
ਪੰਜ ਰਾਜਾਂ ਦੀਆਂ ਚੋੋਣਾਂ ਮਗਰੋਂ ਪੰਜਾਬ ਵਲ ਧਿਆਨ ਹੋਏਗਾ
ਯੂ.ਪੀ., ਉਤਰਾਖੰਡ, ਮਿਜ਼ੋਰਮ ਤੇ ਗੋਆ ਵਿਚ ਵੀ 2022 'ਚ ਵੋਟਾਂ ਹੋਣੀਆਂ ਹਨ
ਚੰਡੀਗੜ੍ਹ, 15 ਅਪ੍ਰੈਲ (ਜੀ.ਸੀ. ਭਾਰਦਵਾਜ): ਪਛਮੀ ਬੰਗਾਲ, ਕੇਰਲ, ਤਾਮਿਲਨਾਡੂ, ਅਸਾਮ ਤੇ ਪਾਂਡੀਚੇਰੀ ਵਿਚ ਚੱਲ ਰਹੀਆਂ ਚੋਣਾਂ ਤੇ 2 ਮਈ ਨੂੰ ਵੋਟਾਂ ਦੀ ਗਿਣਤੀ ਉਪਰੰਤ ਪੰਜਾਬ ਕੇਡਰ ਦੇ 38 ਸੀਨੀਅਰ ਆਈ.ਏ.ਐਸ. ਅਧਿਕਾਰੀ ਅਤੇ 12 ਪੁਲਿਸ ਅਫ਼ਸਰ ਇਥੇ ਵਾਪਸ ਆਉਣ ਮਗਰੋਂ ਇਸ ਸਰਹੱਦੀ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਕਰਾਉਣ ਲਈ ਸਰਗਰਮੀਆਂ ਸ਼ੁਰੂ ਹੋ ਜਾਣਗੀਆਂ | ਇਨ੍ਹਾਂ ਰਾਜਾਂ ਵਿਚ ਬਤੌਰ ਉਬਜ਼ਰਵਰ ਗਏ ਇਹ ਕੁਲ 50 ਸੀਨੀਅਰ ਅਧਿਕਾਰੀ 4 ਮਈ ਤਕ ਪਰਤਣ ਅਤੇ ਹਾੜ੍ਹੀ ਦੀ ਫ਼ਸਲ ਕਣਕ ਦੀ ਵੱਡੀ ਖ਼ਰੀਦ 20 ਮਈ ਤਕ ਪੂਰੀ ਹੋਣ ਉਪਰੰਤ ਪੰਜਾਬ ਦੇ ਸਾਰੇ 22 ਜ਼ਿਲਿ੍ਹਆਂ ਦੇ 2,11,00,000 ਤੋਂ ਵੱਧ ਵੋਟਰਾਂ ਨੂੰ ਉਨ੍ਹਾਂ ਦੇ ਹੱਕ ਬਾਰ ਚੋਣ ਕਮਿਸ਼ਨ ਵਲੋਂ ਜਾਗਰੂਕ ਕਰਨ ਦੀ ਮੁਹਿੰਮ ਚੱਲ ਪਵੇਗੀ |
ਅੱਜ ਇਥੇ ਰੋਜ਼ਾਨਾ ਸਪੋਕਸਮੈਨ ਨਾਲ ਕੀਤੀ ਵਿਸ਼ੇਸ਼ ਮੁਲਾਕਾਤ ਦੌਰਾਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰਨਾ ਰਾਜੂ ਨੇ ਦਸਿਆ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮਾਰਚ ਮਹੀਨੇ ਹੋਏ ਬਜਟ ਸੈਸ਼ਨ ਦੌਰਾਨ ਬਜਟ ਪ੍ਰਵਾਨ ਕਰਾ ਲਿਆ ਸੀ ਜੋ ਪਿਛਲੀਆਂ 2017 ਚੋਣਾਂ ਦੇ 270 ਕਰੋੜ ਦੇ ਖ਼ਰਚੇ ਨਾਲੋਂ 130 ਕਰੋੜ ਜ਼ਿਆਦਾ ਹੈ | ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਉਂਜ ਤਾਂ ਸਾਰੇ 22 ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰ ਤੇ ਹੋਰ ਸੀਨੀਅਰ ਅਧਿਕਾਰੀ ਬਤੌਰ ਰਿਟਰਨਿੰਗ ਅਫ਼ਸਰ ਤੇ ਚੋਣ ਅਫ਼ਸਰ ਲਗਾਤਾਰ ਡਿਊਟੀ ਨਿਭਾਈ ਜਾ ਰਹੇ ਹਨ
ਪਰ ਆਉਂਦੇ 7-8 ਮਹੀਨੇ, ਕੋਰੋਨਾ ਮਹਾਂਮਾਰੀ ਕਾਰਨ ਹੋਰ ਜ਼ਿਆਦਾ ਸੰਕਟਮਈ ਹੋ ਜਾਣਗੇ ਕਿਉਂਕਿ ਪੁਖਤਾ ਪ੍ਰਬੰਧਾਂ ਦੇ ਨਾਲ-ਨਾਲ ਵੋਟਰਾਂ ਦੀ ਸਿਹਤ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ |
ਡਾ. ਕਰਨਾ ਰਾਜੂ ਦਾ ਕਹਿਣਾ ਹੈ ਕਿ ਜਨਵਰੀ 2021 ਵਿਚ 18 ਸਾਲ ਦੀ ਉਮਰ ਵਾਲੇ ਨਵੇੇਂ ਲੜਕੇ-ਲੜਕੀਆਂ ਯਾਨੀ ਨੌਜੁਆਨ ਵੋਟਰਾਂ ਵਿਚ 8 ਲੱਖ ਦਾ ਵਾਧਾ ਹੋਣ ਕਰ ਕੇ ਕੁਲ 3 ਕਰੋੜ 20 ਲੱਖ ਦੀ ਆਬਾਦੀ ਵਿਚੋਂ ਕੁਲ ਵੋਟਰ 2 ਕਰੋੜ 11 ਲੱਖ ਤੋਂ ਟੱਪ ਗਏ ਹਨ, ਜਿਨ੍ਹਾਂ ਵਾਸਤੇ 23211 ਪੋਲਿੰਗ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ | ਇਨ੍ਹਾਂ ਨੂੰ ਇਲੈਕਟ੍ਰੌਨਿਕ ਸਿਸਟਮ ਨਾਲ ਜੋੜਨ ਲਈ ਈ.ਵੀ.ਐਮ. ਤੇ ਵੀ.ਵੀ.ਪੈਟ ਸਮੇਤ ਕੁਲ 50,000 ਮਸ਼ੀਨਾਂ ਦਾ ਬੰਦੋਬਸਤ ਕੀਤਾ ਜਾਣਾ ਹੈ ਅਤੇ ਉਮੀਦਵਾਰਾਂ ਦੀ ਗਿਣਤੀ ਵਧਮ ਦੀ ਸੂਰਤ ਵਿਚ ਇਨ੍ਹਾਂ ਮਸ਼ੀਨਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ |
ਈ.ਵੀ.ਐਮ. ਮਸ਼ੀਨਾਂ ਹੋਰ ਚੋਣ ਯੰਤਰ ਤੇ ਸਾਜ਼ੋ ਸਮਾਨ ਸਾਂਭਣ ਲਈ ਚੋਣ ਕਮਿਸ਼ਨ ਦੇ ਅਪਣੇ ਸਟੋਰ, ਬਿਲਡਿੰਗਾ, ਵੱਡੇ ਗਿਣਤੀੀ ਹਾਲਾਂ ਦਾ ਪ੍ਰਬੰਧ ਕਰਨ ਦੇ ਪੁੱਛੇ ਸੁਆਲਾਂ ਦੇ ਜੁਆਬ ਦਿੰਦਿਆਂ, ਡਾ. ਐਸ. ਕਰਨਾ ਰਾਜੂ ਨੇ ਦਸਿਆ ਕਿ ਪੰਜਾਬ ਵਿਚ 6 ਥਾਵਾਂ ਉਤੇ ਅਪਣੇ ਸਟੋਰ, ਵੱਡੀਆਂ ਇਮਾਰਤਾਂ ਉਸਾਰੀਆਂ ਜਾ ਚੁੱਕੀਆਂ ਹਨ, 10 ਕੁ ਜਗ੍ਹਾ ਉਤੇ ਉਸਾਰੀ ਚੱਲ ਰਹੀ ਹੈ ਅਤੇ ਬਾਕੀ ਥਾਵਾਂ ਉਤੇ 62 ਕਰੋੜ ਦੀ ਪ੍ਰਵਾਨ ਹੋਈ ਰਕਮ ਨਾਲ ਅਜੇ ਉਸਾਰੀ ਸ਼ੁਰੂ ਹੋਣੀ ਹੈ |
ਮੁੱਖ ਚੋਣ ਅਧਿਕਾਰੀ ਦਾ ਕਹਿਣਾ ਸੀ ਕਿ ਜਿਵੇਂ ਪੰਜਾਬ ਕੇੇਡਰ ਦੇ 38 ਆਈ.ਏ. ਐਸ ਅਫ਼ਸਰ ਅਤੇ 12 ਆਈ.ਪੀ.ਐਸ. ਅਧਿਕਰੀ ਅਸਾਮ, ਪਛਮੀ ਬੰਗਾਲ, ਕੇਰਲ, ਤਾਮਿਲਨਾਡੂ ਤੇ ਪਾਂਡੀਚੇਰੀ ਵਿਧਾਨ ਸਭਾ ਚੋਣਾਂ ਲਈ ਬਤੌਰ ਉਬਜ਼ਰਵਰ 2 ਮਹੀਨੇ ਲਈ ਗਏ ਸਨ, ਇਵੇਂ ਹੀ ਆਉਂਦੇ ਦਸੰਬਰ, ਜਨਵਰੀ-ਫ਼ਰਵਰੀ ਮਹੀਨਿਆਂ ਵਿਚ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਬਾਹਰਲੇ ਸੂਬਿਆਂ ਤੋਂ ਇਥੇ ਆਉਣਗੇ |
ਪੰਜਾਬ ਦੇ ਨਾਲ ਉਤਰ ਪ੍ਰਦੇਸ਼, ਉੱਤਰਾਖੰਡ, ਮਿਜ਼ੋਰਮ ਤੇ ਗੋਆ ਦੀਆਂ ਚੋਣਾਂ ਵੀ ਹੋਣੀਆਂ ਹਨ | ਮਈ ਦੇ ਪਹਿਲੇ ਹਫ਼ਤੇ ਚੋਣ ਨਤੀਜਿਆਂ ਉਪਰੰਤ ਪੰਜਾਬ ਪਰਤਣ ਵਾਲੇ ਸੀਨੀਅਰ ਅਧਿਕਾਰੀਆਂ ਵਿਚ 1989 ਬੈਚ ਦੇ ਕ੍ਰਿਪਾ ਸ਼ੰਕਰ ਸਰੋਜ 1999 ਬੈਚ ਦੇ ਅਜੌਏ ਸ਼ਰਮਾ ਤੇ ਨੀਲ ਕੰਠ ਅਵੱਧ ਸਾਲ 2000 ਬੈਚ ਦੇ ਰਾਹੁਲ ਤਿਵਾੜੀ, 2002 ਬੈਚ ਦੇ ਆਈ.ਏ.ਐਸ. ਅਧਿਕਾਰੀ ਵਿਜੈ ਨਾਮਦਿਓਜ਼ਾਦੇ ਸਮੇਤ 8 ਮਹਿਲਾ ਅਧਿਕਾਰੀ ਵੀ ਸ਼ਾਮਲ ਹਨ | ਇਨ੍ਹਾਂ 8 ਬੀਬੀਆਂ ਵਿਚ 6 ਆਈ.ਏ.ਐਸ. ਤੇ 2 ਆਈ.ਪੀ.ਐਸ. ਹਨ |
ਫ਼ੋਟੋ ਭਾਰਦਵਾਜ ਨਿਊਜ਼