
50 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਜਿਨ੍ਹਾਂ ਵੱਲੋਂ ਅੱਗ ’ਤੇ ਕਾਫ਼ੀ ਮੁਸ਼ੱਕਤ ਬਾਅਦ ਕਾਬੂ ਪਾਇਆ ਗਿਆ।
ਜਲੰਧਰ - ਥਾਣਾ ਮਕਸੂਦਾਂ ਅਧੀਨ ਆਉਂਦੇ ਵਰਿਆਣਾ ਕੰਪਲੈਕਸ ਨੇੜੇ ਸਥਿਤ ਜੇ. ਕੇ. ਪਲਾਸਟਿਕ ਇੰਡਸਟਰੀ ’ਚ ਅੱਧੀ ਰਾਤ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਤੋਂ ਇਲਾਵਾ ਫੈਕਟਰੀ ਦੀ ਕੰਧ ਵੀ ਡਿੱਗ ਗਈ ਅਤੇ ਛੱਤ ਨੂੰ ਵੀ ਨੁਕਸਾਨ ਪਹੁੰਚਿਆ। ਇਹ ਘਟਨਾ ਰਾਤ ਕਰੀਬ ਸਾਢੇ ਤਿੰਨ ਵਜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਮੌਕੇ ’ਤੇ 50 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਜਿਨ੍ਹਾਂ ਵੱਲੋਂ ਅੱਗ ’ਤੇ ਕਾਫ਼ੀ ਮੁਸ਼ੱਕਤ ਬਾਅਦ ਕਾਬੂ ਪਾਇਆ ਗਿਆ।
ਥਾਣਾ ਮਕਸੂਦਾਂ ਦੀ ਸੂਚਨਾ ਪਾ ਕੇ ਮੌਕੇ ’ਤੇ ਐੱਸ. ਐੱਚ. ਓ. ਕੰਵਲਜੀਤ ਸਿੰਘ ਬੱਲ ਪੁਲਿਸ ਪਾਰਟੀ ਦੇ ਨਾਲ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਨਾ ਦਿੱਤੀ ਗਈ। ਜਾਣਕਾਰੀ ਅਨੁਸਾਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਜੇ.ਕੇ. ਪਲਾਸਟਿਕ ਇੰਡਸਟਰੀ ਨਾਂ ਦੀ ਇਸ ਫੈਕਟਰੀ ’ਚ ਚੱਪਲਾਂ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ।
ਅੰਦਰ ਰਬੜ ਹੋਣ ਦੇ ਕਾਰਨ ਅੱਗ ਬੇਹੱਦ ਤੇਜ਼ੀ ਨਾਲ ਫੈਲੀ। ਫੈਕਟਰੀ ਦੇ ਮਾਲਕ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫੈਕਟਰੀ ’ਚ ਅੱਗ ਲੱਗਣ ਦੀ ਸੂਚਨਾ ਦੇਰ ਰਾਤ ਮਿਲੀ, ਜਿਸ ਤੋਂ ਬਾਅਦ ਤੁਰੰਤ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਫੈਕਟਰੀ ’ਚ ਪਿਆ ਸਾਰਾ ਸਾਮਾਨ ਅਤੇ ਮਸ਼ੀਨਰੀ ਸੜ ਕੇ ਸੁਆਹ ਹੋ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।