
ਸਖ਼ਤ ਐਕਸ਼ਨ ਲੈਂਦਿਆਂ ਏਐੱਸਆਈ ਨੂੰ ਕੀਤਾ ਮੁਅੱਤਲ
ਮੁਹਾਲੀ - ਪੰਜਾਬ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਜੀਤ ਰੰਧਾਵਾ ਨੇ ਅਚਾਨਕ ਮੁਹਾਲੀ ਦੇ ਮੁਬਾਰਕਪੁਰ ਥਾਣੇ 'ਚ ਰੇਡ ਮਾਰੀ ਤਾਂ ਮੌਕੇ 'ਤੇ ਇਕ ਏੈੱਸਆਈ ਸ਼ਰਾਬ ਪੀਂਦਿਆਂ ਫੜਿਆ ਕਾਬੂ ਕੀਤਾ ਗਿਆ। ਪੁਲਿਸ ਚੌਕੀ ਦਾ ਇੰਚਾਰਜ ਆਪਣੇ ਦੋਸਤ ਅਤੇ ਦੋ ਮੁਲਾਜ਼ਮਾਂ ਨਾਲ ਸ਼ਰਾਬ ਪੀ ਰਿਹਾ ਸੀ। ਇਸ ਤੋਂ ਬਾਅਦ ਉਹਨਾਂ ਨੇ ਤੁਰੰਤ ਚੌਕੀ ਇੰਚਾਰਜ ਤੋਂ ਡਾਕਟਰੀ ਜਾਂਚ ਕਰਵਾਈ ਤਾਂ ਜੋ ਕੋਈ ਗੜਬੜ ਨਾ ਹੋਵੇ, ਸਰਕਾਰ ਦੇ ਨਾਲ-ਨਾਲ ਸੈਂਪਲ ਵੀ ਜਾਂਚ ਲਈ ਪ੍ਰਾਈਵੇਟ ਲੈਬ ਵਿਚ ਭੇਜ ਦਿੱਤੇ ਗਏ। ਮਾਮਲਾ ਸੀਨੀਅਰ ਅਧਿਕਾਰੀਆਂ ਤੱਕ ਪਹੁੰਚਣ ਤੋਂ ਬਾਅਦ ਏਐੱਸਆਈ ਨੂੰ ਮੁਅੱਤਲ ਕਰ ਦਿੱਤਾ ਗਿਆ। ਹਾਲਾਂਕਿ ਇਸ ਮਾਮਲੇ ਸਬੰਧੀ ਚੌਕੀ ਇੰਚਾਰਜ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।
ਡੇਰਾਬਸੀ ਤੋਂ ‘ਆਪ’ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਉਹ ਇਕ ਧਾਰਮਿਕ ਸਮਾਗਮ ਵਿਚ ਗਏ ਹੋਏ ਸਨ। ਰਾਤ ਕਰੀਬ 9 ਵਜੇ ਜਦੋਂ ਉਹ ਉਥੋਂ ਵਾਪਸ ਪਰਤ ਰਹੇ ਸਨ ਤਾਂ ਰਸਤੇ ਵਿੱਚ ਮੁਬਾਰਕਪੁਰ ਪੁਲਿਸ ਚੌਕੀ ਨਜ਼ਰ ਆਈ। ਉਹ ਆਪਣੇ ਇਲਾਕੇ ਵਿਚ ਪੁਲਿਸ ਦੀ ਮੁਸਤੈਦੀ ਨੂੰ ਦੇਖਣ ਲਈ ਪੁਲਿਸ ਚੌਕੀ ਦੇ ਅੰਦਰ ਚਲੇ ਗਏ।
ਉਥੇ ਚੌਕੀ ਇੰਚਾਰਜ ਗੁਲਸ਼ਨ ਕੁਮਾਰ ਸ਼ਰਮਾ ਆਪਣੇ ਇਕ ਦੋਸਤ ਅਤੇ 2 ਮੁਲਾਜ਼ਮਾਂ ਨਾਲ ਸ਼ਰਾਬ ਪੀ ਰਿਹਾ ਸੀ। ਸ਼ਰਾਬ ਪੀਣ ਬਾਰੇ ਪੁੱਛਣ 'ਤੇ ਉਹ ਉਲਟਾ ਉਹਨਾਂ ਨੂੰ ਹੀ ਪੁੱਛਣ ਲੱਗਾ, ਤੂੰ ਕੌਣ ਹੈਂ? ਫਿਰ ਮੌਕਾ ਮਿਲਦੇ ਹੀ 2 ਪੁਲਸ ਮੁਲਾਜ਼ਮ ਉਥੋਂ ਫਰਾਰ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ। ਫਿਰ ਉਹ ਚੌਕੀ ਇੰਚਾਰਜ ਨਾਲ ਹਸਪਤਾਲ ਗਿਆ। ਜਿੱਥੇ ਉਸ ਦੀ ਮੈਡੀਕਲ ਜਾਂਚ ਕੀਤੀ ਗਈ।
ਰੰਧਾਵਾ ਨੇ ਉਥੋਂ ਇੱਕ ਨਮੂਨਾ ਸਰਕਾਰੀ ਅਤੇ ਇੱਕ ਪ੍ਰਾਈਵੇਟ ਹਸਪਤਾਲ ਨੂੰ ਭੇਜਿਆ ਹੈ। ਉਨ੍ਹਾਂ ਕਿਹਾ ਕਿ ਚੌਕੀ ਇੰਚਾਰਜ ਨੂੰ ਪਹਿਲਾਂ ਵੀ ਦੋ ਵਾਰ ਚਿਤਾਵਨੀ ਦਿੱਤੀ ਗਈ ਸੀ ਕਿ ਉਹ ਸ਼ਰਾਬ ਪੀ ਕੇ ਆਪਣੀ ਡਿਊਟੀ ਨਾ ਕਰਨ। ਹਾਲਾਂਕਿ ਮਾਮਲਾ ਐਸਐਸਪੀ ਕੋਲ ਪੁੱਜਣ ਤੋਂ ਬਾਅਦ ਚੌਕੀ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਗਿਆ।