
ਸੂਬੇ ਦੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਆਗੂਆਂ ਵਿਰੁਧ ਨਸ਼ਾ ਤਸਕਰੀ ਦੇ ਮਾਮਲੇ 'ਚ ਕਾਰਵਾਈ ਨਾ ਹੋਣ 'ਤੇ ਕਾਂਗਰਸ ਪਾਰਟੀ 'ਚ ...
ਬਠਿੰਡਾ, ਸੂਬੇ ਦੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਆਗੂਆਂ ਵਿਰੁਧ ਨਸ਼ਾ ਤਸਕਰੀ ਦੇ ਮਾਮਲੇ 'ਚ ਕਾਰਵਾਈ ਨਾ ਹੋਣ 'ਤੇ ਕਾਂਗਰਸ ਪਾਰਟੀ 'ਚ ਆਉਣ ਵਾਲੇ 6 ਮਹੀਨਿਆਂ ਦੌਰਾਨ ਵੱਡੀ ਬਗ਼ਾਵਤ ਹੋਣ ਦਾ ਦਾਅਵਾ ਕੀਤਾ ਹੈ। ਅੱਜ ਸਥਾਨਕ ਸਰਕਟ ਹਾਊਸ 'ਚ ਰੱਖੀ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਸ: ਖਹਿਰਾ ਨੇ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਅਕਾਲੀਆਂ ਦੇ ਹੱਥਾਂ 'ਚ ਖੇਡਣ ਕਾਰਨ ਵੱਡੀ ਪੱਧਰ 'ਤੇ ਕਾਂਗਰਸੀ ਵਿਧਾਇਕ ਨਿਰਾਸ਼ ਹਨ। ਜਿਸ ਦੇ ਚਲਦੇ ਜਲਦੀ ਹੀ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਖੜੀ ਹੋ ਸਕਦੀ ਹੈ। ਖਹਿਰਾ ਨੇ ਨਵਜੋਤ ਸਿੰਘ ਸਿੱਧੂ ਦੇ ਬਰੀ ਹੋਣ ਦੇ ਮਾਮਲੇ 'ਤੇ ਬੋਲਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਈ ਕਸਰ ਨਹੀਂ ਛੱਡੀ ਗਈ ਸੀ ਉਨ੍ਹਾਂ ਨੂੰ ਜੇਲ ਪਹੁੰਚਾਉਣ ਲਈ ਪਰ ਉਹ ਤਾਂ ਕਿਸਮਤ ਚੰਗੀ ਹੋਣ ਕਰ ਕੇ ਸਿੱਧੂ ਕੋਰਟ 'ਚੋਂ ਬਰੀ ਹੋ ਗਏ। ਐਸਟੀਐਫ਼ ਰਿਪੋਰਟ ਬਾਰੇ ਬੋਲਦਿਆਂ ਕਿਹਾ ਕਿ ਇਸ ਰਿਪੋਰਟ 'ਚ ਸਾਫ਼ ਹੋ ਗਿਆ ਹੈ ਕਿ ਪਰ ਪਤਾ ਨਹੀਂ ਕਿਉਂ ਕੈਪਟਨ ਅਮਰਿੰਦਰ ਇਸ 'ਤੇ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੇ। ਉਨ੍ਹਾਂ ਏਡੀਜੀਪੀ ਚੱਟੋਅਪਧਾਏ ਵਲੋਂ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਤੇ ਖ਼ੁਫ਼ੀਆ ਵਿੰਗ ਦੇ ਦਿਨਕਰ ਗੁਪਤਾ ਵਿਰੁਧ ਲਗਾਏ ਦੋਸ਼ਾਂ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ।
Sukhpal Khaira
ਸ਼ਾਹਕੋਟ ਚੋਣਾਂ ਸਬੰਧੀ ਬੋਲਦਿਆਂ ਕਿਹਾ ਕਿ ਉਹ ਕਾਂਗਰਸ ਸਰਕਾਰ ਨੂੰ ਟੱਕਰ ਦੇ ਰਹੇ ਹਨ ਪਰ ਉਨ੍ਹਾਂ ਕੋਲ ਲੋਕਾਂ ਨੂੰ ਦੇਣ ਲਈ ਸ਼ਰਾਬ ਅਤੇ ਡੋਡੇ ਨਹੀਂ ਹਨ। ਆਪ ਆਗੂ ਨੇ ਨਸ਼ਾ ਤਸਕਰੀ ਦੇ ਮਾਮਲੇ 'ਚ ਕੈਪਟਨ ਉਪਰ ਅਕਾਲੀ ਆਗੂਆਂ ਨੂੰ ਬਚਾਉਣ ਦਾ ਦੋਸ਼ ਲਗਾਉਂਦਿਆਂ ਖਹਿਰਾ ਨੇ ਕਿਹਾ ਕਿ ਗੁੰਡਾਗਰਦੀ ਤੇ ਧੱਕੇਸ਼ਾਹੀ ਦੇ ਮਾਮਲੇ 'ਚ ਕਾਂਗਰਸ ਸਰਕਾਰ ਅਕਾਲੀਆਂ ਤੋਂ ਵੀ ਅੱਗੇ ਟੱਪ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬੀਤੇ ਦਿਨ ਫ਼ਿਰੋਜ਼ਪੁਰ ਜ਼ਿਲ੍ਹੇ 'ਚ ਕਾਂਗਰਸੀ ਵਿਧਾਇਕਾਂ ਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਜ਼ਮੀਨਾਂ ਨੱਪਣ ਦੇ ਮਾਮਲੇ 'ਚ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਵਿਰੋਧ ਕਰਨ ਲਈ ਪੁੱਜੇ ਉਨ੍ਹਾਂ ਦੀ ਗੱਡੀ ਨੂੰ ਹੀ ਕਾਂਗਰਸੀ ਆਗੂਆਂ ਤੇ ਸਮਰਥਕਾਂ ਨੇ ਹਮਲਾ ਕਰ ਦਿਤਾ ਜਦਕਿ ਪੁਲਿਸ ਮੂਕ ਦਰਸ਼ਕ ਬਣੀ ਰਹੀ। ਸ. ਖਹਿਰਾ ਨੇ ਐਲਾਨ ਕੀਤਾ ਕਿ ਇਸ ਮਾਮਲੇ 'ਚ ਜਲਦੀ ਹੀ ਆਪ ਵਿਧਾਇਕਾਂ ਦੀ ਮੀਟਿੰਗ ਸੱਦਣਗੇ, ਉਨ੍ਹਾਂ ਕਿਹਾ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਡੀ.ਸੀ ਤੇ ਐਸ.ਐਸ.ਪੀ ਦੇ ਦਫ਼ਤਰ ਦਾ ਘਿਰਾਉ ਕੀਤਾ ਜਾਵੇਗਾ। ਬਠਿੰਡਾ ਥਰਮਲ ਨੂੰ ਬੰਦ ਕਰਨ ਦਾ ਵਿਰੋਧ ਕਰਦੇ ਹੋਏ ਸ: ਖਹਿਰਾ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਚੋਣ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ ਕਿ ਬਠਿੰਡਾ ਥਰਮਲ ਪਲਾਂਟ ਨੂੰ ਚਾਲੂ ਕੀਤਾ ਜਾਵੇਗਾ, ਪਰ ਸੱਤਾ 'ਚ ਆਉਂਦਿਆਂ ਹੀ ਥਰਮਲ ਪਲਾਂਟ ਬੰਦ ਕਰ ਦਿਤਾ ਗਿਆ। ਇਸ ਮੌਕੇ ਮੌੜ ਹਲਕੇ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ, ਬਠਿੰਡਾ ਤੋਂ ਆਗੂ ਦੀਪਕ ਬਾਂਸਲ, ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਆਦਿ ਆਗੂ ਹਾਜ਼ਰ ਸਨ।