂਬਰੀ ਦੀ ਸ਼ਲਾਘਾ ਕੀਤੀ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕਰਫ਼ਿਊ ਦੌਰਾਨ ਸ਼ਹਿਰ 'ਚ 104 ਦੇ ਲਗਭਗ ਸੀ.ਟੀ.ਯੂ. ਦੀਆਂ ਬਸਾਂ ਵਿਚ ਸੈਕਟਰ-26 ਦੀ ਮੰਡੀ ਤੋਂ ਥੋਕ ਦੇ ਭਾਅ ਫਲ ਤੇ ਸਬਜ਼ੀਆਂ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਦਾ ਪ੍ਰਬੰਧ ਡਿਪਟੀ ਕਮਿਸ਼ਨਰ ਸੰਦੀਪ ਬਰਾੜ ਨੂੰ ਸੌਂਪਿਆ ਗਿਆ ਹੈ ਜਦਕਿ ਸੈਨੀਟਾਈਜ਼ੇਸ਼ਨ ਕਰਨ ਲਈ ਨਗਰ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਦੀ ਡਿਊਟੀ ਲਗਾਈ ਗਈ ਹੈ।