
ਫਰੈਕਚਰ ਕਾਰਨ ਮਰੀਜ਼ ਉਠ ਨਹੀਂ ਸਕਦਾ ਸੀ
Ludhiana News : ਲੁਧਿਆਣਾ ਦਾ ਸਿਵਲ ਹਸਪਤਾਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ। ਲੁਧਿਆਣਾ ਜ਼ਿਲ੍ਹੇ ਵਿੱਚ ਸਰਕਾਰੀ ਸਿਹਤ ਸਹੂਲਤਾਂ ਦੀ ਪੋਲ ਖੋਲ੍ਹ ਦੇਣ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਲੁਧਿਆਣਾ ਦੇ ਸਿਵਲ ਹਸਪਤਾਲ 'ਚ ਇੱਕੋ ਬੈੱਡ 'ਤੇ ਇੱਕ ਜ਼ਿੰਦਾ ਮਰੀਜ਼ ਅਤੇ ਇੱਕ ਲਾਸ਼ ਪਈ ਸੀ। ਮਰੀਜ਼ ਸਾਰੀ ਰਾਤ ਲਾਸ਼ ਦੇ ਨਾਲ ਪਿਆ ਰਿਹਾ।
ਇੱਥੋਂ ਤੱਕ ਕਿ ਹਸਪਤਾਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ। ਸਵੇਰੇ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਸਿਹਤ ਵਿਭਾਗ ਦੇ ਅਧਿਕਾਰੀਆਂ 'ਚ ਹੜਕੰਪ ਮਚ ਗਿਆ। ਹਸਪਤਾਲ ਦੇ ਸਟਾਫ ਨੂੰ ਬੁਲਾਇਆ ਗਿਆ ਅਤੇ ਲਾਸ਼ ਨੂੰ ਉਥੋਂ ਕੱਢ ਕੇ ਮੁਰਦਾਘਰ ਭੇਜ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਰਾਤ ਸਮੇਂ ਇੱਕ ਅਣਪਛਾਤੇ ਬਜ਼ੁਰਗ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਆਂਦਾ ਗਿਆ ਸੀ। ਇੱਥੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇੱਥੇ ਸੁਨੀਲ ਨਾਂ ਦਾ ਮਰੀਜ਼ ਵੀ ਦਾਖਲ ਸੀ। ਸਿਹਤ ਕਰਮਚਾਰੀਆਂ ਨੇ ਉਸ ਨੂੰ ਸੁਨੀਲ ਦੇ ਨਾਲ ਹੀ ਲਿਟਾ ਦਿੱਤਾ। ਕੁਝ ਘੰਟਿਆਂ ਬਾਅਦ ਬਜ਼ੁਰਗ ਦੀ ਮੌਤ ਹੋ ਗਈ। ਉਸ ਦੀ ਲਾਸ਼ ਅਤੇ ਸੁਨੀਲ ਸਾਰੀ ਰਾਤ ਇੱਕੋ ਬੈੱਡ 'ਤੇ ਪਏ ਰਹੇ। ਮਰੀਜ਼ ਸੁਨੀਲ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਫਰੈਕਚਰ ਕਾਰਨ ਮਰੀਜ਼ ਉਠ ਨਹੀਂ ਸਕਦਾ ਸੀ
ਸੁਨੀਲ ਨੇ ਦੱਸਿਆ ਕਿ ਸੁਰੱਖਿਆ ਗਾਰਡ ਨੂੰ ਦੋ ਵਾਰ ਕਹਿਣ ਦੇ ਬਾਵਜੂਦ ਕੋਈ ਨਹੀਂ ਆਇਆ। ਉਸ ਨੇ ਦੱਸਿਆ ਕਿ ਉਸ ਦੇ ਪੈਰ 'ਤੇ ਫਰੈਕਚਰ ਹੋ ਗਿਆ ਸੀ, ਜਿਸ ਕਾਰਨ ਉਹ ਚੱਲ ਨਹੀਂ ਸਕਦਾ ਸੀ ਅਤੇ ਲਾਸ਼ ਕੋਲ ਬੈੱਡ 'ਤੇ ਲੇਟਣ ਲਈ ਮਜਬੂਰ ਸੀ।
ਇਸ ਮਾਮਲੇ 'ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਸਬੰਧੀ ਸਬੰਧਤ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਗਈ ਹੈ। ਜਿਸ ਤੋਂ ਵੀ ਲਾਪਰਵਾਹੀ ਹੋਈ ਹੈ ,ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।