
ਸਰਕਾਰ ਵਪਾਰਕ ਅਤੇ ਉਦਯੋਗਿਕ ਬਿਜਲੀ ਦੇ ਰੇਟ ਨਹੀਂ ਵਧਾਏਗੀ। ਇਸ ਦੇ ਨਾਲ ਹੀ ਕਿਸਾਨਾਂ ਨੂੰ ਮੁਫਤ ਬਿਜਲੀ ਵੀ ਮਿਲਦੀ ਰਹੇਗੀ।
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਹਰ ਘਰ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ। ਇਸ ਦੀ ਸ਼ੁਰੂਆਤ 1 ਜੁਲਾਈ ਤੋਂ ਹੋਵੇਗੀ। ਸਰਕਾਰ ਵਪਾਰਕ ਅਤੇ ਉਦਯੋਗਿਕ ਬਿਜਲੀ ਦੇ ਰੇਟ ਨਹੀਂ ਵਧਾਏਗੀ। ਇਸ ਦੇ ਨਾਲ ਹੀ ਕਿਸਾਨਾਂ ਨੂੰ ਮੁਫਤ ਬਿਜਲੀ ਵੀ ਮਿਲਦੀ ਰਹੇਗੀ। ਸੀਐਮ ਮਾਨ ਨੇ ਇਹ ਐਲਾਨ ਪੀਐਸਟੀਸੀਐਲ ਵਿਚ ਭਰਤੀ 718 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦੇਣ ਉਪਰੰਤ ਕੀਤਾ। ਉਹਨਾਂ ਕਿਹਾ ਕਿ ਸਰਕਾਰਾਂ ਕੋਲ ਪੈਸੇ ਦੀ ਕਮੀ ਨਹੀਂ ਨੀਅਤ ਦੀ ਕਮੀ ਹੁੰਦੀ ਹੈ।
ਪਹਿਲਾਂ SC, BC, BPL ਵਰਗ ਨੂੰ 200 ਯੂਨਿਟ ਮੁਫਤ ਬਿਜਲੀ ਮਿਲਦੀ ਸੀ ਪਰ ਹੁਣ ਉਹਨਾਂ ਨੂੰ ਵੀ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾਵੇਗੀ। ਜੇਕਰ ਕੋਈ 300 ਤੋਂ ਵੱਧ ਬਿਜਲੀ ਦੀ ਵਰਤੋਂ ਕਰਦਾ ਹੈ, ਤਾਂ ਉਸ ਨੂੰ 300 ਤੋਂ ਉੱਪਰ ਵਰਤੀ ਗਈ ਬਿਜਲੀ ਦਾ ਹੀ ਭੁਗਤਾਨ ਕਰਨਾ ਪਵੇਗਾ। ਸੀਐਮ ਮਾਨ ਨੇ ਅੱਗੇ ਕਿਹਾ ਕਿ ਕਿਸਾਨਾਂ ਨੂੰ ਖੇਤੀਬਾੜੀ ਲਈ ਦਿੱਤੀ ਜਾਣ ਵਾਲੀ ਬਿਜਲੀ ਵੀ ਮੁਫ਼ਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਆਮ ਘਰਾਂ ਨੂੰ ਵੀ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਮਿਲੇਗੀ ਪਰ ਜੇਕਰ ਉਹ ਦੋ ਮਹੀਨੇ ਦੇ ਬਿੱਲ ਸਰਕਲ 'ਚ 600 ਯੂਨਿਟ ਤੋ ਵੱਧ ਖਪਤ ਕਰਨਗੇ ਤਾਂ 600 ਯੂਨਿਟ ਮੁਆਫ਼ ਨਹੀਂ ਹੋਣਗੇ, ਮਤਲਬ ਜੇ 602 ਯੂਨਿਟ ਦੀ ਵੀ ਖਪਤ ਹੋਏਗੀ ਤਾਂ ਉਹਨਾਂ ਨੂੰ ਪੂਰੇ 602 ਯੂਨਿਟ ਦਾ ਹੀ ਬਿਲ ਭਰਨਾ ਪਏਗਾ।
ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ 2 ਕਿਲੋਵਾਟ ਦਾ ਲੋਡ ਰੱਖਣ ਵਾਲੇ ਪਰਿਵਾਰਾਂ ਦੇ 31 ਦਸੰਬਰ 2021 ਤੱਕ ਦੇ ਸਾਰੇ ਪੁਰਾਣੇ ਬਿੱਲ ਮੁਆਫ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਵਪਾਰਕ ਅਤੇ ਉਦਯੋਗਿਕ ਦਰਾਂ ਵਿਚ ਵੀ ਵਾਧਾ ਨਹੀਂ ਕੀਤਾ ਜਾਵੇਗਾ। ਉਹਨਾਂ ਅੱਗੇ ਕਿਹਾ ਕਿ 'ਆਪ' ਸਰਕਾਰ ਦਾ ਇਕ ਹੀ ਸੁਪਨਾ ਹੈ ਕਿ ਪੰਜਾਬ ਦੇ ਹਰ ਸ਼ਹਿਰ, ਹਰ ਪਿੰਡ ਨੂੰ 24 ਘੰਟੇ ਬਿਜਲੀ ਦਿੱਤੀ ਜਾਵੇਗੀ ਅਤੇ ਇਹ ਮੁਫਤ ਦਿੱਤੀ ਜਾਵੇਗੀ। ਇਸ ਫੈਸਲੇ ਨਾਲ ਪੈਸੇ ਦੀ ਬਚਤ ਹੋਵੇਗੀ।
ਇਸ ਦੇ ਨਾਲ ਹੀ ਸਰਕਾਰ ਦੇ ਇਸ ਫੈਸਲੇ ਦਾ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਜੋ ਵਾਅਦਾ ਕੀਤਾ ਸੀ ਉਹ ਕੀਤਾ। ਰਾਘਵ ਚੱਢਾ ਨੇ ਟਵੀਟ ਕਰਦਿਆਂ ਲਿਖਿਆ, “ਜੋ ਕਿਹਾ ਉਹ ਕੀਤਾ। ਦਿੱਲੀ ਤੋਂ ਬਾਅਦ ਹੁਣ ਪੰਜਾਬੀਆਂ ਨੂੰ ਵੀ ਮਿਲੇਗੀ ਮੁਫ਼ਤ ਬਿਜਲੀ। ਹਰ ਬੰਦੇ ਦਾ ਰੱਖੇਗਾ ਧਿਆਨ, ਸੁਪਰਮੈਨ ਭਗਵੰਤ ਮਾਨ”।