
ਬਗ਼ਾਵਤ 'ਤੇ ਉਤਾਰੂ ਸੱਤ ਕਾਂਗਰਸੀ ਵਿਧਾਇਕਾਂ ਨੂੰ ਪੰਜਾਬ 'ਚ ਡੱਕਣ ਦੀ ਚਰਚਾ
ਚੰਡੀਗੜ੍ਹ, ਕਰਨਾਟਕ ਵਿਧਾਨ ਸਭਾ ਚੋਣਾਂ ਦੇ ਅੱਜ ਆਏ ਨਤੀਜਿਆਂ ਮਗਰੋਂ ਅਗਲੀ ਸਰਕਾਰ ਬਣਾਉਣ ਲਈ ਗਠਜੋੜ ਸਿਆਸਤ ਸਰਗਰਮ ਹੋ ਚੁਕੀ ਹੈ। ਜਿਸ ਦੌਰਾਨ ਦੂਜੇ ਨੰਬਰ 'ਤੇ ਸੱਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਸੂਬੇ ਦੀ ਪਿਛਲੀ ਸੱਤਾਧਾਰੀ ਕਾਂਗਰਸ ਨੇ ਵੀ ਤੀਜੀ ਧਿਰ ਵਜੋਂ ਉਭਰੀ ਜੇਡੀਐਸ ਨੂੰ 'ਚੋਗਾ' ਪਾਉਣ 'ਚ ਰਤਾ ਦੇਰੀ ਨਹੀਂ ਕੀਤੀ।ਉਧਰ ਕਾਂਗਰਸ ਦੇ ਅੱਜ ਸਵੇਰ ਤਕ ਵੀ ਕਰਨਾਟਕ 'ਚ ਅਪਣੀ ਸਿਆਸੀ ਵਿਰੋਧੀ ਨੰਬਰ 2 ਰਹੀ ਜੇਡੀਐਸ ਨੂੰ ਹਮਾਇਤ ਦੇਣ ਦਾ ਐਲਾਨ ਕਰਨ ਕਾਰਨ ਕੁੱਝ ਕਾਂਗਰਸੀ ਵਿਧਾਇਕ ਹੀ ਬਗ਼ਾਵਤ 'ਤੇ ਉਤਾਰੂ ਹੋ ਗਏ ਦੱਸੇ ਜਾ ਰਹੇ ਹਨ। ਕਾਂਗਰਸ ਦੇ ਕਰੀਬ ਸੱਤ ਅਜਿਹੇ ਵਿਧਾਇਕ ਉਲਟਾ ਸੱਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਭਾਰਤੀ ਜਨਤਾ ਪਾਰਟੀ ਦੇ ਸੰਪਰਕ 'ਚ ਦੱਸੇ ਜਾ ਰਹੇ ਹਨ। ਸੂਤਰਾਂ ਮੁਤਾਬਕ ਮੌਕਾ ਸਾਂਭਣ ਲਈ ਕਾਂਗਰਸ ਇਨ੍ਹਾਂ ਵਿਧਾਇਕਾਂ ਨੂੰ ਕਰਨਾਟਕ ਤੋਂ ਬਾਹਰ ਭੇਜ ਸਕਦੀ ਹੈ। ਖ਼ਬਰ ਇਹ ਵੀ ਹੈ ਕਿ ਬਗ਼ਾਵਤ ਉਤੇ ਉਤਾਰੂ ਕਰਨਾਟਕ ਦੇ ਇਹ ਕਾਂਗਰਸੀ ਵਿਧਾਇਕ ਕਾਂਗਰਸ ਸ਼ਾਸਿਤ ਪੰਜਾਬ ਤਬਦੀਲ ਕੀਤੇ ਜਾ ਸਕਦੇ ਹਨ।
bjp and congress
ਮਿਲੀ ਜਾਣਕਾਰੀ ਮੁਤਾਬਕ ਕਰਨਾਟਕ ਕਾਂਗਰਸ ਦੇ ਕੁੱਝ ਲਿੰਗਾਇਤ ਵਿਧਾਇਕਾਂ ਨੇ ਜੇਡੀਐਸ ਨੇਤਾ ਐਚ ਡੀ ਕੁਮਾਰਸਵਾਮੀ ਦੇ ਨਾਮ ਉੱਤੇ ਬਾਗ਼ੀ ਸੁਰ ਵਿਖੇ ਹਨ। ਸੂਤਰਾਂ ਨੇ ਦਾਅਵਾ ਕੀਤਾ ਗਿਆ ਕੁੱਝ ਲਿੰਗਾਇਤ ਵਿਧਾਇਕਾਂ ਨੇ ਜੇਡੀਐਸ ਨੇਤਾ ਐਚ ਡੀ ਕੁਮਾਰਸਵਾਮੀ ਨੂੰ ਮੁੱਖ ਮੰਤਰੀ ਬਣਾਏ ਜਾਣ ਉੱਤੇ ਇਤਰਾਜ਼ ਪ੍ਰਗਟ ਕਰਦੇ ਹੋਏ ਪਾਰਟੀ ਛੱਡਣ ਤਕ ਦੀ ਧਮਕੀ ਦੇ ਦਿਤੀ ਹੈ।ਦੱਸਣਯੋਗ ਹੈ ਕਿ ਕਰਨਾਟਕ 'ਚ ਸਰਕਾਰ ਬਣਾਉਣ ਦੇ ਕਾਂਗਰਸੀ ਨੁਕਤੇ ਮੁਤਾਬਕ ਮੁੱਖ ਮੰਤਰੀ ਜੇਡੀਐਸ ਦਾ ਹੋਵੇਗਾ ਤੇ ਉਪ ਮੁੱਖ ਮੰਤਰੀ ਕਾਂਗਰਸ ਦਾ ਹੋਵੇਗਾ। ਸੂਤਰਾਂ ਮੁਤਾਬਕ ਮੰਤਰੀ ਮੰਡਲ ਦੀ ਵੰਡ 'ਤੇ ਵੀ ਸੱਭ ਕੁੱਝ ਤੈਅ ਕੀਤਾ ਜਾ ਚੁੱਕਾ ਹੈ। ਮੰਤਰੀ ਮੰਡਲ ਵਿਚ ਕਾਂਗਰਸ ਦੇ 20 ਤੇ ਜੇਡੀਐਸ ਨੂੰ 14 ਮੰਤਰੀ ਬਣਾਏ ਜਾਣ ਉਤੇ ਸਹਿਮਤੀ ਬਣਾਈ ਗਈ ਹੈ। ਜਿਸ ਤਹਿਤ ਜੇਡੀਐਸ ਨੇ ਕਾਂਗਰਸ ਦਾ ਸੱਦਾ ਸਵੀਕਾਰ ਕਰ ਲਿਆ ਦਸਿਆ ਜਾ ਰਿਹਾ ਹੈ। ਜੇਡੀਐਸ ਦੇ ਬੁਲਾਰੇ ਤਨਵੀਰ ਅਹਿਮਦ ਨੇ ਕਿਹਾ ਹੈ ਕਿ ਜਨਤਾ ਚਾਹੁੰਦੀ ਸੀ ਕਿ ਜੇਡੀਐਸ ਸਰਕਾਰ ਵਿਚ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪ੍ਰਸਤਾਵ ਨੂੰ ਉਨ੍ਹਾਂ ਦੇ ਸੀਨੀਅਰ ਆਗੂਆਂ ਨੇ ਸਵੀਕਾਰ ਕਰ ਲਿਆ ਹੈ। ਜੇਡੀਐਸ ਨੇ ਦਾਅਵਾ ਕੀਤਾ ਹੈ ਕਿ 18 ਮਈ ਨੂੰ ਉਹ ਸਹੁੰ ਚੁਕਣਗੇ।